ਖਾਲਸਾ ਪੰਥ ਸਾਜਣ ਤੋਂ ਅਗਲੇ ਸਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਰਿਆਸਤ ਮੰਡੀ ਦੇ ਪ੍ਰਸਿੱਧ ਤੀਰਥ ਰਵਾਲਸਰ ਗਏ। ਉਥੇ ਪਹਾੜੀ ਰਾਜੇ ਵੀ ਆਏ ਹੋਏ ਸਨ। ਆਪ ਜੀ ਨੇ ਉਨ੍ਹਾਂ ਨੂੰ ਆਖਿਆ ਕਿ ਆਓ ਸਾਰੇ ਭਾਰਤੀ ਇਕ ਪੱਧਰ ‘ਤੇ ਰਲ ਮਿਲ ਕੇ, ਜਾਤ ਵਰਨ ਅਤੇ ਊਚ ਨੀਚ ਦੂਰ ਕਰਕੇ ਵਿਦੇਸੀ ਜ਼ਾਲਮ ਅਤੇ ਬੇਨਿਆਈ ਸਰਕਾਰ ਵਿਰੁੱਧ ਡਟੀਏ ਅਤੇ ਚੰਗਾ ਸਮਾਜ ਸਿਰਜੀਏ। ਇਸ ਲਈ ਆਓ ਅੰਮ੍ਰਿਤ ਛਕੋ ਤੇ ਸਿੰਘ ਸਜੋ।
ਪਰ ਰਾਜਿਆਂ ‘ਤੇ ਉਚ ਜਾਤੀਏ ਹੋਣ ਦਾ ਅਤੇ ਰਾਜ ਭਾਗ ਵਾਲੇ ਹੋਣ ਦਾ ਹੰਕਾਰ ਸੀ। ਇਸ ਦੇ ਨਾਲ ਹੀ ਜ਼ਾਲਮ ਅਤੇ ਜਾਬਰ ਵਿਦੇਸ਼ੀ ਸਰਕਾਰ ਦਾ ਛੱਪਾ ਵੀ ਪਿਆ ਹੋਇਆ ਸੀ। ਉਨ੍ਹਾਂ ਨੇ ਉਲਟਾ ਗੁਰੂ ਜੀ ਨੂੰ ਆਖਿਆ ਕਿ ਮੁਗਲ ਸਰਕਾਰ ਨਾਲ ਮੱਥਾ ਲਾਉਣਾ ਆਪਣੀ ਹੀ ਮੌਤ ਅਤੇ ਬਰਬਾਦੀ ਨੂੰ ਸੱਦਾ ਦੇਣਾ ਹੋਵੇਗਾ। ਮੁਗਲ ਫੌਜਾਂ ਦੇ ਮੁਕਾਬਲੇ ਤੁਹਾਡਾ ਖਾਲਸਾ ਬਾਜ ਸਾਹਮਣੇ ਚਿੜੀਆਂ ਅਤੇ ਸ਼ੋਰ ਸਾਹਮਣੇ ਭੇਡਾਂ, ਬੱਕਰੀਆਂ ਵਾਂਗ ਹੈ। ਇਹ ਗੱਲਾਂ ਸੁਣ ਕੇ ਗੁਰੂ ਜੀ ਨੇ ਰੋਗ ਵਿਚ ਆ ਕੇ ਆਖਿਆ ਗੁਲਾਮ ਬਿਰਤੀ ਤੇ ਸੰਸਕਾਰ ਭੋਗਾਂ ਨਾਲ ਤੁਹਾਡਾ ਮੱਚ ਮਰ ਗਿਆ ਹੈ, ਤੁਹਾਡੇ ਮਨ ਮਲੀਨ ਅਤੇ ਤਨ ਨਿਰਜਿੰਦ ਹੋ ਗਏ ਹਨ। ਤੁਹਾਨੂੰ ਸ਼ਕਤੀ ਬਾਰੇ ਨਾ ਤਾਂ ਗਿਆ ਹੈ ਤੇ ਨਾ ਹੀ ਉਸ ‘ਤੇ ਭਰੋਸਾ ਹੈ। ਖੰਡੇ ਬਾਟੇ ਦੇ ਅੰਮ੍ਰਿਤ ਵਿਚ ਬਹੁਤ ਸ਼ਕਤੀ ਹੈ। ਬੇਸ਼ੱਕ ਅਜ਼ਮਾ ਕੇ ਦੇਖ ਲਓ। ਅਸੀਂ ਉਹ ਕਰ ਕੇ ਦਿਖਾਵਾਂਗੇ ਜਿਸ ਦਾ ਖਾਬੋ ਖਿਆਲ ਵੀ ਨਹੀਂ।
ਗੁਰੂ ਜੀ ਨੇ ਯਕੀਨ ਦਿਵਾਇਆ ਕਿ ਰਾਜ ਤੁਹਾਡਾ ਹੀ ਹੋਵੇਗਾ। ਮੈਂ ਕੋਈ ਰਾਜ ਕਾਇਮ ਨਹੀਂ ਕਰਨਾ। ਰਾਜ ਤੁਹਾਡੇ ਹੀ ਪੁੱਤ-ਪੋਤਰੇ ਕਰਨਗੇ। ਇਸ ਲਈ ਮੇਰਾ ਸਾਥ ਦਿਓ। ਪਰ ਰਾਜਿਆਂ ਨੇ ਗੁਰੂ ਜੀ ‘ਤੇ ਵਿਸ਼ਵਾਸ ਨਾ ਕੀਤਾ ਤੇ ਨਾ ਹੀ ਮਾਨਸਿਕ ਗੁਲਾਮੀ ਅਤੇ ਜਾਤ, ਧਰਮ, ਰਾਜ ਦਾ ਅਭਿਮਾਨ ਹੋਣ ਕਾਰਨ ਗੁਰੂ ਜੀ ਦਾ ਸਾਥ ਦੇਣ ਲਈ ਤਿਆਰ ਹੋਏ। ਸਗੋਂ ਗੁਰੂ ਜੀ ਵੱਲੋਂ ਚਲਾਈ ਲਹਿਰ ਨੂੰ ਉਹ ਆਪਣੇ ਨਿੱਜੀ ਹਿੱਤਾਂ ਦੇ ਵਿਰੁੱਧ ਸਮਝਦੇ ਸਨ।
ਇਹ ਵੀ ਪੜ੍ਹੋ : ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਭੂਮੀਆ ਨੂੰ ਨਸੀਹਤ-ਚੋਰੀ ਛੱਡ ਤਿੰਨ ਵਚਨ ਮੰਨਣ ਲਈ ਕਹਿਣਾ