Bus falls into canal: ਮੱਧ ਪ੍ਰਦੇਸ਼ ਦੇ ਸਿੱਧੀ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਸਿੱਧੀ ਦੇ ਰਾਮਪੁਰ ਨੋਕੀਨ ਥਾਣਾ ਖੇਤਰ ਵਿੱਚ 54 ਯਾਤਰੀਆਂ ਨਾਲ ਭਰੀ ਬੱਸ ਇੱਕ ਨਹਿਰ ਵਿੱਚ ਡਿੱਗ ਗਈ। ਹੁਣ ਤੱਕ 32 ਲਾਸ਼ਾਂ ਨੂੰ ਬਾਹਰ ਕੱਢਆ ਗਿਆ ਹੈ। ਇਸ ਦਰਦਨਾਕ ਹਾਦਸੇ ਤੋਂ ਬਾਅਦ ਸੱਤ ਲੋਕਾਂ ਨੂੰ ਬਚਾਇਆ ਗਿਆ। ਜਦੋਂਕਿ ਡਰਾਈਵਰ ਤੈਰ ਕੇ ਫਰਾਰ ਹੋ ਗਿਆ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਿੱਧੀ ਦੇ ਕੁਲੈਕਟਰ ਨਾਲ ਬੱਸ ਹਾਦਸੇ ਬਾਰੇ ਗੱਲਬਾਤ ਕੀਤੀ। ਦੁਖਦਾਈ ਹਾਦਸੇ ਨੂੰ ਵੇਖਦਿਆਂ ਸ਼ਿਵਰਾਜ ਸਿੰਘ ਨੇ ਗ੍ਰਹਿ ਪ੍ਰਵੇਸ਼ ਪ੍ਰੋਗਰਾਮ ਮੁਲਤਵੀ ਕਰ ਦਿੱਤਾ।ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਸ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ ਅਤੇ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ 5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ।ਜਾਣਕਾਰੀ ਅਨੁਸਾਰ ਇਹ ਹਾਦਸਾ ਵਾਪਰਨ ਵੇਲੇ ਬੱਸ ਸਿੱਧੀ ਤੋਂ ਸਤਨਾ ਜਾ ਰਹੀ ਸੀ। ਸਾਈਡ ਨੂੰ ਲੈਂਦੇ ਸਮੇਂ ਬੱਸ ਸਿੱਧੀ ਨਹਿਰ ਵਿੱਚ ਜਾ ਡਿੱਗੀ।
ਘਟਨਾ ਦੀ ਖ਼ਬਰ ਮਿਲਦੇ ਹੀ ਪਿੰਡ ਦੇ ਲੋਕਾਂ ਅਤੇ ਆਸ ਪਾਸ ਦੇ ਲੋਕਾਂ ਨੇ ਬੱਸ ਵਿੱਚ ਫਸੇ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ। ਘਟਨਾ ਦੀ ਜਾਣਕਾਰੀ ਮਿਲਣ ‘ਤੇ ਵੱਡੀ ਗਿਣਤੀ ਵਿਚ ਪਿੰਡ ਵਾਸੀ ਇਕੱਠੇ ਹੋਏ। ਐਸ.ਡੀ.ਆਰ.ਐਫ. ਅਤੇ ਗੋਤਾਖੋਰਾਂ ਨੇ ਮੌਕੇ ‘ਤੇ ਪਹੁੰਚ ਕੇ ਬਚਾਅ ਕਾਰਜ ਸ਼ੁਰੂ ਕੀਤੇ। ਘਟਨਾ ਦੀ ਜਾਣਕਾਰੀ ਮਿਲਦੇ ਹੀ ਬੱਸ ਵਿੱਚ ਸਵਾਰ ਲੋਕਾਂ ਦੇ ਰਿਸ਼ਤੇਦਾਰ ਵੀ ਮੌਕੇ ‘ਤੇ ਪਹੁੰਚ ਰਹੇ ਹਨ।ਪੁਲਿਸ ਅਨੁਸਾਰ ਬੱਸ ਵਿੱਚ 32 ਯਾਤਰੀਆਂ ਦੇ ਬੈਠਣ ਦੀ ਸਮਰੱਥਾ ਸੀ, ਪਰ ਇਸ ਵਿੱਚ 54 ਯਾਤਰੀ ਭਰੇ ਗਏ ਸਨ। ਬੱਸ ਸਿੱਧੇ ਰਸਤੇ ਸ਼ੁਹਿਆ ਘਾਟੀ ਰਾਹੀਂ ਸਤਨਾ ਜਾ ਰਹੀ ਸੀ ਪਰ ਇਥੇ ਜਾਮ ਲੱਗਣ ਕਾਰਨ ਡਰਾਈਵਰ ਨੇ ਰਸਤਾ ਬਦਲ ਦਿੱਤਾ। ਉਹ ਨਹਿਰ ਦੇ ਕਿਨਾਰੇ ਤੋਂ ਬੱਸ ਲੈ ਕੇ ਜਾ ਰਿਹਾ ਸੀ। ਇਹ ਸੜਕ ਕਾਫ਼ੀ ਤੰਗ ਸੀ ਅਤੇ ਡਰਾਈਵਰ ਨੇ ਇਸ ਦੌਰਾਨ ਸੰਤੁਲਨ ਗੁਆ ਦਿੱਤਾ ਅਤੇ ਇਹ ਹਾਦਸਾ ਵਾਪਰ ਗਿਆ।