ਮੋਗਾ ਵਿੱਚ ਕਿਰਾਏ ਦੇ ਮਕਾਨ ਨੂੰ ਖਾਲੀ ਕਰਾਉਣ ਨੂੰ ਲੈ ਕੇ ਕਾਰ ਵਿੱਚ ਸਵਾਰ ਹੋ ਕੇ ਲਗਭਗ 40-50 ਦੇ ਕਰੀਬ ਲੋਕਾਂ ਨੇ ਇੱਕ ਕੋਠੀ ’ਤੇ ਹਮਲਾ ਬੋਲ ਦਿੱਤਾ। ਮਕਾਨ ਵਿੱਚ ਖੂਬ ਤੋੜ-ਫੋੜ ਕੀਤੀ ਅਤੇ ਗੇਟ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋ ਗਏ ਅਤੇ ਕਿਰਾਏਦਾਰ ’ਤੇ ਫਾਇਰਿੰਗ ਕਰ ਦਿੱਤੀ। ਗੋਲੀ ਕਿਰਾਏਦਾਰ ਦੇ ਪੈਰ ਵਿੱਚ ਲੱਗੀ।
ਹਮਲਾਵਰਾਂ ਨੇ ਕਿਰਾਏਦਾਰ ਦੀ ਧੀ ਨਾਲ ਗਲਤ ਵਤੀਰਾ ਕਰਨ ਦੀ ਕੋਸ਼ਿਸ਼ ਕੀਤੀ। ਬਾਅਦ ਵਿੱਚ ਰੌਲਾ ਪੈਣ ‘ਤੇ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਜ਼ਖਮੀਆਂ ਨੂੰ ਮਥੁਰਾਦਾਸ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਹਮਲਾਵਰਾਂ ਨੇ ਸਬੂਤਾਂ ਨੂੰ ਮਿਟਾਉਣ ਲਈ ਘਰ ਵਿਚ ਲੱਗੇ ਸੀਸੀਟੀਵੀ ਦੇ ਡੀਬੀਆਰ ਨੂੰ ਵੀ ਤੋੜ ਦਿੱਤਾ ਅਤੇ ਨਾਲ ਹੀ ਇਸ ਦੀਆਂ ਤਾਰਾਂ ਵੀ ਕੱਟ ਦਿੱਤੀਆਂ।
ਪੀੜਤਾਂ ਨੇ ਧਰਮਕੋਟ ਖੇਤਰ ਦੇ ਕਾਂਗਰਸੀ ਵਿਧਾਇਕ ਸੁਖਜੀਤ ਸਿੰਘ ਕਾਕਾ ‘ਤੇ ਹਮਲੇ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਕਿਹਾ ਕਿ ਐਮ.ਐਲ.ਏ. ਵੱਲੋਂ ਉਸ ਨੂੰ ਲਗਾਤਾਰ ਧਮਕੀ ਦਿੱਤੀ ਜਾ ਰਹੀ ਸੀ, ਜਦੋਂਕਿ ਘਰ ਖਾਲੀ ਕਰਨ ਬਾਰੇ ਵਿਵਾਦ ਅਦਾਲਤ ਵਿਚ ਚੱਲ ਰਿਹਾ ਸੀ। ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਹਮਲਾਵਰ ਪੱਖ ਦੇ ਇੱਕ ਨੌਜਵਾਨ ਨੂੰ ਵੀ ਮਥੁਰਾਦਾਸ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਉਸਦਾ ਦੋਸ਼ ਹੈ ਕਿ ਕਿਰਾਏਦਾਰ ਨੇ ਉਸ ਦੇ ਹੱਥ ਵਿੱਚ ਗੋਲੀ ਮਾਰ ਦਿੱਤੀ ਹੈ, ਪਰ ਹਸਪਤਾਲ ਸਟਾਫ ਦਾ ਕਹਿਣਾ ਹੈ ਕਿ ਗੋਲੀ ਹੱਥ ਵਿੱਚ ਬਹੁਤ ਨਜ਼ਦੀਕ ਹੈ, ਸ਼ੱਕ ਹੈ ਕਿ ਗੋਲੀ ਖੁਦ ਲੱਗੀ ਸੀ।
ਸ਼ਨੀਵਾਰ ਦੁਪਹਿਰ ਨੂੰ ਕੁਝ ਲੋਕ ਕਾਰਾਂ ਵਿੱਚ ਅੰਮ੍ਰਿਤਸਰ ਰੋਡ ‘ਤੇ ਸੰਤ ਨਗਰ ਦੀ ਗਲੀ ਨੰਬਰ 11 ਵਿੱਚ ਸ਼ਨੀਵਾਰ ਦੁਪਹਿਰ ਲਗਭਗ ਡੇਢ ਵਜੇ ਕਾਰ ਵਿੱਚ ਸਵਾਰ ਹੋ ਕੇ ਪਹੁੰਚੇ। ਕਿਰਾਏਦਾਰ ਸੁਰਿੰਦਰਪਾਲ ਸਿੰਘ ਨੇ ਸੀਸੀਟੀਵੀ ਕੈਮਰੇ ਵਿਚ ਦੇਖਿਆ ਕਿ ਪੀ.ਬੀ. -48-6666 ਸਵਿਫਟ ਕਾਰ ਉਸਦੇ ਘਰ ਦੇ ਬਾਹਰ ਰੁਕੀ। ਖਤਰੇ ਦੇ ਡਰੋਂ ਸੁਰਿੰਦਰ ਪਾਲ ਨੇ ਘਰ ਦਾ ਗੇਟ ਅੰਦਰੋਂ ਬੰਦ ਕਰ ਦਿੱਤਾ। ਪਿੱਛਿਓਂ 40-50 ਲੋਕ ਹੋਰ ਆ ਗਏ।
ਉਨ੍ਹਾਂ ਨੇ ਘਰ ਵਿੱਚ ਆ ਕੇ ਤੋੜ-ਫੋੜ ਕੀਤੀ। ਘਰ ਅੰਦਰ ਰੱਖੀ ਮੋਟਰਸਾਈਕਲ ਭੰਨ ਦਿੱਤੀ। ਗੇਟ ਨਾ ਖੁੱਲ੍ਹਣ ‘ਤੇ ਸਰੀਏ ਨਾਲ ਗਰਿੱਲ ਨੂੰ ਵੱਡ ਕੇ ਗੇਟ ਤੋੜ ਕੇ ਅੰਦਰ ਦਾਖਲ ਹੋ ਗਏ। ਅੰਦਰ ਵੜਦੇ ਹੀ ਹਮਲਾਵਰਾਂ ਨੇ ਸੁਰਿੰਦਰ ਪਾਲ ਸਿੰਘ ‘ਤੇ ਫਾਇਰਿੰਗ ਕਰ ਦਿੱਤੀ। ਜਦੋਂ ਕਿਰਾਏਦਾਰ ਦੀ ਧੀ ਪਿਤਾ ਨੂੰ ਬਚਾਉਣ ਆਈ ਤਾਂ ਹਮਲਾਵਰਾਂ ਨੇ ਉਸ ਨੂੰ ਫੜ ਲਿਆ ਅਤੇ ਉਸ ਨਾਲ ਬਦਸਲੂਕੀ ਵੀ ਕੀਤੀ। ਇਸ ਤੋਂ ਬਾਅਦ ਜ਼ਖਮੀ ਸੁਰਿੰਦਰਪਾਲ ਸਿੰਘ ਨੂੰ ਮਥੁਰਾਦਾਸ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ।
ਜ਼ਖਮੀ ਸੁਰਿੰਦਰ ਪਾਲ ਸਿੰਘ ਪੁੱਤਰ ਮੋਤੀਰਾਮ ਨੇ ਦੱਸਿਆ ਕਿ ਐਨਆਰਆਈ ਅਮਰਜੀਤ ਕੌਰ ਨਿਵਾਸੀ ਦੱਤ ਰੋਡ ਦੇ ਮਕਾਨ ਵਿੱਚ 2015 ਤੋਂ ਕਿਰਾਏ ‘ਤੇ ਰਹਿ ਰਿਹਾ ਸੀ। ਅਮਰਜੀਤ ਕੌਰ ਖ਼ੁਦ ਜਰਮਨੀ ਵਿਚ ਰਹਿ ਰਹੀ ਸੀ, ਉਸ ਦਾ ਪਿਛਲੇ ਸਾਲ ਦਿਹਾਂਤ ਹੋ ਗਿਆ ਸੀ। ਅਮਰਜੀਤ ਕੌਰ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਜਸਵਿੰਦਰ ਸਿੰਘ ਉਸ ‘ਤੇ ਘਰ ਖਾਲੀ ਕਰਨ ਲਈ ਦਬਾਅ ਪਾਇਆ। ਜ਼ਖਮੀ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਉਸ ਨੇ ਉਹ ਜਗ੍ਹਾ ਲੈ ਲਈ ਸੀ, ਮਕਾਨ ਬਣਵਾਉਣ ਲਈ ਉਹ ਖਾਲੀ ਕਰਨ ਲਈ ਕਹਿ ਰਿਹਾ ਸੀ। ਪਰ ਕੋਰੋਨਾ ਕਾਲ ਕਰਕੇ ਉਹ ਮਕਾਨ ਬਣਵਾ ਨਹੀਂ ਪਾ ਰਿਹਾ ਸੀ ਉਸ ਨੇ ਜਸਵਿੰਦਰ ਨੂੰ ਬੇਨਤੀ ਕੀਤੀ ਕਿ ਮਕਾਨ ਬਣਵਾਉਣ ਵੇਲੇ ਉਹ ਖਾਲੀ ਕਰ ਦੇਵੇਗਾ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਉਦਯੋਗਿਕ ਹਵਾ ਪ੍ਰਦੂਸ਼ਨ ਨੂੰ ਠੱਲ੍ਹ ਪਾਉਣ ਲਈ ਚੁੱਕਿਆ ਵੱਡਾ ਕਦਮ
ਜਦੋਂ ਜਸਵਿੰਦਰ ਸਿੰਘ ਨੇ ਵਧੇਰੇ ਦਬਾਅ ਪਾਇਆ ਤਾਂ ਉਸ ਨੇ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ, ਜਿਸ ਦੀ ਅਗਲੀ ਸੁਣਵਾਈ ਅਦਾਲਤ ਨੇ 5 ਜੁਲਾਈ ਨੂੰ ਤੈਅ ਹੋਈ ਹੈ। ਮਾਮਲਾ ਅਦਾਲਤ ਵਿੱਚ ਜਾਣ ਤੋਂ ਬਾਅਦ ਵੀ ਜਸਵਿੰਦਰ ਸਿੰਘ ਉਸਨੂੰ ਧਮਕੀਆਂ ਦਿੰਦਾ ਰਿਹਾ। ਸ਼ਨੀਵਾਰ ਦੁਪਹਿਰ ਨੂੰ ਉਸਨੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਸ਼ਹਿ ‘ਤੇ ਹਮਲਾ ਕਰ ਦਿੱਤਾ।