ਲੁਧਿਆਣਾ ਦੇ ਗਿਆਸਪੁਰਾ ਵਿੱਚ ਰੁਦਰਾ ਐਨਕਲੇਵ ਵਿੱਚ 8 ਜੂਨ ਦੀ ਸਵੇਰ ਨੂੰ ਇੱਕ ਬੋਰੀ ਵਿੱਚ ਬੰਦ ਲਾਸ਼ ਮਿਲੀ ਲਾਸ਼ ਦੀ ਗੁੱਥੀ ਪੁਲਿਸ ਨੇ ਸੁਲਝਾ ਲਈ ਹੈ। ਇਹ ਲਾਸ਼ 38 ਸਾਲਾ ਰੰਜੂ ਦੇਵੀ ਦੀ ਸੀ, ਜਿਸ ਨੂੰ ਉਸਦੇ ਪ੍ਰੇਮੀ ਨੇ ਬੇਟੇ ਨਾਲ ਮਿਲ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਦੋਸ਼ੀ ਪਿਓ-ਪੁੱਤ ਨੂੰ ਗ੍ਰਿਫਤਾਰ ਕਰ ਲਿਆ ਹੈ। ਮ੍ਰਿਤਕ ਦੀ ਧੀ ਨੇ ਬਿਆਨ ਦਿੰਦੇ ਹੋਏ ਮੁਲਜ਼ਮ ਦਾ ਨਾਮ ਲਿਆ ਸੀ, ਜਿਸਦੇ ਅਧਾਰ ’ਤੇ ਪੁਲਿਸ ਨੇ ਮਾਮਲਾ ਸੁਲਝਾ ਲਿਆ।
ਮੁਲਜ਼ਮਾਂ ਦੀ ਪਛਾਣ 40 ਸਾਲਾ ਪ੍ਰੇਮੀ ਦਿਲੀਪ ਕੁਮਾਰ ਅਤੇ ਉਸ ਦੇ 19 ਸਾਲਾ ਬੇਟੇ ਦੀਪਕ ਵਜੋਂ ਹੋਈ ਹੈ। ਥਾਣਾ ਸਾਹਨੇਵਾਲ ਦੀ ਪੁਲਿਸ ਨੇ ਦੋਵਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ। ਕਤਲ ਵਿੱਚ ਵਰਤਿਆ ਗਈ ਚਾਕੂ ਅਤੇ ਐਕਟਿਵਾ ਵੀ ਬਰਾਮਦ ਕੀਤੀ ਗਈ ਹੈ। ਏਡੀਸੀਪੀ ਜਸਕਿਰਨਜੀਤ ਸਿੰਘ ਤੇਜਾ ਨੇ ਕਿਹਾ ਹੈ ਕਿ ਦਿਲੀਪ ਕੁਮਾਰ ਗਿਆਸਪੁਰਾ ਦੀ ਸਮਰਾਟ ਕਾਲੋਨੀ ਵਿੱਚ ਰਹਿੰਦਾ ਹੈ। ਉਹ ਅਸਲ ਵਿਚ ਬਿਹਾਰ ਦੇ ਬਕਸਾਰ ਜ਼ਿਲ੍ਹੇ ਵਿਚ ਥਾਣਾ ਮੋਹਰਾਰ ਦੇ ਪਿੰਡ ਧਨੌਲੀ ਦਾ ਰਹਿਣ ਵਾਲਾ ਹੈ।
ਮ੍ਰਿਤਕਾ ਰੰਜੂ ਬਿਹਾਰ ਦੇ ਅਰਾਵਲ ਜ਼ਿਲ੍ਹੇ ਦੇ ਤੇਰਾ ਪਿੰਡ ਦੀ ਰਹਿਣ ਵਾਲੀ ਸੀ। ਉਸਦਾ ਪਤੀ ਉਸਨੂੰ ਛੱਡ ਗਿਆ ਸੀ। ਦਿਲੀਪ ਕੁਮਾਰ ਨਾਲ ਪਿਛਲੇ 15 ਸਾਲਾਂ ਤੋਂ ਉਸ ਦੇ ਨਾਜਾਇਜ਼ ਸੰਬੰਧ ਸਨ। ਦਿਲੀਪ ਕੁਮਾਰ ਇੱਕ ਹੌਜ਼ਰੀ ਦਾ ਠੇਕੇਦਾਰ ਸੀ। ਉਸ ਦੇ ਦਿੱਤੇ ਪੈਸਿਆਂ ਨਾਲ ਹੀ ਰੰਜੂ ਨੇ ਸਮਰਾਟ ਕਾਲੋਨੀ ਵਿੱਚ ਆਪਣਾ ਮਕਾਨ ਬਣਾ ਲਿਆ ਸੀ। ਲੌਕਡਾਊਨ ਕਾਰਨ ਕੰਮ ਨਾ ਹੋਣ ਕਰਕੇ ਦਿਲੀਪ ਨੂੰ ਪੈਸਿਾਂ ਦੀ ਲੋੜ ਸੀ, ਰੰਜੂ ਨੇ ਉਸ ਨੂੰ ਤਿੰਨ ਲੱਖ ਰੁਪਏ ਉਧਾਰ ਦਿੱਤੇ। ਹੁਣ ਉਹ ਪੈਸੇ ਵਾਪਸ ਕਰਨ ਲਈ ਦਬਾਅ ਪਾ ਰਹੀ ਸੀ।
ਉਹ ਪੈਸੇ ਨਾ ਦੇਣ ਲਈ ਲੜਦੀ ਸੀ। ਉਹ ਦਿਲੀਪ ‘ਤੇ ਬਲਾਤਕਾਰ ਦਾ ਕੇਸ ਦਰਜ ਕਰਨ ਦੀ ਧਮਕੀ ਦਿੰਦੀ ਸੀ। ਦਿਲੀਪ ਦੇ ਪਰਿਵਾਰ ਨੂੰ ਪਹਿਲਾਂ ਰੰਜੂ ਬਾਰੇ ਪਤਾ ਨਹੀਂ ਸੀ, ਪਰ ਜਦੋਂ ਉਹ ਪੈਸੇ ਲੈਣ ਲਈ ਉਸ ਦੇ ਘਰ ਪਹੁੰਚੀ ਤਾਂ ਸਾਰਿਆਂ ਨੂੰ ਉਨ੍ਹਾਂ ਦੇ ਨਾਜਾਇਜ਼ ਸੰਬੰਧਾਂ ਬਾਰੇ ਪਤਾ ਲੱਗ ਗਿਆ। ਦਿਲੀਪ ਦਾ ਬੇਟਾ ਦੀਪਕ ਕੁਮਾਰ 12ਵੀਂ ਜਮਾਤ ਵਿੱਚ ਬਿਹਾਰ ‘ਚ ਪੜ੍ਹਦਾ ਸੀ ਪਰ ਲੌਕਡਾਊਨ ਕਾਰਨ ਉਹ ਆਪਣੇ ਮਾਪਿਆਂ ਨਾਲ ਲੁਧਿਆਣਾ ਆਇਆ ਹੋਇਆ ਸੀ। ਉਸ ਨੂੰ ਪਤਾ ਲੱਗਾ ਕਿ ਰੰਜੂ ਉਸ ਦੇ ਪਿਤਾ ਨੂੰ ਤੰਗ ਕਰ ਰਹੀ ਹੈ।
ਇਹ ਵੀ ਪੜ੍ਹੋ : ਮੋਗਾ : PTI ਟੀਚਰ ਤੋਂ ਦੁਖੀ ਹੋਕੇ 11ਵੀਂ ਦੀ ਵਿਦਿਆਰਥਣ ਨੇ ਚੁੱਕਿਆ ਖੌਫਨਾਕ ਕਦਮ, ਪੜ੍ਹੋ ਪੂਰਾ ਮਾਮਲਾ
ਦੀਪਕ ਨੇ ਪਿਤਾ ਦਿਲੀਪ ਨਾਲ ਰੰਜੂ ਨੂੰ ਠਿਕਾਣੇ ਲਾਉਣ ਦੀ ਸਾਜ਼ਿਸ਼ ਰਚੀ ਸੀ। ਦਿਲੀਪ ਦੀ ਪਤਨੀ ਲੋਕਾਂ ਦੇ ਘਰਾਂ ਵਿੱਚ ਕੰਮ ਕਰਦੀ ਹੈ। ਉਹ ਸਵੇਰੇ ਘਰੋਂ ਜਾਂਦੀ ਹੈ ਤੇ ਰਾਤ ਨੂੰ ਪਰਤਦੀ ਹੈ। ਇਸ ਲਈ ਦੋਵਾਂ ਨੇ ਰੰਜੂ ਨੂੰ ਘਰ ਬੁਲਾਇਆ। ਜਦੋਂ ਉਹ ਘਰ ਪਹੁੰਚੀ ਤਾਂ ਦੀਪਕ ਨੇ ਬੇਸਬਾਲ ਨਾਲ ਉਸਦੇ ਸਿਰ ‘ਤੇ ਵਾਰ ਕੀਤਾ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਫਿਰ ਦਿਲੀਪ ਨੇ ਚਾਕੂ ਨਾਲ ਉਸ ਦਾ ਗਲਾ ਵੱਢ ਦਿੱਤਾ। ਇਸ ਤੋਂ ਬਾਅਦ ਦੋਵਾਂ ਨੇ ਲਾਸ਼ ਨੂੰ ਬੋਰੀ ਵਿੱਚ ਪਾ ਦਿੱਤਾ ਅਤੇ ਪਲਾਟ ਵਿੱਚ ਸੁੱਟ ਦਿੱਤਾ।