ਪੰਜਾਬ ਸਰਕਾਰ ਦੇ ਦੋ ਮੰਤਰੀਆਂ ਤੇ ਤਿੰਨ ਵਿਧਾਇਕਾਂ ਵੱਲੋਂ ਬਰਗਾੜੀ ਬੇਅਦਬੀ ਕਾਂਡ ਸੰਬੰਧੀ ਸ੍ਰੀ ਅਕਾਲ ਤਖਤ ਵਿਖੇ ਨਾ ਪਹੁੰਚਣ ‘ਤੇ ਲਿਖਤੀ ਸਪੱਸ਼ਟੀਕਰਨ ਦੇਣ ਦਾ ਲਈ ਮੁੜ ਤਲਬ ਕੀਤੇ ਜਾਣ ‘ਤੇ ਬਰਗਾੜੀ ਇਨਸਾਫ ਮੋਰਚਾ ਦੇ ਸਾਬਕਾ ਡਿਕਟੇਟਰ ਭਾਈ ਧਿਆਨ ਸਿੰਘ ਮੰਡ ਨੂੰ ਚਿੱਠੀ ਲਿਖੀ। ਇਸ ਵਿੱਚ ਉਨ੍ਹਾਂ ਨੇ ਆਪਣਾ ਪੱਖ ਰਖਦੇ ਹੋਏ ਸਪੱਸ਼ਟੀਕਰਨ ਦੇਣ ਲਈ ਜਗ੍ਹਾ ਬਦਲਣ ਦੀ ਅਪੀਲ ਕੀਤੀ।
ਦੱਸਣਯੋਗ ਹੈ ਕਿ ਬਰਗਾੜੀ ਇਨਸਾਫ ਮੋਰਚੇ ਵੱਲੋਂ ਬਰਗਾੜੀ ਬੇਅਦਬੀ ਕਾਂਡ ਵਿੱਚ ਇਨਸਾਫ ਦਾ ਭਰੋਸਾ ਦਿਵਾ ਕੇ ਅਜਿਹਾ ਨਾ ਕਰ ਸਕਣ ਕਰਕੇ 2 ਅਗਸਤ ਨੂੰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਸੁਖਜਿੰਦਰ ਸਿੰਘ ਰੰਧਾਵਾ ਅਤੇ ਵਿਧਾਇਕ ਕੁਸ਼ਲਦੀਪ ਢਿੱਲੋਂ, ਹਰਿਮੰਦਰ ਸਿੰਘ ਗਿੱਲ ਤੇ ਕੁਲਬੀਰ ਸਿੰਘ ਜ਼ੀਰਾ ਨੂੰ ਸ੍ਰੀ ਅਕਾਲ ਤਖਤ ਵਿਖੇ ਮੁਆਫੀ ਮੰਗਣ ਲਈ ਤਲਬ ਕੀਤਾ ਗਿਆ ਸੀ। ਪਰ ਉਹ ਉਥੇ ਹਾਜ਼ਰ ਨਹੀਂ ਹੋਏ, ਜਿਸ ਤੋਂ ਬਾਅਦ ਮੋਰਚੇ ਨੇ ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਦਾ ਇੱਕ ਹੋਰ ਮੌਕਾ ਦਿੱਤਾ ਅਤੇ ਉਨ੍ਹਾਂ ਨੂੰ 11 ਅਗਸਤ ਸਵੇਰੇ 11 ਵਜੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਹੈ।
ਇਸ ਸੰਬੰਧੀ ਅੱਜ ਦੋਵੇਂ ਮੰਤਰੀਆਂ ਤੇ ਤਿੰਨ ਵਿਧਾਇਕਾਂ ਨੇ ਭਾਈ ਧਿਆਨ ਸਿੰਘ ਮੰਡ ਨੂੰ ਇੱਕ ਚਿੱਠੀ ਲਿਖ ਕੇ ਸਫਾਈ ਦਿੰਦੇ ਹੋਏ ਕਿਹਾ ਕਿ ਅਸੀਂ ਇਹ ਭਰੋਸਾ ਮੁੱਖ ਮੰਤਰੀ ਵੱਲੋਂ ਦਿੱਤਾ ਸੀ। ਇਸ ਮਾਮਲੇ ਦੀ ਪੜਤਾਲ ਕਰਨਾ ਤੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ ਪੰਜਾਬ ਸਰਕਾਰ ਦੇ ਗ੍ਰਹਿ ਤੇ ਪੁਲਿਸ ਵਿਭਾਗ ਦਾ ਕੰਮ ਹੈ। ਇਸ ਲਈ ਇਸ ਦੀ ਪੂਰੀ ਜਾਣਕਾਰੀ ਮੁੱਖ ਮੰਤਰੀ ਹੀ ਦੇ ਸਕਦੇ ਹਨ।
ਇਹ ਵੀ ਪੜ੍ਹੋ : ਗੁਰਨਾਮ ਚਢੂਨੀ ਦਾ ਵੱਡਾ ਐਲਾਨ- 2022 ਪੰਜਾਬ ਵਿਧਾਨ ਸਭਾ ਚੋਣਾਂ ‘ਚ ਸਾਰੀਆਂ 117 ਸੀਟਾਂ ‘ਤੇ ਲੜਨਗੇ
ਦੂਸਰਾ ਉਨ੍ਹਾਂ ਕਿਹਾ ਕਿ ਉਹ ਪੰਜੇ ਤਾਂ ਇਸ ਮਾਮਲੇ ਵਿੱਚ ਉਹ ਸਰਕਾਰ ਤੇ ਮੋਰਚੇ ਦੇ ਮੈਂਬਰਾਂ ਵਿਚਾਲੇ ਇੱਕ ਕੜੀ ਦਾ ਕੰਮ ਕਰ ਰਹੇ ਹਨ। ਭਾਈ ਬਲਜੀਤ ਸਿੰਘ ਦਾਦੂਵਾਲ ਨੇ ਵੀ ਇਹ ਗੱਲ ਕਹੀ ਸੀ ਕਿ ਮੋਰਚਾ ਖਤਮ ਕਰਨ ਤੋਂ ਪਹਿਲਾਂ ਉਨ੍ਹਾਂ ਨੇ ਮੁੱਖ ਮੰਤਰੀ ਨਾਲ ਗੱਲਬਾਤ ਵੀ ਕੀਤੀ ਸੀ। ਇਸ ਤੋਂ ਇਲਾਵਾ ਗੁਰਦੁਆਰਾ ਪ੍ਰਬੰਧਕੀ ਕਮੇਟੀਆਂ ਤੇ ਸਿੱਖ ਪੰਥ ਦੀਆਂ ਹੋਰ ਚੁਣੀਆਂ ਹੋਈਆਂ ਸੰਸਥਾਵਾਂ ਵੱਲੋਂ ਭਾਈ ਧਿਆਨ ਸਿੰਘ ਮੰਡ ਨੂੰ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਵੱਲੋਂ ਮਾਨਤਾ ਨਹੀਂ ਦਿੱਤੀ ਗਈ ਹੈ।
ਅਜਿਹੇ ਹਾਲਾਤਾਂ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ‘ਤੇ ਕੋਈ ਮੀਟਿੰਗ ਕਰਨ ਨਾਲ ਵਿਵਾਦ ਖੜ੍ਹਾ ਹੋਣ ਦਾ ਖਦਸ਼ਾ ਹੈ। ਉਨ੍ਹਾਂ ਬੇਨਤੀ ਕਰਦਿਆਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਜਗ੍ਹਾ ਉਹ ਉਨ੍ਹਾਂ ਨੂੰ ਕਿਸੇ ਹੋਰ ਥਾਂ ‘ਤੇ ਬੁਲਾਉਣ ਤਾਂਜੋ ਉਹ ਇਸ ਸੰਬੰਧੀ ਸਪੱਸ਼ਟੀਕਰਨ ਦੇ ਸਕਣ।