ਤ੍ਰਿਪੁਰਾ ਦਾ ਜਵਾਨ ਰਾਜਕੁਮਾਰ ਇੱਕ ਦਿਨ ਸਵੇਰੇ ਸ਼ੀਸ਼ੇ ਅੱਗੇ ਕੇਸਾਂ ਵਿੱਚ ਕੰਘਾ ਕਰ ਰਿਹਾ ਸੀ ਕਿ ਉਸਦੀ ਨਜ਼ਰ ਆਪਣੇ ਮੱਥੇ ਦੇ ਉੱਤੇ ਇੱਕ ਦਾਗਨੁਮਾ ਨਿਸ਼ਾਨ ਉੱਤੇ ਪਈ। ਇਹ ਦਾਗ ਕੋਈ ਅੱਖਰ ਜਿਹਾ ਪ੍ਰਤੀਤ ਹੋ ਰਿਹਾ ਸੀ। ਰਾਜ ਕੁਮਾਰ ਨੇ ਜਿਗਿਆਸਵੱਸ ਆਪਣੀ ਮਾਤਾ ਕੋਲੋਂ ਇਸ ਨਿਸ਼ਾਨ ਦੇ ਵਿਸ਼ੇ ਵਿੱਚ ਪੁੱਛਿਆ।
ਜਵਾਬ ਵਿੱਚ ਮਹਾਰਾਣੀ ਸਵਰਣਮਤੀ ਨੇ ਕਿਹਾ– ਪੁੱਤਰ ਇਸ ਨਿਸ਼ਾਨ ਵਿੱਚ ਤੁਹਾਡੇ ਜਨਮ ਦਾ ਰਹੱਸ ਲੁੱਕਿਆ ਹੋਇਆ ਹੈ। ਪੰਜਾਬ ਤੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨੌਵੇਂ ਵਾਰਿਸ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਰਾਜਾ ਰਾਮ ਸਿੰਘ ਦੇ ਨਾਲ ਆਸਾਮ ਵਿੱਚ ਮੁਗਲ ਸਮਰਾਟ ਦੀ ਲੜਾਈ ਨਿਪਟਾਉਣ ਆਏ ਸਨ। ਉਨ੍ਹਾਂ ਦੀ ਭੇਂਟ ਤੁਹਾਡੇ ਪਿਤਾ ਜੀ ਨਾਲ ਗੋਰੀਨਗਰ ਵਿੱਚ ਹੋਈ। ਤੁਹਾਡੇ ਪਿਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹੁਤ ਸੇਵਾ ਤੇ ਸਤਿਕਾਰ ਕੀਤਾ।
ਇੱਕ ਦਿਨ ਤੁਹਾਡੇ ਪਿਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਮੇਰੇ ਘਰ ਵਿੱਚ ਪੁੱਤ ਦੀ ਕਮੀ ਹੈ। ਇਸ ਲਈ ਮੈਨੂੰ ਤੁਸੀਂ ਇਸ ਦਾਤ ਨਾਲ ਨਿਵਾਜੋ। ਗੁਰੂ ਜੀ ਉਨ੍ਹਾਂ ਦੀ ਸੇਵਾ ਭਾਵ ਤੋਂ ਬਹੁਤ ਸੰਤੁਸ਼ਟ ਸਨ। ਇਸ ਲਈ ਉਨ੍ਹਾਂ ਨੇ ਆਪਣੇ ਹੱਥ ਦੀ ਅੰਗੂਠੀ ਉਤਾਰ ਕੇ ਤੁਹਾਡੇ ਪਿਤਾ ਜੀ ਨੂੰ ਦਿੱਤੀ, ਜਿਸ ’ਤੇ ਇੱਕ ਓਂਕਾਰ ਦਾ ਅੱਖਰ ਬਣਿਆ ਸੀ ਅਤੇ ਕਿਹਾ ਕਿ ਕੁਝ ਸਮਾਂ ਬਾਅਦ ਤੁਹਾਡੀ ਇਹ ਕਾਮਨਾ ਵੀ ਪੂਰੀ ਹੋਵੇਗੀ। ਤੁਹਾਡੇ ਘਰ ਇੱਕ ਪੁੱਤ ਦਾ ਜਨਮ ਹੋਵੇਗਾ ਜਿਸਦੇ ਮਸਤਕ ਦੇ ਕੰਡੇ ਇਹ ਅੱਖਰ ਬਣਿਆ ਹੋਇਆ ਹੋਵੇਗਾ। ਅਜਿਹਾ ਹੀ ਹੋਇਆ। ਤੇਰੇ ਜਨਮ ਉੱਤੇ ਅਸੀਂ ਜਦੋਂ ਤੈਨੂੰ ਵੇਖਿਆ ਤਾਂ ਤੇਰੇ ਮਸਤਕ ‘ਤੇ ਇਹ ਨਿਸ਼ਾਨ ਅੰਕਿਤ ਸੀ।
ਇਹ ਬਿਰਤਾਂਤ ਸੁਣਦੇ ਹੀ ਰਾਜ ਕੁਮਾਰ ਦੇ ਦਿਲ ਵਿੱਚ ਸ਼ਰਧਾ ਦੀ ਲਹਿਰ ਉੱਠੀ ਉਹ ਕਹਿਣ ਲਗਾ ਮੈਂ ਉਨ੍ਹਾਂ ਦੇ ਦਰਸ਼ਨ ਕਰਣ ਪੰਜਾਬ ਜਾਣਾ ਚਾਹੁੰਦਾ ਹਾਂ। ਇਸ ‘ਤੇ ਮਹਾਰਾਣੀ ਸਵਰਣਮਤੀ ਨੇ ਕਿਹਾ ਪਰ ਉਹ ਹੁਣ ਨਹੀਂ ਹਨ ਕਿਉਂਕਿ ਔਰੰਗਜੇਬ ਨੇ ਉਨ੍ਹਾਂ ਨੂੰ ਸ਼ਹੀਦ ਕਰਵਾ ਦਿੱਤਾ ਹੈ। ਪਰ ਹੁਣ ਉਨ੍ਹਾਂ ਦੇ ਪੁੱਤਰ ਜੋ ਤੁਹਾਡੀ ਉਮਰ ਦੇ ਲੱਗਭੱਗ ਹਨ ਅਤੇ ਜਿਨ੍ਹਾਂ ਦਾ ਨਾਮ “ਸ੍ਰੀ ਗੁਰੂ ਗੋਬਿੰਦ ਰਾਏ (ਸਿੰਘ)” ਜੀ ਹੈ। ਉਹ ਉਨ੍ਹਾਂ ਦੀ ਗੱਦੀ ਉੱਤੇ ਬਿਰਾਜਮਾਨ ਹਨ। ਜੇਕਰ ਤੁਸੀਂ ਚਾਹੋ ਤਾਂ ਅਸੀਂ ਦੋਵੇਂ ਉਨ੍ਹਾਂ ਦੇ ਦਰਸ਼ਨਾਂ ਲਈ ਚੱਲਾਂਗੇ।
ਗੁਰੂ ਦਰਸ਼ਨਾਂ ਦੀ ਗੱਲ ਨਿਸ਼ਚਿਤ ਕਰਕੇ ਰਾਜ ਕੁਮਾਰ ਰਤਨ ਰਾਏ ਤਿਆਰੀ ਵਿੱਚ ਵਿਅਸਤ ਹੋ ਗਿਆ। ਉਸਨੂੰ ਪਤਾ ਲੱਗਾ ਕਿ ਗੁਰੂ ਜੀ ਲੜਾਈ (ਜੁੱਧ) ਸਮੱਗਰੀ ਉੱਤੇ ਪ੍ਰਸੰਨਤਾ ਵਿਅਕਤ ਕਰਦੇ ਹਨ ਤਾਂ ਉਸਨੇ ਕੁੱਝ ਵਿਸ਼ੇਸ਼ ਕਾਰੀਗਰਾਂ ਨੂੰ ਸੱਦ ਕੇ ਸ਼ਸਤਰ ਉਸਾਰੀ ਦਾ ਆਦੇਸ਼ ਦਿੱਤਾ। ਉਸ ਨੇ ਇੱਕ ਨਵੀਂ ਤਰ੍ਹਾਂ ਦਾ ਸ਼ਸਤਰ ਗੁਰੂ ਜੀ ਨੂੰ ਭੇਟਾਂ ਕਰਨ ਲਈ ਬਣਵਾਇਆ। ਇਸ ਨੂੰ ਪੰਜ ਕਲਾ ਸ਼ਸਤਰ ਦਾ ਨਾਮ ਦਿੱਤਾ। ਇੱਕ ਵਿਸ਼ੇਸ਼ ਹਾਥੀ ਮੰਗਵਾਇਆ ਜੋ ਛੋਟੇ ਕੱਦ ਦਾ ਸੀ ਪਰ ਸੀ ਬਹੁਤ ਗੁਣਵਾਨ, ਉਹਨੂੰ ਵਿਸ਼ੇਸ਼ ਅਧਿਆਪਨ ਦੇਕੇ ਤਿਆਰ ਕੀਤਾ ਗਿਆ ਸੀ। ਇਸ ਤੋੰ ਇਲਾਵਾ ਇੱਕ ਚੌਕੀ ਸੀ ਜਿਸ ਉੱਤੇ ਪੁਤਲੀਆਂ ਆਪ ਚੌਸਰ ਖੇਡਦੀਆਂ ਸਨ।
ਪੰਜਾਬ ਪਹੁੰਚਣ ’ਤੇ ਗੁਰੂ ਜੀ ਨੇ ਉਸਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਰਤਨਰਾਏ ਨੂੰ ਗਲੇ ਨਾਲ ਲਗਾਇਆ। ਰਤਨਰਾਏ ਨੇ ਸਾਰੇ ਉਪਹਾਰ ਗੁਰੂ ਜੀ ਨੂੰ ਦੇ ਦਿੱਤੇ। ਗੁਰੂ ਜੀ ਨੇ ਪੰਚਕਲਾ ਸ਼ਸਤਰ ਅਤੇ ਹਾਥੀ ਲਈ ਬਹੁਤ ਪ੍ਰਸੰਨਤਾ ਵਿਅਕਤ ਕੀਤੀ। ਹਾਥੀ ਦੇ ਗੁਣਾਂ ਨੂੰ ਵੇਖਦੇ ਹੋਏ ਗੁਰੂ ਜੀ ਨੇ ਉਸਦਾ ਨਾਮ ਪ੍ਰਸਾਦੀ ਹਾਥੀ ਰੱਖਿਆ। ਰਤਨਰਾਏ ਆਤਮਿਕ ਪ੍ਰਬਿਰਤੀ ਦਾ ਸਵਾਮੀ ਸੀ। ਅਤ: ਉਸਦੇ ਨਾਲ ਗੁਰੂ ਜੀ ਦੀ ਬਹੁਤ ਜਈ ਵਿਚਾਰ ਗੋਸ਼ਟੀਆਂ ਹੋਈਆਂ। ਗੁਰੂ ਜੀ ਦੇ ਉਪਦੇਸ਼ਾਂ ਨਾਲ ਉਸ ਦੇ ਸਾਰੇ ਸ਼ੰਕੇ ਦੂਰ ਹੋ ਗਏ ਅਤੇ ਉਹ ਸੰਤੁਸ਼ਟ ਹੋ ਗਿਆ।
ਇਹ ਵੀ ਪੜ੍ਹੋ :ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕੀਤਾ ਖੂੰਖਾਰ ਸ਼ੇਰ ਦਾ ਸ਼ਿਕਾਰ, ਜਹਾਂਗੀਰ ਵੀ ਰਹਿ ਗਿਆ ਹੈਰਾਨ
ਗੁਰੂ ਜੀ ਦਾ ਸੰਤ-ਸਿਪਾਹੀ ਦਾ ਰੂਪ ਵੇਖ ਕੇ ਉਹ ਉਨ੍ਹਾਂ ਦੀ ਸ਼ਖਸੀਅਤ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਕਾਫੀ ਮਹੀਨੇ ਗੁਰੂ ਜੀ ਨਾਲ ਬਤੀਤ ਕੀਤੇ। ਉਸਦੀ ਮਾਤਾ ਅਤੇ ਉਸਦੇ ਮੰਤਰੀਆਂ ਨੇ ਜਦੋਂ ਵਾਪਸ ਪਰਤਣ ਦਾ ਬੇਨਤੀ ਕੀਤੀ ਤਾਂ ਉਹ ਲਾਚਾਰੀ ਵਿੱਚ ਗੁਰੂ ਜੀ ਕੋਲੋਂ ਆਗਿਆ ਲੈ ਕੇ ਪਰਤ ਗਿਆ ਪਰ ਉਸਦਾ ਮਨ ਗੁਰੂ ਚਰਣਾਂ ਵਿੱਚ ਹੀ ਰਿਹਾ।