ਸ਼੍ਰੀ ਮੁਕਤਸਰ ਸਾਹਿਬ: ਪੁਲਿਸ ਮੁਲਾਜ਼ਮ ਇੱਕ ਪਾਸੇ ਜਿਥੇ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਉਂਦੇ ਹਨ। ਆਪਣੇ ਪੇਸ਼ੇ ਕਰਕੇ ਉਨ੍ਹਾਂ ਨੂੰ ਮੁਲਾਜ਼ਮਾਂ ਨਾਲ ਸਖਤ ਰਵੱਈਆ ਅਪਨਾਉਣਾ ਪੈਂਦਾ ਹੈ ਨਹੀਂ ਤਾਂ ਸਮਾਜ ਵਿਚੋਂ ਕ੍ਰਾਈਮ ਦੀਆਂ ਵਾਰਦਾਤਾਂ ਵਧਦੀਆਂ ਜਾਣ। ਦੂਜੇ ਪਾਸੇ ਪੁਲਿਸ ਮੁਲਾਜ਼ਮ ਦਾ ਇੱਕ ਹੋਰ ਪਹਿਲੂ ਸ੍ਰੀ ਮੁਕਤਸਰ ਸਾਹਿਬ ਵਿਖੇ ਵੇਖਣ ਨੂੰ ਮਿਲਿਆ ਜਿਥੇ ਸੁਖਚੈਨ ਸਿੰਘ ਨਾਂ ਦੇ ਮੁਲਾਜ਼ਮ ਨੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਘਰ ਵਿਚ ਹੀ ਜਿੰਮ ਖੋਲ੍ਹ ਦਿੱਤਾ।
ਸੁਖਚੈਨ ਸਿੰਘ ਇਨ੍ਹੀਂ ਦਿਨੀਂ ਆਪਣੀ ਵਿਲੱਖਣ ਪਹਿਲਕਦਮੀ ਕਾਰਨ ਸੁਰਖੀਆਂ ਵਿੱਚ ਹੈ। ਪਿੰਡ ਵਿਰਕ ਖੇੜਾ ਦੇ ਵਸਨੀਕ ਸੁਖਚੈਨ ਸਿੰਘ ਨੇ ਨੌਜਵਾਨਾਂ ਲਈ ਅਜਿਹੇ ਕਾਰਜ ਕੀਤੇ ਹਨ, ਜੋ ਕਿ ਸੱਚਮੁੱਚ ਸ਼ਲਾਘਾਯੋਗ ਹੈ। ਦਰਅਸਲ, ਪਿੰਡ ਵਿੱਚ ਜਿੰਮ ਨਾ ਹੋਣ ਕਾਰਨ ਨੌਜਵਾਨਾਂ ਨੂੰ ਦੂਜੇ ਪਿੰਡਾਂ ਵਿੱਚ ਜਾਣਾ ਪੈਂਦਾ ਸੀ। ਇਹ ਸਭ ਕੁਝ ਦੇਖਦੇ ਹੋਏ ਪੁਲਿਸ ਮੁਲਾਜ਼ਮ ਨੇ ਆਪਣੇ ਘਰ ਵਿੱਚ ਜਿਮ ਦਾ ਸਾਮਾਨ ਲਿਆ ਕੇ ਨੌਜਵਾਨਾਂ ਦੀ ਮੰਗ ਪੂਰੀ ਕੀਤੀ।
ਸੁਖਚੈਨ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਖੇਡ ਸਟੇਡੀਅਮ ਨਾ ਹੋਣ ਕਾਰਨ ਨੌਜਵਾਨਾਂ ਨੂੰ ਅਨਾਜ ਮੰਡੀ ਵਿੱਚ ਕਸਰਤ ਕਰਨੀ ਪੈਂਦੀ ਸੀ। ਇਸਦੇ ਕਾਰਨ, ਮੈਂ ਘਰ ਵਿੱਚ ਇੱਕ ਜਿੰਮ ਖੋਲ੍ਹਣ ਦਾ ਫੈਸਲਾ ਕੀਤਾ, ਜਿੱਥੇ ਨੌਜਵਾਨਾਂ ਨੂੰ ਮੁਫਤ ਕਸਰਤ ਦੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਨਾਲ, ਉਨ੍ਹਾਂ ਨੂੰ ਫੌਜ ਅਤੇ ਪੁਲਿਸ ਭਰਤੀ ਲਈ ਸਿਖਲਾਈ ਵੀ ਦਿੱਤੀ ਜਾ ਰਹੀ ਹੈ। ਸੁਖਚੈਨ ਸਿੰਘ ਨੇ ਦੱਸਿਆ ਕਿ ਡਿਊਟੀ ਦੇ ਨਾਲ -ਨਾਲ ਉਨ੍ਹਾਂ ਨੂੰ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ, ਜਿਸ ਕਾਰਨ ਉਹ ਬਹੁਤ ਖੁਸ਼ ਹਨ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸਿੱਧੀ ਧਮਕੀ, ‘ਜੇ ਫੈਸਲੇ ਨਾ ਲੈਣ ਦਿੱਤੇ ਤਾਂ ਇੱਟ ਨਾਲ ਇੱਟ ਖੜਕਾ ਦੇਵਾਂਗਾ’