ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ‘ਤੇ ਤਾਲਿਬਾਨ ਦਾ ਕਬਜ਼ਾ ਹੋਣ ‘ਤੇ ਦੇਸ਼ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਪ੍ਰਗਟ ਕੀਤੀ ਅਤੇ ਵਧੇਰੇ ਸਾਵਧਾਨ ਰਹਿਣ ਲਈ ਕਿਹਾ। ਉਨ੍ਹਾਂ ਕਿਹਾ ਕਿ ਇਹ ਚੰਗੇ ਸੰਕੇਤ ਨਹੀਂ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਅਫਗਾਨਿਸਤਾਨ ਦੇ ਹਲਾਤ ‘ਤੇ ਟਵੀਟ ਕਰਕੇ ਸਪਸ਼ਟ ਕੀਤਾ ਹੈ ਕਿ ਇਹ ਗਿਰਾਵਟ ਸਾਡੇ ਦੇਸ਼ ਲਈ ਚੰਗੀ ਨਹੀਂ। ਇਹ ਭਾਰਤ ਦੇ ਖਿਲਾਫ ਚੀਨ-ਪਾਕਿਸਤਾਨ ਗਠਜੋੜ ਨੂੰ ਮਜਬੂਤ ਕਰੇਗਾ (ਚੀਨ ਪਹਿਲਾਂ ਹੀ ਉਈਗਰ ‘ਤੇ ਮਲੇਸ਼ੀਆ ਦੀ ਮਦਦ ਮੰਗ ਚੁੱਕਾ ਹੈ) ਇਹ ਸੰਕੇਤ ਬਿਲਕੁਲ ਚੰਗੇ ਨਹੀਂ ਹਨ। ਸਾਨੂੰ ਹੁਣ ਆਪਣੀਆਂ ਸਾਰੀਆਂ ਸਰਹੱਦਾਂ ‘ਤੇ ਵਧੇਰੇ ਚੌਕਸ ਰਹਿਣ ਦੀ ਜ਼ਰੂਰਤ ਹੈ।
ਦੱਸਣਯੋਗ ਹੈ ਕਿ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਪ ਰਾਸ਼ਟਰਪਤੀ ਅਮਰੁੱਲਾਹ ਸਾਲੇਹ ਨੇ ਸੱਤਾ ਤਬਦੀਲ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਦੇਸ਼ ਛੱਡ ਦਿੱਤਾ ਹੈ ਅਤੇ ਉਹ ਤਜ਼ਾਕਿਸਤਾਨ ਲਈ ਰਵਾਨਾ ਹੋ ਗਏ ਹਨ। ਦੂਜੇ ਪਾਸੇ ਭਾਰਤ ਸਮੇਤ ਬਹੁਤ ਸਾਰੇ ਦੇਸ਼ ਆਪਣੇ ਨਾਗਰਿਕਾਂ ਅਤੇ ਰਾਜਦੂਤਾਂ ਨੂੰ ਬਚਾਉਣ ਵਿੱਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ : ਤਾਲਿਬਾਨ ਅੱਗੇ ਅਫਗਾਨਿਸਤਾਨ ਨੇ ਟੇਕੇ ਗੋਡੇ, ਰਾਸ਼ਟਰਪਤੀ ਅਸ਼ਰਫ ਗਨੀ ਨੇ ਛੱਡਿਆ ਦੇਸ਼
ਤਾਲਿਬਾਨ ਦੇ ਬੁਲਾਰੇ ਸੁਹੇਲ ਸ਼ਾਹੀਨ ਨੇ ਕਿਹਾ ਸੀ ਕਿ ‘ਅਸੀਂ ਚਾਹੁੰਦੇ ਹਾਂ ਕਿ ਸਰਕਾਰ ਬਿਨਾਂ ਸ਼ਰਤ ਆਤਮ ਸਮਰਪਣ ਕਰੇ’, ਅਤੇ ਇਹ ਹੋਇਆ। ਐਤਵਾਰ ਨੂੰ ਰਾਸ਼ਟਰਪਤੀ ਨਿਵਾਸ ‘ਤੇ ਸੱਤਾ ਸੌਂਪਣ ਦੀ ਪ੍ਰਕਿਰਿਆ ਤੋਂ ਬਾਅਦ ਅਫਗਾਨਿਸਤਾਨ ਵਿੱਚ ਤਾਲਿਬਾਨੀ ਯੁੱਗ ਵਾਪਸ ਆ ਗਿਆ ਹੈ। ਸੂਤਰਾਂ ਅਨੁਸਾਰ ਅਲੀ ਅਹਿਮਦ ਜਲਾਲੀ ਅਫਗਾਨਿਸਤਾਨ ਦੇ ਅਗਲੇ ਰਾਸ਼ਟਰਪਤੀ ਹੋ ਸਕਦੇ ਹਨ। ਇਸ ਦਾ ਐਲਾਨ ਛੇਤੀ ਹੀ ਕੀਤਾ ਜਾ ਸਕਦਾ ਹੈ।