ਭਾਰਤੀ ਪੁਰਸ਼ ਹਾਕੀ ਟੀਮ ਨੇ ਆਖਰਕਾਰ 41 ਸਾਲਾਂ ਬਾਅਦ ਇਤਿਹਾਸ ਰਚ ਦਿੱਤਾ ਹੈ। ਸ਼ਾਨਦਾਰ ਖੇਡ ਦਿਖਾਉਂਦੇ ਹੋਏ ਭਾਰਤੀ ਹਾਕੀ ਟੀਮ ਨੇ 41 ਸਾਲਾਂ ਬਾਅਦ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਹੈ।
ਹਾਕੀ ਟੀਮ ਨੇ ਜਰਮਨੀ ਨੂੰ 5-4 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ ਹੈ। ਇਸ ਤੋਂ ਪਹਿਲਾ ਟੀਮ ਨੇ 1980 ਵਿੱਚ ਮਾਸਕੋ ਵਿੱਚ ਮੈਡਲ ਪ੍ਰਾਪਤ ਕੀਤਾ ਸੀ। ਪੂਰੇ ਦੇਸ਼ ਦੇ ਨਾਲ -ਨਾਲ ਜਲੰਧਰ ਦੇ ਹਾਕੀ ਖਿਡਾਰੀਆਂ ਦੇ ਘਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਟੀਮ ਦੀ ਜਿੱਤ ਵਿੱਚ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ 4 ਖਿਡਾਰੀਆਂ ਨੇ ਵੀ ਅਹਿਮ ਯੋਗਦਾਨ ਪਾਇਆ ਹੈ, ਜਿਨ੍ਹਾਂ ਵਿੱਚ ਗੁਰਜੰਟ ਸਿੰਘ, ਦਿਲਪ੍ਰੀਤ ਸਿੰਘ, ਹਰਮਨਪ੍ਰੀਤ ਸਿੰਘ ਅਤੇ ਸ਼ਮਸ਼ੇਰ ਸਿੰਘ ਸ਼ਾਮਿਲ ਹਨ। ਮੈਚ ਵਿੱਚ ਦੋ ਗੋਲ ਕਰਨ ਵਾਲਾ ਸਿਮਰਨਜੀਤ ਸਿੰਘ ਖਿਡਾਰੀ ਗੁਰਜੰਟ ਸਿੰਘ ਦੇ ਮਾਮੇ ਦਾ ਪੁੱਤਰ ਹੈ। ਇਸ ਲਈ ਗੁਰਜੰਟ ਦੇ ਪਰਿਵਾਰ ਵਿੱਚ ਦੋਹਰਾ ਜਸ਼ਨ ਹੈ। ਦੋਵਾਂ ਖਿਡਾਰੀਆਂ ਦੇ ਪਰਿਵਾਰਾਂ ਨੇ ਪੂਰਾ ਮੈਚ ਦੇਖਿਆ। ਹੁਣ ਪਰਿਵਾਰ ਜਿੱਤ ਦੀ ਖੁਸ਼ੀ ਵਿੱਚ ਫੁੱਲਿਆ ਨਹੀਂ ਸਮਾਂ ਰਿਹਾ। ਪ੍ਰਸ਼ੰਸਕਾਂ ਦੇ ਨਾਲ ਪਰਿਵਾਰਕ ਮੈਂਬਰਾਂ ਨੇ ਵੀ ਢੋਲ ਦੀ ਤਾਲ ‘ਤੇ ਭੰਗੜਾ ਪਾਇਆ ਹੈ।
ਗੁਰਜੰਟ ਦੀ ਮਾਂ ਅਤੇ ਸਿਮਰਨਜੀਤ ਦੀ ਭੂਆ ਸੁਖਜਿੰਦਰ ਕੌਰ ਦਾ ਕਹਿਣਾ ਹੈ ਕਿ ਕਾਂਸੀ ਦਾ ਤਗਮਾ ਉਨ੍ਹਾਂ ਲਈ ਸੋਨ ਤਗਮਾ ਹੈ। ਪੁੱਤਰਾਂ ਨੇ 41 ਸਾਲ ਪੁਰਾਣਾ ਕਰਜ਼ ਉਤਾਰ ਦਿੱਤਾ ਹੈ। ਦੋਵਾਂ ਭਰਾਵਾਂ ਗੁਰਜੰਟ ਅਤੇ ਸਿਮਰਨ ਨੇ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨ ਕੀਤਾ ਹੈ। ਭਾਰਤੀ ਟੀਮ ਨੇ ਇੱਕ ਵਾਰ ਫਿਰ ਇਤਿਹਾਸ ਦੁਹਰਾਇਆ ਹੈ। ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੇਰੇ ਪੁੱਤਰਾਂ ਨੇ ਇੰਨੀ ਵੱਡੀ ਖੁਸ਼ੀ ਦਿੱਤੀ ਹੈ ਕਿ ਮੇਰੀਆਂ ਅੱਖਾਂ ਵਿੱਚ ਹੰਝੂ ਆ ਗਏ। ਇਸ ਦੌਰਾਨ ਪੂਰਾ ਪਰਿਵਾਰ ਭਾਵੁਕ ਹੋਇਆ ਤੇ ਕਿਹਾ ਛਾਤੀ ਮਾਣ ਨਾਲ ਚੌੜੀ ਹੋ ਗਈ ਹੈ। ਗੁਰਜੰਟ ਦੇ ਪਿਤਾ ਬਲਦੇਵ ਸਿੰਘ ਨੇ ਕਿਹਾ ਕਿ ਉਹ ਇਹ ਕਹਿ ਕੇ ਗਿਆ ਸੀ ਕਿ ਉਹ ਮੈਡਲ ਲੈ ਕੇ ਵਾਪਿਸ ਆਵੇਗਾ। ਕੋਈ ਫਰਕ ਨਹੀਂ ਪੈਂਦਾ ਕਿ ਉਸਨੂੰ ਕੋਈ ਵੀ ਮੈਡਲ ਮਿਲੇ, ਪਰ ਪੁੱਤ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ, ਮੇਰੇ ਲਈ ਇਹ ਕਾਫ਼ੀ ਹੈ। ਦੋ ਗੋਲ ਕਰਨ ਵਾਲਾ ਸਿਮਰਨਜੀਤ ਗੁਰਜੰਟ ਦੇ ਮਾਮੇ ਦਾ ਪੁੱਤਰ ਹੈ। ਦੋਵੇਂ ਭਰਾ ਬਹੁਤ ਮੇਲ ਮਿਲਾਪ ਨਾਲ ਖੇਡ ਰਹੇ ਸਨ। ਜਦੋਂ ਦੋ ਭਰਾ ਮੈਦਾਨ ਵਿੱਚ ਹੁੰਦੇ ਹਨ, ਤਾਂ ਤਾਲਮੇਲ ਮਜ਼ਬੂਤ ਹੁੰਦਾ ਹੈ। ਮੈਨੂੰ ਮੇਰੇ ਦੋਵਾਂ ਪੁੱਤਰਾਂ ‘ਤੇ ਮਾਣ ਹੈ, ਹੁਣ ਬੱਸ ਘਰ ਆ ਜਾਉ ਜਲਦੀ।
ਇਹ ਵੀ ਪੜ੍ਹੋ : ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਜਸ਼ਨ ਦਾ ਮਾਹੌਲ, ਮਾਂ ਹੋਈ ਭਾਵੁਕ ਕਿਹਾ- ਅਰਦਾਸ ਕਬੂਲ ਹੋਈ, ਦੇਖੋ ਵੀਡੀਓ …
ਭਾਰਤੀ ਟੀਮ ਨੇ ਟੂਰਨਾਮੈਂਟ ਵਿੱਚ ਆਪਣੇ ਪ੍ਰਦਰਸ਼ਨ ਨਾਲ ਨਾ ਸਿਰਫ ਕਾਂਸੀ ਦਾ ਤਗਮਾ ਜਿੱਤਿਆ ਬਲਕਿ ਸਾਰਿਆਂ ਦਾ ਦਿਲ ਵੀ ਜਿੱਤਿਆ ਹੈ। ਆਸਟ੍ਰੇਲੀਆ ਵਿਰੁੱਧ ਦੂਜੇ ਗਰੁੱਪ ਮੈਚ ਵਿੱਚ 1-7 ਦੀ ਕਰਾਰੀ ਹਾਰ ਦੇ ਬਾਵਜੂਦ ਭਾਰਤੀ ਟੀਮ ਬਾਕੀ ਚਾਰ ਗਰੁੱਪ ਮੈਚ ਜਿੱਤ ਕੇ ਦੂਜੇ ਸਥਾਨ ‘ਤੇ ਰਹੀ। ਸ਼ੁਰੂਆਤੀ ਤਿੰਨ ਕੁਆਰਟਰਾਂ ਵਿੱਚ ਸਖਤ ਮੁਕਾਬਲਾ ਦੇਣ ਦੇ ਬਾਵਜੂਦ ਟੀਮ ਵਿਸ਼ਵ ਚੈਂਪੀਅਨ ਬੈਲਜੀਅਮ ਤੋਂ ਸੈਮੀਫਾਈਨਲ ਵਿੱਚ 2-5 ਨਾਲ ਹਾਰ ਗਈ ਸੀ। ਭਾਰਤੀ ਟੀਮ ਨੇ 1980 ਦੇ ਮਾਸਕੋ ਓਲੰਪਿਕਸ ਵਿੱਚ ਸੋਨ ਤਗਮਾ ਜਿੱਤਣ ਦੇ 41 ਸਾਲ ਬਾਅਦ ਓਲੰਪਿਕ ਮੈਡਲ ਜਿੱਤਿਆ ਹੈ।
ਦੇਖੋ ਵੀਡੀਓ : ਜਿੱਤ ਪਿੱਛੋਂ ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਦੇ ਘਰ ਦਾ ਮਾਹੌਲ, ਮਾਂ ਹੋਈ ਭਾਵੁਕ ਜਲੰਧਰ ਤੋਂ LIVE !