ਲੁਧਿਆਣਾ ਦੇ ਜੇਲ੍ਹ ਪ੍ਰਬੰਧਨ ਵੱਲੋਂ ਭਾਵੇਂ ਇਥੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣ ਦੇ ਲੱਖਾਂ ਦਾਅਵੇ ਕੀਤੇ ਜਾਂਦੇ ਹਨ ਪਰ ਜੇਲ੍ਹ ਵਿੱਚ ਕੈਦੀਆਂ ਤੋਂ ਪਾਬੰਦੀਸ਼ੁਦਾ ਚੀਜ਼ਾਂ ਪ੍ਰਾਪਤ ਹੋਣ ‘ਤੇ ਇਹ ਦਾਅਵੇ ਧਰੇ-ਧਰਾਏ ਰਹਿ ਜਾਂਦੇ ਹਨ। ਕੇਂਦਰੀ ਜੇਲ੍ਹ ਵਿੱਚੋਂ ਹੁਣ ਫਿਰ ਕੈਦੀਆਂ ਤੋਂ ਮੋਬਾਈਲ ਫੋਨ ਮਿਲਣ ਦਾ ਮਾਮਲਾ ਸਾਹਮਣੇ ਆਇਆ ਹੈ।
ਸੈਂਟਰਲ ਜੇਲ੍ਹ ਵਿੱਚ ਅਚਾਨਕ ਹੋਈ ਤਲਾਸ਼ੀ ਦੌਰਾਨ ਬੈਰਕ ਵਿੱਚ ਬੰਦ ਕੈਦੀਆਂ ਕੋਲੋਂ ਮੋਬਾਈਲ ਫੋਨ ਬਰਾਮਦ ਹੋਏ ਹਨ। ਜੇਲ ਪ੍ਰਬੰਧਨ ਦੀ ਸ਼ਿਕਾਇਤ ‘ਤੇ ਥਾਣਾ ਡਵੀਜ਼ਨ ਨੰਬਰ ਸੱਤ ਦੀ ਪੁਲਿਸ ਨੇ ਚਾਰ ਦੋਸ਼ੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਦੋਸ਼ੀਆਂ ਦੇ ਨਾਂ ਬਸ਼ੀਰ ਅਹਿਮਦ, ਰਣਧੀਰ ਕੁਮਾਰ, ਸਤਨਾਮ ਸਿੰਘ ਅਤੇ ਪਿੰਦਰ ਸਿੰਘ ਹਨ। ਇਹ ਕੇਸ ਪੁਲਿਸ ਨੇ ਕਸ਼ਮੀਰ ਲਾਲ ਸਹਾਇਕ ਸੁਪਰਡੈਂਟ ਕੇਂਦਰੀ ਜੇਲ੍ਹ ਦੀ ਸ਼ਿਕਾਇਤ ‘ਤੇ ਦਰਜ ਕੀਤਾ ਹੈ।
ਇਹ ਵੀ ਪੜ੍ਹੋ : ਨੀਰਜ ਨੇ ਪੂਰਾ ਕੀਤਾ ਮਿਲਖਾ ਸਿੰਘ ਦਾ ਸੁਪਨਾ- ਫਲਾਇੰਗ ਸਿੱਖ ਨੂੰ ਸਮਰਿਪਤ ਕੀਤਾ ਮੈਡਲ
ਪੁਲਿਸ ਅਨੁਸਾਰ 5 ਅਗਸਤ ਨੂੰ ਜੇਲ੍ਹ ਵਿੱਚ ਅਚਾਨਕ ਤਲਾਸ਼ੀ ਸ਼ੁਰੂ ਕੀਤੀ ਗਈ ਸੀ। ਜਿਥੇ ਬੈਰਕ ਵਿੱਚ ਬੰਦ ਹਵਾਲਾਤੀਆਂ ਕੋਲੋਂ ਚਾਰ ਮੋਬਾਈਲ ਫੋਨ ਬਰਾਮਦ ਹੋਏ, ਜਿਸ ਨੂੰ ਉਹ ਲੁਕਾ ਰਹੇ ਸਨ। ਫਿਲਹਾਲ ਪੁਲਿਸ ਨੇ ਦੋਸ਼ੀਆਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।