CSK vs DC IPL 2021: ਗੁਰੂ ਤੇ ਚੇਲੇ ਦੇ ਮੁਕਾਬਲੇ ਵਿੱਚ ਬਾਜ਼ੀ ਚੇਲੇ ਨੇ ਮਾਰੀ। ਰਿਸ਼ਭ ਪੰਤ ਦੀ ਦਿੱਲੀ ਕੈਪਿਟਲਸ ਨੇ ਸ਼ਨੀਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ ਦੇ ਪਹਿਲੇ ਮੈਚ ਵਿੱਚ ਮਹਿੰਦਰ ਸਿੰਘ ਧੋਨੀ ਦੀ ਚੇੱਨਈ ਸੁਪਰ ਕਿੰਗਜ਼ ਨੂੰ ਸੱਤ ਵਿਕਟਾਂ ਨਾਲ ਹਰਾ ਕੇ ਜਿੱਤ ਦਾ ਆਗਾਜ਼ ਕੀਤਾ । ਸ਼੍ਰੇਅਸ ਅਈਅਰ ਦੇ ਸੱਟ ਲੱਗਣ ਕਾਰਨ ਕਪਤਾਨੀ ਕਰ ਰਹੇ ਪੰਤ ਨੂੰ ਭਾਰਤੀ ਕ੍ਰਿਕਟ ਵਿੱਚ ਧੋਨੀ ਦੇ ਵਾਰਿਸ ਵਜੋਂ ਵੇਖਿਆ ਜਾਂਦਾ ਹੈ । ਪੰਤ ਨੇ ਸ਼ਾਰਦੂਲ ਠਾਕੁਰ ਨੂੰ ਚੌਕਾ ਲਗਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਚੇੱਨਈ ਸੁਪਰ ਕਿੰਗਜ਼ ਨੇ ਸੁਰੇਸ਼ ਰੈਨਾ ਦੀ 36 ਗੇਂਦਾਂ ਵਿੱਚ 54 ਦੌੜਾਂ ਅਤੇ ਆਖਰੀ ਓਵਰ ਵਿੱਚ ਸੈਮ ਕਰੂਨ ਦੀ ਹਮਲਾਵਰ ਬੱਲੇਬਾਜ਼ੀ ਦੀ ਮਦਦ ਨਾਲ ਸੱਤ ਵਿਕਟਾਂ ‘ਤੇ 188 ਦੌੜਾਂ ਬਣਾਈਆਂ । ਇਸਦੇ ਜਵਾਬ ਵਿੱਚ ਦਿੱਲੀ ਨੇ ਤਿੰਨ ਵਿਕਟਾਂ ਗੁਆ ਕੇ ਅੱਠ ਗੇਂਦਾਂ ਬਾਕੀ ਰਹਿੰਦਿਆਂ ਹੀ ਇਹ ਟੀਚਾ ਹਾਸਿਲ ਕਰ ਲਿਆ ।
ਦਰਅਸਲ, ਪਿਛਲੇ ਸੈਸ਼ਨ ਵਿੱਚ 618 ਦੌੜਾਂ ਬਣਾ ਕੇ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ਾਂ ਦੀ ਸੂਚੀ ਵਿੱਚ ਦੂਜੇ ਨੰਬਰ ’ਤੇ ਰਹੇ ਸ਼ਿਖਰ ਧਵਨ ਅਤੇ ਵਿਜੇ ਹਜ਼ਾਰੇ ਟਰਾਫੀ ਵਿੱਚ 827 ਦੌੜਾਂ ਬਣਾ ਕੇ ਫਾਰਮ ਵਿੱਚ ਪਰਤਣ ਵਾਲੇ ਪ੍ਰਿਥਵੀ ਸ਼ਾਅ ਨੇ ਦਿੱਲੀ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ । ਦੋਵਾਂ ਨੇ ਪਹਿਲੇ ਵਿਕਟ ਲਈ 138 ਦੌੜਾਂ ਜੋੜੀਆਂ ਅਤੇ ਧੋਨੀ ਦਾ ਕੋਈ ਵੀ ਗੇਂਦਬਾਜ਼ ਉਨ੍ਹਾਂ ਦੇ ਸਾਹਮਣੇ ਸਫਲ ਨਹੀਂ ਹੋ ਸਕਿਆ । ਸ਼ਾਅ 38 ਗੇਂਦਾਂ ਵਿੱਚ 9 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 72 ਦੌੜਾਂ ਬਣਾ ਕੇ 14ਵੇਂ ਓਵਰ ਵਿੱਚ ਆਊਟ ਹੋਏ । ਉਨ੍ਹਾਂ ਨੂੰ ਡਵੇਨ ਬ੍ਰਾਵੋ ਨੇ ਮੋਇਨ ਅਲੀ ਦੇ ਹੱਥੋਂ ਕੈਚ ਦਿੱਤਾ । ਉੱਥੇ ਹੀ ਧਵਨ ਸੈਂਕੜੇ ਵੱਲ ਵੱਧ ਰਹੇ ਸਨ, ਪਰ ਸ਼ਾਰਦੂਲ ਠਾਕੁਰ ਨੇ ਉਸ ਨੂੰ ਆਊਟ ਕਰ ਦਿੱਤਾ। ਧਵਨ ਨੇ 54 ਗੇਂਦਾਂ ਵਿੱਚ 85 ਦੌੜਾਂ ਬਣਾਈਆਂ ਜਿਸ ਵਿੱਚ 10 ਚੌਕੇ ਅਤੇ 2 ਛੱਕੇ ਸ਼ਾਮਿਲ ਸਨ।
ਇਸ ਤੋਂ ਪਹਿਲਾਂ ਚੇੱਨਈ ਲਈ ਸੈਮ ਕਰੁਨ ਨੇ ਆਖਰੀ ਓਵਰਾਂ ਵਿੱਚ ਸਿਰਫ 15 ਗੇਂਦਾਂ ਵਿੱਚ 34 ਦੌੜਾਂ ਬਣਾਈਆਂ ਜਿਸ ਵਿੱਚ 4 ਚੌਕੇ ਅਤੇ 2 ਛੱਕੇ ਸ਼ਾਮਿਲ ਸਨ। ਆਖਰੀ ਪੰਜ ਓਵਰਾਂ ਵਿੱਚ ਚੇੱਨਈ ਨੇ 52 ਦੌੜਾਂ ਬਣਾਈਆਂ । ਦਿੱਲੀ ਕੈਪਿਟਲਸ ਦੇ ਕਪਤਾਨ ਪੰਤ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਿਛਲੇ ਸੈਸ਼ਨ ਦੀ ਉਪ ਜੇਤੂ ਦਿੱਲੀ ਨੂੰ ਪਹਿਲੀ ਸਫਲਤਾ ਲਈ ਲੰਬਾ ਇੰਤਜ਼ਾਰ ਨਹੀਂ ਕਰਨਾ ਪਿਆ ਅਤੇ ਦੂਜੇ ਓਵਰ ਵਿੱਚ ਅਵੇਸ਼ ਖਾਨ ਨੇ ਫਾਫ ਡੂ ਪਲੇਸੀ ਨੂੰ ਆਊਟ ਕੀਤਾ। ਆਵੇਸ਼ ਨੇ ਚਾਰ ਓਵਰਾਂ ਵਿੱਚ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ।
ਇਹ ਵੀ ਦੇਖੋ: ਠੇਕੇ ਬੰਦ ਸਕੂਲ ਖੁੱਲ੍ਹੇ, ਜਵਾਕਾਂ ਨੇ ਠੇਕੇ ਮੂਹਰੇ ਹੀ ਲਾ ਲਈ ਕਲਾਸ, ਕਹਿੰਦੇ ਇੱਥੇ ਨਹੀਂ ਆਉਂਦਾ ਕੋਰੋਨਾ