ਪੰਜਾਬ ਵਿੱਚ ਪਿਛਲੇ ਇੱਕ ਹਫ਼ਤੇ ਤੋਂ ਗਰਮੀ ਨੇ ਲੋਕਾਂ ਨੂੰ ਦੁਖੀ ਕੀਤਾ ਹੋਇਆ ਹੈ। ਹਾਲਾਂਕਿ, ਹੁਣ ਇਸ ਤੋਂ ਰਾਹਤ ਮਿਲ ਸਕੇਗੀ। ਇੰਡੀਆ ਮੈਟਰੋਲਾਜੀਕਲ ਡਿਪਾਰਟਮੈਂਟ (ਆਈਐਮਡੀ), ਚੰਡੀਗੜ੍ਹ ਦੀ ਭਵਿੱਖਬਾਣੀ ਦੇ ਅਨੁਸਾਰ ਹੁਣ ਮਾਨਸੂਨ ਦੁਬਾਰਾ ਸਰਗਰਮ ਹੋ ਰਿਹਾ ਹੈ। ਵਿਭਾਗ ਅਨੁਸਾਰ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲ ਛਾਏ ਰਹਿਣਗੇ।
19 ਤੋਂ 21 ਅਗਸਤ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਤੋਂ ਬਾਅਦ ਵੀ ਦੋ ਦਿਨਾਂ ਤੱਕ ਆਸਮਾਨ ਵਿੱਚ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ।
ਮੰਗਲਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਗਰਮੀ ਦੇਖਣ ਨੂੰ ਮਿਲੀ, ਜਿਸਦੇ ਨਾਲ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਨੂੰ ਪਾਰ ਕਰ ਗਿਆ। ਕਈ ਜ਼ਿਲ੍ਹਿਆਂ ਵਿੱਚ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ ਦੋ ਤੋਂ ਤਿੰਨ ਡਿਗਰੀ ਸੈਲਸੀਅਸ ਵੱਧ ਦਰਜ ਕੀਤਾ ਗਿਆ।
ਲੁਧਿਆਣਾ ਵਿੱਚ ਵੱਧ ਤੋਂ ਵੱਧ ਤਾਪਮਾਨ 35.4 ਡਿਗਰੀ ਸੈਲਸੀਅਸ ਰਿਹਾ, ਜੋ ਆਮ ਨਾਲੋਂ ਦੋ ਡਿਗਰੀ ਵੱਧ ਸੀ। ਇਸ ਦੇ ਨਾਲ ਹੀ ਪਟਿਆਲਾ ਵਿੱਚ ਵੱਧ ਤੋਂ ਵੱਧ ਤਾਪਮਾਨ 36.6 ਡਿਗਰੀ ਰਿਹਾ, ਜੋ ਆਮ ਨਾਲੋਂ ਚਾਰ ਡਿਗਰੀ ਵੱਧ ਸੀ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 35.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਇੱਕ ਡਿਗਰੀ ਵੱਧ ਸੀ। ਇਸੇ ਤਰ੍ਹਾਂ ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ 37.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ ਤਿੰਨ ਡਿਗਰੀ ਵੱਧ ਸੀ।
ਇਹ ਵੀ ਪੜ੍ਹੋ : ਸਿੱਖ ਸ਼ਰਧਾਲੂਆਂ ਲਈ ਚੰਗੀ ਖਬਰ : ਗੁਰਦੁਆਰਾ ਸਾਹਿਬ ਲਈ ਦਸਵੰਧ ‘ਤੇ ਮਿਲੇਗੀ ਇਨਕਮ ਟੈਕਸ ਤੋਂ ਛੋਟ
ਇਸ ਦੇ ਨਾਲ ਹੀ ਬੁੱਧਵਾਰ ਨੂੰ ਵੀ ਚੰਡੀਗੜ੍ਹ ਵਿੱਚ ਬੱਦਲਵਾਈ ਰਹਿਣ ਦੀ ਸੰਭਾਵਨਾ ਹੈ। ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 35.7 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 25 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਚੰਡੀਗੜ੍ਹ ਨੂੰ ਵੀ ਪਿਛਲੇ ਕੁਝ ਦਿਨਾਂ ਤੋਂ ਭਾਰੀ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿਛਲੇ ਹਫ਼ਤੇ ਸ਼ਹਿਰ ਵਿੱਚ ਕੁਝ ਥਾਵਾਂ ‘ਤੇ ਮੀਂਹ ਪਿਆ, ਪਰ ਇਸ ਕਾਰਨ ਗਰਮੀ ਘੱਟਣ ਦੀ ਬਜਾਏ ਨਮੀ ਵਿੱਚ ਵਾਧਾ ਹੋਇਆ। ਇਸ ਕਾਰਨ ਲੋਕ ਪ੍ਰੇਸ਼ਾਨ ਹਨ।