PM Modi to give up stubborn : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਸਾਨਾਂ ਦੇ ਹੱਕ ਵਿੱਚ ਇੱਕ ਵਾਰ ਫਿਰ ਬੋਲਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੇਤੀ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਅਤੇ ਭਾਰਤ ਵਰਗੇ ਵੰਨ-ਸੁਵੰਨਤਾ ਵਾਲੇ ਦੇਸ਼ ਵਿੱਚ ਸਾਨੂੰ ਇੱਕ ਅਜਿਹੇ ਪ੍ਰਧਾਨ ਮੰਤਰੀ ਦੀ ਲੋੜ ਹੈ ਜੋ ਕਿਸੇ ਨੂੰ ਮਜਬੂਰ ਕਰਨ ਦੀ ਬਜਾਏ ਹਾਲਤਾਂ ਨਾਲ ਨਜਿੱਠੇ। ਉਨ੍ਹਾਂ ਕਿਹਾ ਕਿ ਕਿਸਾਨ ਚੰਗੀ ਤਰ੍ਹਾਂ ਜਾਣਦੇ ਹਨ ਕਿ ਉਨ੍ਹਾਂ ਲਈ ਕੀ ਚੰਗਾ ਹੈ। ਪ੍ਰਧਾਨ ਮੰਤਰੀ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਫੈਸਲੇ ‘ਤੇ ਭਰੋਸਾ ਕਰਨ ਅਤੇ ਇੱਕ ਅੜੀਅਲ ਰਵੱਈਆ ਅਪਣਾਉਣ ਦੀ ਬਜਾਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਜੋ ਕਿ ਭਾਰਤੀ ਖੇਤੀਬਾੜੀ ਅਤੇ ਇਸ ਦੇ ਲੋਕਾਂ ਲਈ ਚੰਗਾ ਨਹੀਂ ਹੈ।
ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਬਹੁਤ ਪੱਕੇ ਵਿਚਾਰ ਹਨ, ਅਤੇ ਉਹ ਆਪਣੇ ਫੈਸਲਿਆਂ ਪ੍ਰਤੀ ਬਹੁਤ ਸਖ਼ਤ ਹਨ। ਉਹ ਆਪਣੇ ਕਿਸੇ ਵੀ ਫੈਸਲਿਆਂ ‘ਤੇ ਪਿੱਛੇ ਹਟਣ ਲਈ ਤਿਆਰ ਨਹੀਂ, ਜਿਹੜਾ ਲੋਕਤੰਤਰ ਵਿਚ ਸਹੀ ਨਹੀਂ ਹੈ। ਲੋਕਤੰਤਰ ਵਿਚ ਹਮੇਸ਼ਾਂ ਦੇਣਾ ਅਤੇ ਲੈਣਾ ਹੁੰਦਾ ਹੈ। ਇਹ (ਕਠੋਰਤਾ) ਤਾਨਾਸ਼ਾਹਾਂ ਵਿੱਚ ਹੁੰਦੀ ਹੈ।
ਅਕਾਲੀ ਦਲ ਦੇ ਪੱਧਾਨ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਸੀ ਕਿ ਇਹ ਵਿਸ਼ਾਲ ਅੰਦੋਲਨ ਹੈ ਅਤੇ ਲੋਕ ਵਾਪਸ ਨਹੀਂ ਜਾਣਗੇ ਕਿਉਂਕਿ ਤੁਸੀਂ ਉਨ੍ਹਾਂ ਦੀ ਰੋਜ਼ੀ-ਰੋਟੀ ਨੂੰ ਪ੍ਰਭਾਵਤ ਕਰ ਰਹੇ ਹੋ। ਕਿਸਾਨਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਆਪਣੀ ਜ਼ਮੀਨ ਅਤੇ ਰੋਜ਼ੀ-ਰੋਟੀ ਗੁਆ ਦੇਣਗੇ। ਜਦੋਂ ਲੋਕਾਂ ਨਾਲ ਧੱਕਾ ਕੀਤਾ ਜਾਂਦਾ ਹੈ ਤਾਂ ਉਨ੍ਹਾਂ ਕੋਲ ਸੰਘਰਸ਼ ਕਰਨ ਤੋਂ ਇਲਾਵਾ ਕੋਈ ਬਦਲ ਨਹੀਂ ਹੁੰਦਾ। ਇਹੀ ਕਾਰਨ ਹੈ ਕਿ ਇਹ ਅੰਦੋਲਨ ਇੰਨਾ ਚਿਰ ਚੱਲਿਆ ਹੈ। ਇਹ ਇਕ ਰਾਜ ਤੋਂ ਦੂਜੇ ਰਾਜ ਵਿਚ ਫੈਲਿਆ ਹੈ, ਅਤੇ ਇਹ ਫੈਲਣਾ ਜਾਰੀ ਹੈ। ਹਰ ਇੱਕ ਕਿਸਾਨ ਚਾਹੁੰਦਾ ਹੈ ਕਿ ਕਾਨੂੰਨ ਵਾਪਿਸ ਲੈਣੇ ਚਾਹੀਦੇ ਹਨ।