Audio clip of Raja Warring : ਨਵੀਂ ਦਿੱਲੀ : ਕਾਂਗਰਸ ਦੇ ਗਿੱਦੜਬਾਹਾ ਤੋਂ ਵਿਧਾਇਕ ਤੇ ਯੂਥ ਕਾਂਗਰਸ ਦੇ ਸਾਬਕਾ ਕੌਮੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਇੱਕ ਆਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਉਹ ਵਿਵਾਦਾਂ ਦੇ ਘੇਰੇ ਵਿੱਚ ਆ ਗਏ ਹਨ। ਕਲਿੱਪ ਵਿੱਚ ਉਹ ਇੱਕ ਦੁਕਾਨਦਾਰ ਨੂੰ ਆਪਣਾ ਉਧਾਰ ਚੁਕਾਉਣ ਲਈ ਕਹਿਣ ’ਤੇ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਸੁਣਾਈ ਦੇ ਰਹੇ ਹਨ। ਉਥੇ ਹੀ ਵੜਿੰਗ ਦਾ ਕਹਿਣਾ ਹੈ ਕਿ ਉਸ ਨੇ ਤਾਂ ਮਹੀਨਾ ਪਹਿਲਾਂ ਹੀ ਉਸ ਦਾ ਉਧਾਰ ਚੁਕਾ ਦਿੱਤਾ ਸੀ ਅਤੇ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਿਆਸੀ ਦਲਾਂ ਦੀ ਸਾਜ਼ਿਸ਼ ਹੈ।
ਦੱਸਣਯੋਗ ਹੈ ਕਿ ਰਾਜਾ ਵੜਿੰਗ ਪਿਛਲੇ ਲੰਬੇ ਸਮੇਂ ਤੋਂ ਮੁਕਤਸਰ ਦੇ ਇੱਕ ਟੇਲਰ ਕੋਲੋਂ ਕੱਪੜੇ ਸਿਵਾਉਂਦੇ ਸਨ। ਇਸ ਇੰਪੋਰੀਅਮ ਦੇ ਮਾਲਕ ਨਾਲ ਉਨ੍ਹਾਂ ਦੀ ਆਡੀਓ ਕਲਿੱਪ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ ਜਿਸ ਵਿੱਚ ਰਾਜਾ ਵੜਿੰਗ ਤੋਂ ਕਥਿਤ ਤੌਰ ’ਤੇ ਤਿੰਨ ਸਾਲ ਪੁਰਾਣੇ ਉਧਾਰ ਦੇ 27 ਹਜ਼ਾਰ ਰੁਪਏ ਮੰਗੇ ਜਾਣ ’ਤੇ ਰਾਜਾ ਵੜਿੰਗ ਨੂੰ ਇੰਨਾ ਗੁੱਸਾ ਆ ਗਿਆ ਕਿ ਉਨ੍ਹਾਂ ਨੇ ਇੰਪੋਰੀਅਮ ਮਾਲਕ ਨੂੰ ਕਿਹਾ ਕਿ ਉਹ ਆਪਣੀ ਔਕਾਤ ਵਿੱਚ ਰਹੇ ਅਤੇ ਇਥੋਂ ਤੱਕ ਕਹਿ ਦਿੱਤਾ ਕਿ ਆਪਣਾ ਦਿਮਾਗ ਟਿਕਾਣੇ ਰੱਖੇ, ਨਹੀਂ ਤਾਂ ਮਾਰ-ਮਾਰ ਜੁੱਤੀਆਂ ਸਿਰ ਗੰਜਾ ਕਰ ਦਿਆਂਗੇ।
ਇਸ ਆਡੀਓ ਕਲਿੱਪ ਬਾਰੇ ਇੰਪੋਰੀਅਮ ਮਾਲਕ ਮਨਪ੍ਰੀਤ ਨੇ ਇਕ ਚੈਨਲ ਨੂੰ ਸਪਸ਼ਟੀਕਰਨ ਦਿੱਤਾ ਕਿ ਰਾਜਾ ਵੜਿੰਗ ਨੇ ਜਦੋਂ ਹੋਰ ਕੱਪੜੇ ਸੀਊਣ ਲਈ ਉਕਤ ਦੁਕਾਨ ਨੂੰ ਦਿੱਤੇ ਤਾਂ ਉਨ੍ਹਾਂ ਵੱਲੋਂ ਭੇਜੇ ਗਏ ਬੰਦੇ ਨੂੰ ਪਹਿਲਾ ਤਿੰਨ ਸਾਲ ਪੁਰਾਣਾ ਹਿਸਾਬ ਖਤਮ ਕਰਨ ਲਈ ਕਿਹਾ ਗਿਆ। ਇਸ ’ਤੇ ਰਾਜਾ ਵੜਿੰਗ ਨੇ ਦੁਕਾਨ ਮਾਲਕ ਨੂੰ ਫੋਨ ਕਰਕੇ ਮੰਦੀ ਸ਼ਬਦਾਵਲੀ ਬੋਲੀ। ਗੱਲਬਾਤ ਦੇ ਅੰਤ ਵਿੱਚ ਰਾਜਾ ਵੜਿੰਗ ਆਪਣੇ ਬੰਦਿਆਂ ਨੂੰ ਕਹਿੰਦੇ ਹਨ ਕਿ ‘ਚੱਲ ਉਏ ਗੱਡੀਆਂ ਲਾਓ ਇਹਦੀ ਦੁਕਾਨ ਅੱਗੇ। ਹਾਲਾਂਕਿ ਦੁਕਾਨ ਮਾਲਕ ਨੇ ਦੱਸਿਆ ਕਿ ਇਸ ਤੋਂ ਬਾਅਦ ਰਾਜਾ ਵੜਿੰਗ ਨੇ ਪਿਛਲੇ 27 ਹਜ਼ਾਰ ਰੁਪਏ ਉਨ੍ਹਾਂ ਨੂੰ ਭੇਜ ਦਿੱਤੇ।