ਚੰਡੀਗੜ੍ਹ: ਪੰਜਾਬ ਵਿੱਚ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਦਿੱਤੇ ਗਏ ਡਿਨਰ ਵਿੱਚ 8 ਸੰਸਦ ਮੈਂਬਰਾਂ ਅਤੇ 59 ਵਿਧਾਇਕਾਂ ਦੀ ਮੌਜੂਦਗੀ ਤੋਂ ਬਾਅਦ, ਇਹ ਸਪੱਸ਼ਟ ਕੀਤਾ ਗਿਆ ਕਿ ਇੱਥੇ ਇਕੱਠੇ ਹੋਏ ਸਾਰੇ ਨੇਤਾਵਾਂ ਨੇ ਬਹੁਤ ਹੀ ਸਹਿਜ ਸੁਭਾਅ ‘ਚ ਕਿਹਾ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਇਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ।
ਇਸ ਡਿਨਰ ਮੌਕੇ ਪੰਜਾਬ ਦੇ ਸਾਰੇ ਕਾਂਗਰਸੀ ਸੰਸਦ ਮੈਂਬਰ ਅਤੇ 59 ਵਿਧਾਇਕ ਹਾਜ਼ਰ ਸਨ, ਜਿਨ੍ਹਾਂ ਵਿੱਚ ਮੁੱਖ ਤੌਰ ‘ਤੇ ਮਨਪ੍ਰੀਤ ਸਿੰਘ ਬਾਦਲ, ਵਿਜੇ ਇੰਦਰ ਸਿੰਗਲਾ, ਰਾਣਾ ਗੁਰਜੀਤ ਸਿੰਘ, ਰਜਿੰਦਰ ਬੇਰੀ, ਰਾਜ ਕੁਮਾਰ ਵੇਰਕਾ, ਦਲਵੀਰ ਸਿੰਘ ਗੋਲਡੀ ਅਤੇ ਹੋਰ ਵਿਧਾਇਕ ਸ਼ਾਮਲ ਸਨ। ਇਸ ਡਿਨਰ ‘ਤੇ ਕੈਪਟਨ ਅਮਰਿੰਦਰ ਸਿੰਘ ਦੇ ਸਮਰਥਨ ‘ਚ ਸਾਹਮਣੇ ਆਏ ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੇ ਇਸ ਵੱਡੇ ਇਕੱਠ ‘ਚ ਮੁੱਖ ਮੰਤਰੀ ਦੇ ਖਿਲਾਫ ਸਾਹਮਣੇ ਆਏ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸੁੱਖ ਸਰਕਾਰੀਆ ਨੇ ਵੱਡਾ ਝਟਕਾ ਦਿੱਤਾ ਹੈ।
ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਚੱਲ ਰਿਹਾ ਵਿਵਾਦ ਰੁਕਣ ਦੀ ਥਾਂ ਹੋਰ ਵੀ ਵਧਦਾ ਜਾ ਰਿਹਾ ਹੈ। ਪਾਰਟੀ ਵਿੱਚ ਚੱਲ ਰਹੀ ਧੜੇਬੰਦੀ ਦੌਰਾਨ ਨਵਜੋਤ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਆਪੋ-ਆਪਣੇ ਸ਼ਕਤੀ ਪ੍ਰਦਰਸ਼ਨ ਵਿੱਚ ਲੱਗੇ ਹੋਏ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸੀ ਵਿਧਾਇਕ ਤੇ ਸੰਸਦ ਮੈਂਬਰਾਂ ਨੂੰ ਡਿਨਰ ‘ਤੇ ਸੱਦਿਆ ਹੈ।
ਇਹ ਵੀ ਪੜ੍ਹੋ : ਅਹਿਮ ਖਬਰ : ਅੰਦੋਲਨ ਦੌਰਾਨ ਜਾਨਾਂ ਗੁਆਉਣ ਵਾਲੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ 104 ਵਾਰਸਾਂ ਨੂੰ ਨੌਕਰੀ ਦੇਣ ਨੂੰ ਪ੍ਰਵਾਨਗੀ
ਦੱਸਣਯੋਗ ਹੈ ਕਿ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੈਪਟਨ ਖਿਲਾਫ ਕੀਤੀ ਜਾ ਰਹੀ ਬਿਆਨਬਾਜ਼ੀ ਕਾਰਨ ਸਿਆਸਤ ਕਾਫੀ ਗਰਮਾਈ ਹੋਈ ਹੈ। ਦੂਜੇ ਪਾਸੇ ਮੁੱਖ ਮੰਤਰੀ ਨੂੰ ਬਦਲਣ ਦੀ ਮੰਗ ਨੂੰ ਲੈ ਕੇ ਬੀਤੇ ਦਿਨ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ, ਸੁਖਬਿੰਦਰ ਸੁੱਖ ਸਰਕਾਰੀਆ, ਤ੍ਰਿਪਤ ਬਾਜਵਾ, ਕੁਲਬੀਰ ਜ਼ੀਰਾ, ਬਰਿੰਦਰਜੀਤ ਪਾਹੜਾ, ਸੁਰਜੀਤ ਧੀਮਾਨ ਹਰੀਸ਼ ਰਾਵਤ ਨੂੰ ਮਿਲਣ ਪਹੁੰਚੇ ਸਨ।
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਬਾਗੀ ਧੜੇ ਨਾਲ ਮੀਟਿੰਗਾਂ ਕੀਤੀਆਂ ਸਨ। ਸਿਆਸਤ ਵਿੱਚ ਚੱਲ ਰਹੀ ਇਸ ਉਥਲ-ਪੁਥਲ ਵਿਚਾਲੇ ਕੈਪਟਨ ਵੱਲੋਂ ਮੰਤਰੀਆਂ ਤੇ ਵਿਧਾਇਕਾਂ ਨੂੰ ਡਿਨਰ ‘ਤੇ ਸੱਦਣਾ ਇਸ ਵੇਲੇ ਸਿੱਧੂ ਦੇ ਬਾਗੀ ਧੜੇ ਖਿਲਾਫ ਵੱਡਾ ਦਾਅ ਹੈ।