ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਦੇਸ਼ ਲਈ ਆਪਾ ਵਾਰਨ ਵਾਲਿਆਂ ਪ੍ਰਤੀ ਦੇਸ਼ ਅਤੇ ਸਮਾਜ ਹਮੇਸ਼ਾ ਰਿਣੀ ਰਹਿੰਦਾ ਹੈ ਪਰ ਬੀਤੇ ਦਿਨ ਜਿਸ ਤਰ੍ਹਾਂ ਤਰਸ ਆਧਾਰ ’ਤੇ ਨਿਯੁਕਤੀਆਂ ਕੀਤੀਆਂ ਗਈਆਂ ਉਨਾਂ ਵਿੱਚੋਂ ਕੁਝ ਨੂੰ ਇਸ ਸ਼੍ਰੇਣੀ ਵਿੱਚ ਰੱਖਣਾ ਉਚਿਤ ਨਹੀਂ ਹੋਵੇਗਾ। ਇਸ ਲਈ ਉਨ੍ਹਾਂ ਨੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਇਸ ਫੈਸਲੇ ’ਤੇ ਪੁਨਰ ਵਿਚਾਰ ਕਰਕੇ ਇਨ੍ਹਾਂ ਨਿਯੁਕਤੀਆਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ।
ਅੱਜ ਇੱਥੋਂ ਜਾਰੀ ਬਿਆਨ ਵਿਚ ਜਾਖੜ ਨੇ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ਬੀਤੇ ਦਿਨ ਲਏ ਗਏ ਬਹੁਤ ਹੀ ਲੋਕ ਕਲਿਆਣਕਾਰੀ ਫੈਸਲੇ ਜਿਵੇਂ ਕਿ ਛੇਵਾਂ ਪੇ ਕਮਿਸ਼ਨ ਲਾਗੂ ਕਰਨਾ ਅਤੇ ਹਜ਼ਾਰਾਂ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨਾ ਆਦਿ ਨੂੰ ਵੀ ਆਪਣੇ ਪਰਛਾਵੇਂ ਹੇਠ ਲੈ ਲਿਆ ਹੈ। ਉਨਾਂ ਕਿਹਾ ਕਿ ਇਸ ਫੈਸਲੇ ਦੇ ਬਹੁਤ ਲੰਮੇ ਸਮੇਂ ਤਕ ਪ੍ਰਭਾਵ ਪੈਣਗੇ।
ਉਨ੍ਹਾਂ ਕਿਹਾ ਕਿ ਬੇਸ਼ੱਕ ਦੇਸ਼ ਲਈ ਕੁਰਬਾਨੀ ਕਰਨ ਵਾਲਿਆਂ ਪ੍ਰਤੀ ਮੁਲਕ ਹਮੇਸ਼ਾ ਹੀ ਸ਼ੁਕਰਗੁਜਾਰ ਰਹਿੰਦਾ ਹੈ ਪਰ ਬੀਤੇ ਦਿਨ ਦੇ ਫੈਸਲੇ ਅਤੇ ਕੁਝ ਲਾਭਪਾਤਰੀਆਂ ਦੇ ਪਿਛੋਕੜ ਨੂੰ ਦੇਖਦਿਆਂ ਇਸ ਫੈਸਲੇ ਨੂੰ ਤਰਕਸੰਗਤ ਨਹੀਂ ਕਿਹਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਗ਼ਲਤ ਸਲਾਹ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਕੈਪਟਨ ਨੇ ਵਿਧਾਇਕਾਂ ਦੇ ਪੁੱਤਰਾਂ ਨੂੰ ਸਰਕਾਰੀ ਨੌਕਰੀ ਦੇ ਮਾਮਲੇ ‘ਚ ਤੋੜੀ ਚੁੱਪੀ, ਵਿਰੋਧੀ ਧਿਰਾਂ ਨੂੰ ਦਿੱਤਾ ਕਰਾਰਾ ਜਵਾਬ
ਕਿਉਂਕਿ ਇਸ ਫੈਸਲੇ ਤੋਂ ਬਾਅਦ ਸਰਕਾਰ ’ਤੇ ਭਾਈ-ਭਤੀਜਾਵਾਦ ਅਤੇ ਕੁਝ ਲੋਕਾਂ ਦੀ ਸਿਆਸੀ ਪੁਸ਼ਤ ਪਨਾਹੀ ਦੇ ਦੋਸ਼ ਲੱਗਣਗੇ ਜੋ ਕੇ ਸਹੀ ਨਹੀਂ ਹੋਵੇਗਾ। ਉਨ੍ਹਾਂ ਆਖਿਆ ਕਿ ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਹਿੱਤ ਦੀ ਗੱਲ ਕਰਦੇ ਹੀ ਸੋਭਦੇ ਹਨ ਨਾ ਕਿ ਆਪਣੇ ਪਰਿਵਾਰਕ ਮੈਂਬਰਾਂ ਲਈ ਇਸ ਤਰ੍ਹਾਂ ਦੇ ਲਾਭ ਲੋਚਦੇ ਹੋਏ।
ਸੂਬਾ ਕਾਂਗਰਸ ਪ੍ਰਧਾਨ ਨੇ ਇਸ ਸੰਦਰਭ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਸਰਕਾਰ ਆਪਣੇ ਫੈਸਲੇ ’ਤੇ ਮੁੜ ਵਿਚਾਰ ਕਰਦੇ ਹੋਏ ਵਡੇਰੇ ਜਨਹਿੱਤ ਵਿਚ ਇੰਨਾ ਨਿਯੁਕਤੀਆਂ ਨੂੰ ਰੱਦ ਕਰਨ।