ਜਲੰਧਰ ਦੀ ਸੋਢਲ ਰੋਡ ‘ਤੇ ਜੈਨ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਦੋ ਦੋਸ਼ੀਆਂ ਦੀ ਪਛਾਣ ਹੋ ਗਈ ਹੈ। ਪੁਲਿਸ ਨੇ ਮੁਲਜ਼ਮ ਅਰਸ਼ਪ੍ਰੀਤ ਸਿੰਘ ਉਰਫ ਵੱਡਾ ਪ੍ਰੀਤ ਨਿਵਾਸੀ ਸ਼ਹੀਦ ਬਾਬੂ ਲਾਭ ਸਿੰਘ ਨਗਰ ਅਤੇ ਦੀਪਕ ਨਿਵਾਸੀ ਹਰੀਪੁਰ ਆਦਮਪੁਰ ਦੀਆਂ ਫੋਟੋਆਂ ਜਾਰੀ ਕੀਤੀਆਂ ਹਨ। ਪੁਲਿਸ ਦਾ ਦਾਅਵਾ ਹੈ ਕਿ ਇਨ੍ਹਾਂ ਮੁਲਜ਼ਮਾਂ ਨੇ ਇਹ ਜੁਰਮ ਕੀਤਾ ਸੀ।
ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨੇ ਦੱਸਿਆ ਕਿ ਇਹ ਮੁਲਜ਼ਮ ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਤੋਂ ਪੈਸੇ ਲੁੱਟਣ ਦੇ ਇਰਾਦੇ ਨਾਲ ਆਏ ਸਨ। ਜਦੋਂ ਉਨ੍ਹਾਂ ਪੈਸੇ ਮੰਗੇ ਤਾਂ ਸਚਿਨ ਜੈਨ ਨੇ ਉਸ ਦਾ ਵਿਰੋਧ ਕੀਤਾ। ਜਦੋਂ ਉਨ੍ਹਾਂ ਵਿਚਕਾਰ ਝੜਪ ਹੋ ਗਈ ਤਾਂ ਇਨ੍ਹਾਂ ਲੁਟੇਰਿਆਂ ਨੇ ਫਾਇਰ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਕਤਲ ਦੇ ਦੋਸ਼ੀਆਂ ਦਾ ਪਤਾ ਲਗਾਉਣ ਬਾਰੇ ਅਹਿਮ ਸੁਰਾਗ ਮਿਲਿਆ ਹੈ, ਜਲਦੀ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਦੱਸਿਆ ਕਿ 3 ਨਕਾਬਪੋਸ਼ ਮੁਲਜ਼ਮਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਮੁਲਜ਼ਮਾਂ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਗਿਆ ਹੈ। ਮੁਲਜ਼ਮਾਂ ਨੂੰ ਫੜਨ ਲਈ ਵਿਸ਼ੇਸ਼ ਟੀਮਾਂ ਦਾ ਗਠਨ ਕੀਤਾ ਗਿਆ ਹੈ। ਜਿਸ ਕਾਰਨ ਇਨ੍ਹਾਂ ਦੋਵਾਂ ਮੁਲਜ਼ਮਾਂ ਬਾਰੇ ਸੁਰਾਗ ਮਿਲਿਆ ਹੈ।
ਕਰਿਆਨਾ ਸਟੋਰ ਦੇ ਮਾਲਕ ਸਚਿਨ ਜੈਨ ਦੀ ਹੱਤਿਆ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਮੰਗਲਵਾਰ ਦੁਪਹਿਰ ਨੂੰ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋਏ। ਲੋਕਾਂ ਨੇ ਸ਼ਹਿਰ ਵਿਚ ਅਮਨ-ਕਾਨੂੰਨ ਦੀ ਸਥਿਤੀ ‘ਤੇ ਵੀ ਸਵਾਲ ਚੁੱਕੇ। ਇਸ ਤੋਂ ਬਾਅਦ ਦੂਸਰੇ ਦੁਕਾਨਦਾਰਾਂ ਨੇ ਵੀ ਕਿਹਾ ਕਿ ਜੇ ਹਥਿਆਰਬੰਦ ਲੁਟੇਰੇ ਅਤੇ ਕਾਤਲ ਇਸ ਤਰ੍ਹਾਂ ਖੁੱਲ੍ਹੇ ਘੁੰਮਣਗੇ ਤਾਂ ਉਹ ਬਿਨਾਂ ਕਿਸੇ ਡਰ ਦੇ ਆਪਣਾ ਕਾਰੋਬਾਰ ਕਿਵੇਂ ਕਰਨਗੇ? ਉਨ੍ਹਾਂ ਪੁਲਿਸ ਨੂੰ ਅਪੀਲ ਕੀਤੀ ਕਿ ਅਜਿਹੇ ਲੋਕਾਂ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਵੱਡੀ ਖਬਰ : ਕਾਂਗਰਸ ਦੀ ਕਮਾਨ ਸੰਭਾਲਣ ਤੋਂ ਤੁਰੰਤ ਬਾਅਦ ਨਵਜੋਤ ਸਿੱਧੂ 22 ਜੁਲਾਈ ਨੂੰ ਚੰਡੀਗੜ੍ਹ ‘ਚ ਕਰਨਗੇ ਵੱਡਾ ਪ੍ਰਦਰਸ਼ਨ
ਉਥੇ ਹੀ ਸਚਿਨ ਨੂੰ ਜ਼ਖਮੀ ਹਾਲਤ ਵਿੱਚ ਉਸ ਦੇ ਦੋਸਤ 45 ਮਿੰਟ ਤੱਕ ਨਿੱਜੀ ਹਸਪਤਾਲਾਂ ਵਿੱਚ ਲੈ ਕੇ ਘੁੰਮਦੇ ਰਹੇ ਪਰ ਕਿਸੇ ਨੇ ਵੀ ਪੁਲਿਸ ਕੇਸ ਦੱਸ ਕੇ ਉਸ ਨੂੰ ਦਾਖਲ ਨਹਂ ਕੀਤਾ। ਫਿਰ ਸਿਵਲ ਹਸਪਤਾਲ ਤੋਂ ਰੈਫਰ ਕਰਵਾਉਣ ਤੋਂ ਬਾਅਦ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ , ਜਿਥੇ ਸਚਿਨ ਦੀ ਮੰਗਲਵਾਰ ਤੜਕੇ ਹੀ ਮੌਤ ਹੋ ਗਈ।