ਤਰਨਤਾਰਨ ਵਿੱਚ ਸ਼ੁੱਕਰਵਾਰ ਰਾਤ ਨੂੰ ਪਿੰਡ ਕਸੇਲ ਵਿਖੇ ਸਥਿਤ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਨੂੰ ਗੈਸ ਕਟਰ ਨਾਲ ਕੱਟ ਕੇ 27 ਲੱਖ ਦੀ ਨਕਦੀ ਲੁੱਟ ਲਈ ਗਈ।
ਏਟੀਐਮ ‘ਤੇ ਤਾਇਨਾਤ ਸੁਰੱਖਿਆ ਗਾਰਡ ਘਟਨਾ ਵਾਲੀ ਰਾਤ ਆਪਣੇ ਘਰ ਸੁੱਤਾ ਪਿਆ ਸੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਫਿੰਗਰ ਪ੍ਰਿੰਟ ਮਾਹਰ ਅਤੇ ਡੌਗ ਸਕਵਾਇਡ ਦੀ ਮਦਦ ਨਾਲ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਬੈਂਕ ਦੁਆਰਾ ਸ਼ੁੱਕਰਵਾਰ ਨੂੰ ਹੀ ਸਟੇਟ ਬੈਂਕ ਆਫ਼ ਇੰਡੀਆ ਦੇ ਏਟੀਐਮ ਵਿੱਚ ਕੈਸ਼ ਜਮ੍ਹਾ ਕੀਤਾ ਗਿਆ ਸੀ।
ਏਟੀਐਮ ਵਿੱਚ ਤਾਇਨਾਤ ਪ੍ਰਾਈਵੇਟ ਕੰਪਨੀ ਦਾ ਗਾਰਡ ਸਾਹਿਬ ਸਿੰਘ ਰਾਤ ਨੂੰ ਡਿਊਟੀ ਦੀ ਬਜਾਏ ਆਪਣੇ ਘਰ ਸੌਣ ਚਲਾ ਗਿਆ ਸੀ। ਰਾਤ ਨੂੰ ਇੱਕ ਗੈਸ ਕਟਰ ਦੀ ਮਦਦ ਨਾਲ ਅਣਪਛਾਤੇ ਲੋਕਾਂ ਨੇ ਏਟੀਐਮ ਦੇ ਸ਼ਟਰ ਦਾ ਪਹਿਲਾਂ ਤਾਲਾ ਤੋੜਿਆ, ਫਿਰ ਗੈਸ ਕਟਰ ਦੀ ਮਦਦ ਨਾਲ ਏਟੀਐਮ ਕੱਟ ਦਿੱਤਾ।
ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਕਸੇਲ ਦੇ ਮੈਨੇਜਰ ਸਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਨੌਂ ਵਜੇ ਗਾਰਡ ਸਾਹਿਬ ਸਿੰਘ ਨੇ ਫੋਨ ਕਰਕੇ ਦੱਸਿਆ ਕਿ ਬੈਂਕ ਦੇ ਨਾਲ ਏਟੀਐਮ ਦਾ ਸ਼ਟਰ ਟੁੱਟਾ ਪਿਆ ਹੈ। ਡੀਐਸਪੀ ਸੁੱਚਾ ਸਿੰਘ ਬੱਲ ਥਾਣਾ ਸਰਾਏ ਅਮਾਨਤ ਖਾਂ ਦੀਪਕ ਕੁਮਾਰ ਦੇ ਇੰਚਾਰਜ, ਏਐਸਆਈ ਗੁਰਵੇਲ ਸਿੰਘ ਮੌਕੇ ’ਤੇ ਪਹੁੰਚੇ। ਜਿਸ ਤੋਂ ਬਾਅਦ ਡੌਗ ਸਕਵਾਇਡ ਅਤੇ ਫਿੰਗਰ ਪ੍ਰਿੰਟ ਮਾਹਰਾਂ ਦੀ ਟੀਮ ਨੂੰ ਬੁਲਾਇਆ ਗਿਆ। ਜਾਂਚ ਦੌਰਾਨ ਪਤਾ ਲੱਗਾ ਕਿ ਏਟੀਐਮ ਵਿਚੋਂ 27 ਲੱਖ, 83 ਹਜ਼ਾਰ, 500 ਰੁਪਏ ਨਕਦੀ ਸਨ।
ਇਹ ਵੀ ਪੜ੍ਹੋ : ਰੋਪੜ ‘ਚ ਸੋਮਵਾਰ ਤੋਂ ਮੁੜ ਖੁੱਲ੍ਹਣਗੇ ਸਰਕਾਰੀ ਸਕੂਲ , ਤਿਆਰੀਆਂ ਮੁਕੰਮਲ
ਐਸਐਸਪੀ ਧੁੰਮਣ ਐਚ ਨਿੰਬਾਲੇ ਨੇ ਕਿਹਾ ਕਿ ਏਟੀਐਮ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਦਿਸ਼ਾ ਵੀ ਬਦਲੀ ਹੋਈ ਸੀ। ਫਿਲਹਾਲ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿਚ ਲੈ ਕੇ ਬੈਂਕ ਦੇ ਬ੍ਰਾਂਚ ਮੈਨੇਜਰ ਸਰਪ੍ਰੀਤ ਸਿੰਘ ਦੇ ਬਿਆਨਾਂ ‘ਤੇ ਅਣਪਛਾਤੇ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਬੈਂਕ ਦਾ ਗਾਰਡ ਸਾਹਿਬ ਸਿੰਘ ਰਾਤ ਨੂੰ ਡਿਊਟੀ ਦੇਣ ਦੀ ਬਜਾਏ ਘਰ ਕਿਉਂ ਗਿਆ, ਇਸਦੀ ਵੀ ਜਾਂਚ ਕੀਤੀ ਜਾ ਰਹੀ ਹੈ।