ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਆਪਣੇ ਸੁਭਾਅ ਮੁਤਾਬਕ ਨਜ਼ਦੀਕ ਦੇ ਜੰਗਲਾਂ ਵਿੱਚ ਆਪਣੇ ਜਵਾਨਾਂ ਦੇ ਨਾਲ ਸ਼ਿਕਾਰ ਖੇਡਣ ਚਲੇ ਜਾਂਦੇ। ਜਦੋਂ ਇਹ ਗੱਲ ਮੁਗਲ ਬਾਦਸ਼ਾਹ ਜਹਾਂਗੀਰ ਨੂੰ ਪਤਾ ਲੱਗੀ ਕਿ ਗੁਰੂ ਜੀ ਇੱਕ ਚੰਗੇ ਸ਼ਿਕਾਰੀ ਹਨ ਤਾਂ ਉਸਦੇ ਮਨ ਵਿੱਚ ਵਿਚਾਰ ਆਇਆ ਕਿ ਕਿਉਂ ਨਾ ਮੈਂ ਵੀ ਸ਼ਿਕਾਰ ਖੇਡਣ ਚੱਲਾਂ ਅਤੇ ਗੁਰੂ ਜੀ ਦੇ ਸ਼ਿਕਾਰ ਖੇਡਣ ਦੀ ਯੋਗਤਾ ਆਪਣੀਆਂ ਅੱਖਾਂ ਨਾਲ ਵੇਖਾਂ।
ਇਸ ਲਈ ਉਸਨੇ ਸ਼ਿਕਾਰ ਖੇਡਣ ਦਾ ਪ੍ਰੋਗਰਾਮ ਬਣਾਇਆ ਅਤੇ ਗੁਰੂ ਜੀ ਨੂੰ ਸੱਦਾ ਭੇਜਿਆ। ਗੁਰੂ ਜੀ ਇਸ ਲਈ ਤਿਆਰ ਹੋ ਗਏ। ਇਸ ਸੰਯੁਕਤ ਅਭਿਆਨ ਵਿੱਚ ਸਮਰਾਟ ਨੇ ਬਹੁਤ ਸਾਰੇ ਪ੍ਰਸਿੱਧ ਸ਼ਿਕਾਰੀਆਂ ਨੂੰ ਨਾਲ ਲੈ ਲਿਆ। ਸੰਘਣੇ ਜੰਗਲਾਂ ਵਿੱਚ ਗੁਰੂ ਜੀ ਨੇ ਬਹੁਤ ਸਾਰੇ ਹਿੰਸਕ ਪਸ਼ੂ ਮਾਰ ਸੁੱਟੇ। ਉਦੋਂ ਸੂਚਨਾ ਮਿਲੀ ਕਿ ਨਜ਼ਦੀਕ ਦੇ ਜੰਗਲ ਵਿੱਚ ਇੱਕ ਖੂੰਖਾਰ ਸ਼ੇਰ ਰਹਿੰਦਾ ਹੈ, ਤਾਂ ਗੁਰੂ ਜੀ ਨੇ ਉਸ ਦਿਸ਼ਾ ਵਿੱਚ ਆਪਣਾ ਘੋੜਾ ਮੋੜ ਦਿੱਤਾ।
ਸਮਰਾਟ ਉਸ ਸਮੇਂ ਹਾਥੀ ਉੱਤੇ ਸਵਾਰ ਸੀ। ਉਸਨੇ ਵੀ ਹਾਥੀ ਦੇ ਮਹਾਵਤ ਨੂੰ ਉਧਰ ਹੀ ਚੱਲਣ ਨੂੰ ਕਿਹਾ। ਅਚਾਨਕ ਨੇੜਿਓਂ ਹੀ ਸ਼ੇਰ ਆਪਣੀ ਗੁਫਾ ਵਿੱਚੋਂ ਬੁਰੀ ਤਰ੍ਹਾਂ ਦਹਾੜਦਾ ਹੋਇਆ ਬਾਹਰ ਆ ਗਿਆ। ਮੁੱਖ ਸ਼ਿਕਾਰੀ ਇਧਰ–ਉੱਧਰ ਲੁਕਣ ਲੱਗੇ, ਸਾਰੇ ਡਰ ਦੇ ਮਾਰੇ ਕੰਬਣ ਲੱਗੇ। ਉਦੋਂ ਗੁਰੂ ਜੀ ਆਪਣੇ ਸ਼ਸਤਰ ਲੈ ਕੇ ਘੋੜੇ ਤੋਂ ਹੇਠਾਂ ਉੱਤਰ ਆਏ। ਸਮਰਾਟ ਦੇ ਹਾਥੀ ਅਤੇ ਸ਼ੇਰ ਦੇ ਵਿੱਚ ਕੁੱਝ ਗਜਾਂ ਦਾ ਫਰਕ ਹੀ ਰਹਿ ਗਿਆ ਸੀ ਕਿ ਉਦੋਂ ਗੁਰੂ ਜੀ ਵਿਚਕਾਰ ਖੜੇ ਹੋ ਗਏ ਅਤੇ ਸ਼ੇਰ ਨੂੰ ਲਲਕਾਰਨ ਲੱਗੇ।
ਇਹ ਵੀ ਪੜ੍ਹੋ : ਭਾਈ ਲਹਿਣਾ ਜੀ ਦਾ ਸਮਰਪਣ- ਤੂਫਾਨ ’ਚ ਵੀ ਡੱਟੇ ਰਹੇ ਗੁਰੂ ਆਗਿਆ ਲਈ
ਦਹਾੜਦਾ ਹੋਇਆ ਸ਼ੇਰ ਭੁੜਕਿਆ ਅਤੇ ਗੁਰੂ ਜੀ ਉੱਤੇ ਝਪਟਿਆ। ਪਰ ਗੁਰੂ ਜੀ ਨੇ ਆਪਣੀ ਢਾਲ ਨਾਲ ਉਸਨੂੰ ਰੋਕਦੇ ਹੋਏ ਆਪਣੀ ਤਲਵਾਰ ਨਾਲ ਉਸ ਨੂੰ ਵਿੱਚੋਂ ਕੱਟ ਕੇ ਦੋ ਹਿੱਸਿਆਂ ਵਿੱਚ ਵੰਡ ਦਿੱਤਾ। ਇਸ ਡਰਾਉਣੇ ਦ੍ਰਿਸ਼ ਅਤੇ ਬੇਮਿਸਾਲ ਹਿੰਮਤ ਅਤੇ ਆਤਮਵਿਸ਼ਵਾਸ ਨੂੰ ਵੇਖ ਕੇ ਸਮਰਾਟ ਬਹੁਤ ਖੁਸ਼ ਹੋਇਆ। ਉਸ ਨੂੰ ਆਪਣੀਆਂ ਅੱਖਾਂ ਉੱਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ ਜਿਸ ਤਰ੍ਹਾਂ ਦਾ ਦ੍ਰਿਸ਼ ਉਸ ਨੇ ਦੇਖਿਆ ਸੀ।