ਪਿਛਲੇ ਕੁਝ ਦਿਨਾਂ ਤੋਂ ਪੰਜਾਬ ਕਾਂਗਰਸ ਵਿੱਚ ਹੰਗਾਮਾ ਚੱਲ ਰਿਹਾ ਹੈ। ਪਾਰਟੀ ਹਾਈ ਕਮਾਂਡ ਵੱਲੋਂ ਇਸ ਮਾਮਲੇ ਵਿੱਚ ਕੋਈ ਕਾਰਵਾਈ ਕੀਤੇ ਜਾਣ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹਮਾਇਤੀ ਕੈਂਪ ਨੇ ਡੈਮੇਜ ਕੰਟਰੋਲ ਦੀਆਂ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ। ਨਾਰਾਜ਼ ਵਿਧਾਇਕ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਵਿਜੀਲੈਂਸ ਜਾਂਚ ਅਤੇ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਮੀ-ਟੂ ਕੇਸ ਵਿੱਚ ਕਾਰਵਾਈ ਮੁਲਤਵੀ ਕਰ ਦਿੱਤੀ ਗਈ ਹੈ।
ਸੂਬਾ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੇ ਨਾਰਾਜ਼ ਵਿਧਾਇਕਾਂ ਅਤੇ ਮੰਤਰੀਆਂ ਨੂੰ ਭੜਕਾਉਣ ਲਈ ਕੋਈ ਕਦਮ ਨਾ ਚੁੱਕਣ ਅਤੇ ਪਾਰਟੀ ਹਾਈ ਕਮਾਂਡ ਵੱਲੋਂ ਲਏ ਗਏ ਫੈਸਲੇ ਦੀ ਉਡੀਕ ਕਰਨ ਦਾ ਵੀ ਫੈਸਲਾ ਲਿਆ ਹੈ। ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਹੈ ਕਿ ਕਿਸੇ ਵੀ ਪਾਰਟੀ ਨੇਤਾ ਖਿਲਾਫ ਕੋਈ ਕਾਰਵਾਈ ਜਾਂ ਜਾਂਚ ਨਹੀਂ ਕੀਤੀ ਜਾ ਰਹੀ ਹੈ।
ਇਹ ਫੈਸਲਾ ਕੈਪਟਨ ਖੇਮੇ ਵੱਲੋਂ ਨਾਰਾਜ਼ ਵਿਧਾਇਕਾਂ ਦੀ ਵੱਧਦੀ ਗਿਣਤੀ ਦੇ ਮੱਦੇਨਜ਼ਰ ਲਿਆ ਗਿਆ ਹੈ। ਪੰਜਾਬ ਕਾਂਗਰਸ ਦੇ ਵਿਧਾਇਕਾਂ, ਮੰਤਰੀਆਂ ਅਤੇ ਸੰਸਦ ਮੈਂਬਰਾਂ ਨੇ ਬੇਦਬੀ ਅਤੇ ਕੋਟਕਪੂਰਾ ਗੋਲੀਬਾਰੀ ਦੇ ਕੇਸਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਵੀ ਲਾਮਬੰਦ ਹੋ ਗਏ ਸਨ। ਹੁਣ ਕੈਪਟਨ ਸਰਕਾਰ ਵੱਲੋਂ ਨਾਰਾਜ਼ ਵਿਧਾਇਕਾਂ ਖ਼ਿਲਾਫ਼ ਪੁਰਾਣੇ ਕੇਸਾਂ ਦੀ ਜਾਂਚ ਸ਼ੁਰੂ ਕਰਨ ਅਤੇ ਕੈਪਟਨ ਦੇ ਸਲਾਹਕਾਰ ਵੱਲੋਂ ਵਿਧਾਇਕ ਪ੍ਰਗਟ ਸਿੰਘ ਨੂੰ ਧਮਕੀਆਂ ਦੇਣ ਤੋਂ ਬਾਅਦ ਹੁਣ ਉਹ ਹੋਰ ਜ਼ੋਰ ਫੜਦੇ ਜਾ ਰਹੇ ਹਨ। ਕਈ ਹੋਰ ਵਿਧਾਇਕਾਂ ਨੇ ਵੀ ਉਨ੍ਹਾਂ ਦੇ ਸਮਰਥਨ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਕੰਮਕਾਜ ‘ਤੇ ਉਂਗਲੀਆਂ ਉਠਾਈਆਂ ਹਨ।
ਪਤਾ ਲੱਗਾ ਹੈ ਕਿ ਪੰਜਾਬ ਕਾਂਗਰਸ ਨੇ ਹਾਈ ਕਮਾਨ ਵੱਲੋਂ ਕਦਮ ਚੁੱਕਣ ਤੋਂ ਪਹਿਲਾਂ ਨਾਰਾਜ਼ ਵਿਧਾਇਕਾਂ ਨੂੰ ਅਲੱਗ-ਥਲੱਗ ਕਰਕੇ ਉਨ੍ਹਾਂ ਦ ਮੰਗ ਨੂੰ ਕਾਨੂੰਨ ਵਿਵਸਥਾ ਅਤੇ ਅਦਾਲਤੀ ਅੜਚਨਾਂ ਨਾਲ ਜੋੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ, ਤਾਂ ਜੋ ਕੈਪਟਨ ਦੀ ਕਾਰਜਪ੍ਰਣਾਲੀ ’ਤੇ ਲਗਾਏ ਜਾ ਰਹੇ ਸਵਾਲੀਆ ਨਿਸ਼ਾਨਾਂ ਨੂੰ ਹਾਈਕਮਾਨ ਦੇ ਸਾਹਮਣੇ ਨਾਰਾਜ਼ ਵਿਧਾਇਕਾਂ ਦੀ ਰੰਜਿਸ਼ਨ ਕਾਰਵਾਈ ਕਰਾਰ ਦਿੱਤਾ ਜਾ ਸਕੇ।
ਪਤਾ ਲੱਗਾ ਹੈ ਕਿ ਵਿਜੀਲੈਂਸ ਬਿਊਰੋ ਨੇ ਨਵਜੋਤ ਸਿੰਘ ਸਿੱਧੂ ਅਤੇ ਉਸ ਦੀ ਪਤਨੀ ਖ਼ਿਲਾਫ਼ ਠੇਕੇਦਾਰਾਂ ਨੂੰ ਲਾਭ ਲਈ ਅਤੇ ਲੋਕਲ ਬਾਡੀ ਵਿਭਾਗ ਵਿੱਚ ਤਰੱਕੀਆਂ ਅਤੇ ਨਿਯੁਕਤੀਆਂ ਨਾਲ ਸਬੰਧਤ ਬੇਨਿਯਮੀਆਂ ਲਈ ਜਿੰਨੀ ਤੇਜ਼ੀ ਨਾਲ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਸਨ, ਉਸ ਕਾਰਵਾਈ ਨੂੰ ਹੋਰ ਅੱਗੇ ਵਧਾਉਣ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਹੁਣ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਦੇ ਨਾਂ ਨਾਲ ਜਾਣਿਆ ਜਾਵੇਗਾ ਮੋਹਾਲੀ ਦਾ ਹਾਕੀ ਸਟੇਡੀਅਮ
ਚਰਨਜੀਤ ਚੰਨੀ ਬਾਰੇ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਵੱਲੋਂ ਚੁੱਕੇ ਗਏ ਸਖਤ ਰੁਖ ਨੂੰ ਵੀ ਨਰਮ ਕੀਤਾ ਹੈ। ਕਮਿਸ਼ਨ ਦੀ ਚੇਅਰਪਰਸਨ ਨੇ ਸਰਕਾਰ ਦੇ ਜਵਾਬ ਦਾ ਇੰਤਜ਼ਾਰ ਕਰਨ ਦਾ ਫੈਸਲਾ ਕੀਤਾ ਹੈ, ਜਦੋਂਕਿ ਸੂਤਰ ਦੱਸਦੇ ਹਨ ਕਿ ਸੂਬਾ ਸਰਕਾਰ ਉਕਤ ਜਵਾਬ ਦੇ ਨਾਲ ਹੀ ਇਸ ਮਾਮਲੇ ਨੂੰ ਖਤਮ ਕਰਨ ਜਾ ਰਹੀ ਹੈ, ਜਿਵੇਂ ਕਿ ਘਟਨਾ ਦੇ ਸਮੇਂ ਮੁੱਖ ਮੰਤਰੀ ਨੇ ਜਵਾਬ ਦਿੱਤਾ ਸੀ। ਇਸ ਕੇਸ ਵਿੱਚ ਚੰਨੀ ਪੀੜਤ ਮਹਿਲਾ ਅਧਿਕਾਰੀ ਤੋਂ ਮਾਫੀ ਮੰਗ ਚੁੱਕੇ ਹਨ। ਹੁਣ ਅਹਿਮ ਮੁੱਦਾ ਪਰਗਟ ਸਿੰਘ ਨੂੰ ਧਮੀਕਾ ਦਾ ਹੈ, ਜਿਸ ਬਾਰੇ ਕੈਪਟਨ ਖੁਦ ਪਰਗਟ ਸਿੰਘ ਨਾਲ ਜਲਦੀ ਗੱਲਬਾਤ ਕਰ ਸਕਦੇ ਹਨ।