ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਕੁਝ ਦਿਨਾਂ ਤੋਂ ਬੇਲੋੜੀਆਂ ਟਿੱਪਣੀਆਂ ਦੇ ਮੱਦੇਨਜ਼ਰ ਪਾਰਟੀ ਨੂੰ ਜਾਣੇ-ਅਣਜਾਣੇ ਲੱਗੀ ਢਾਅ ਕਰਕੇ ਸੀਨੀਅਰ ਕਾਂਗਰਸੀ ਲੀਡਰ ਅਤੇ ਉੱਘੇ ਟ੍ਰੇਡ ਯੂਨੀਅਨਨਿਸਟ ਸਰਦਾਰ ਐਮ ਐੱਮ. ਸਿੰਘ ਚੀਮਾ ਨੇ ਕੁੱਲ ਹਿੰਦ ਕਾਂਗਰਸ ਕਮੇਟੀ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ ਕੋਲ ਪਹੁੰਚ ਕੀਤੀ।
ਚੀਮਾ ਨੇ ਕਾਂਗਰਸ ਪ੍ਰਧਾਨ ਨੂੰ ਕਿਹਾ ਕਿ ਇਸ ਮੁੱਦੇ ‘ਤੇ ਤੁਰੰਤ ਕਾਰਵਾਈ ਕਰਨੀ ਦੀ ਲੋੜ ਹੈ। ਉਨ੍ਹਾਂ ਬੀਤੇ ਕੱਲ੍ਹ ਅੰਮ੍ਰਿਤਸਰ ਵਿਚ ਇੱਕ ਜਨਤਕ ਇਕੱਠ ਵਿਚ ਸਿੱਧੂ ਵੱਲੋਂ ਕੇਂਦਰੀ ਕਾਂਗਰਸ ਲੀਡਰਸ਼ਿਪ ਨੂੰ ਧਮਕੀ ਭਰੇ ਲਹਿਜ਼ੇ ਵਿਚ ਸੰਬੋਧਨ ਕਰਨ ਨੂੰ ਅਤਿ ਨਿੰਦਣਯੋਗ ਦੱਸਿਆ, ਜਿਸ ਵਿੱਚ ਸਿੱਧੂ ਨੇ ਕਿਹਾ ਸੀ ਕਿ ਮੈਂ ਹਾਈਕਮਾਂਡ ਨੂੰ ਕਹਿ ਆਇਆ ਹਾਂ ਜੇ ਫ਼ੈਸਲੇ ਕਰਨ ਦੀ ਖੁੱਲ੍ਹ ਨਾ ਦਿੱਤੀ ਤਾਂ ਮੈਂ ਇੱਟ ਨਾਲ ਇੱਟ ਖੜਕਾ ਦੇਵਾਂਗਾ।” ਉਨ੍ਹਾਂ ਕਿਹਾ ਕਿ ਇਹ ਬਿਆਨ ਸਿਆਸੀ ਸੂਝ-ਬੂਝ ਤੋਂ ਕੋਹਾਂ ਦੂਰ ਹੈ।
ਸਰਦਾਰ ਚੀਮਾ ਨੇ ਇਨ੍ਹਾਂ ਟਿੱਪਣੀਆਂ ਨੂੰ ਹਰ ਸੁਹਿਰਦ ਕਾਂਗਰਸੀ ਵੱਲੋਂ ਦਿੱਲ ‘ਤੇ ਲੱਗੀ ਸੱਟ ਆਖਦਿਆਂ ਕਿਹਾ ਕੇ ਜਿਸ ਦਿਨ ਤੋਂ ਨਵਜੋਤ ਸਿੱਧੂ ਨੂੰ ਪ੍ਰਧਾਨ ਐਲਾਨਿਆ ਹੈ ਹਰ ਰੋਜ਼ ਇਲੈਕਟ੍ਰਾਨਿਕ ਤੇ ਪ੍ਰਿੰਟ ਮੀਡੀਆ ਤੋਂ ਇਲਾਵਾ ਜਨਤਕ ਤੌਰ ‘ਤੇ ਕੁਝ ਨਾ ਕੁਝ ਬੇਚੈਨੀ ਵਰਗਾ ਮਾਹੌਲ ਸਿਰਜਿਆ ਗਿਆ ਹੈ, ਜਿਸ ਨੂੰ ਠੱਲ੍ਹ ਪਾਉਣਾ ਸਮੇਂ ਦੀ ਨਜ਼ਾਕਤ ਹੈ।
ਇਹ ਵੀ ਪੜ੍ਹੋ : ਮਾਲਵਿੰਦਰ ਸਿੰਘ ਮਾਲੀ ਦਾ ਵੱਡਾ ਬਿਆਨ, ਕਿਹਾ-ਜੇ ਮੇਰਾ ਜਾਨੀ ਨੁਕਸਾਨ ਹੋਇਆ ਤਾਂ ਕੈਪਟਨ ਅਮਰਿੰਦਰ ਸਿੰਘ ਹੋਣਗੇ ਜ਼ਿੰਮੇਵਾਰ
ਪਰ ਜਿਸ ਤਰ੍ਹਾਂ ਉਨ੍ਹਾਂ ਵੱਲੋਂ ਕਾਂਗਰਸੀ ਵਿਧਾਇਕ ਦਲ ਤੇ ਆਮ ਕਾਂਗਰਸ ਵਿਚ ਵਖਰੇਵੇਂ ਨੂੰ ਉਤਸ਼ਾਹ ਮਿਲਿਆ ਹੈ ਉਸ ਨਾਲ ਵਿਰੋਧੀ ਪਾਰਟੀਆਂ ਨੂੰ ਹਾਸੋ-ਹੀਣੇ ਮਜ਼ਾਕ ਕਰਨ ਦਾ ਮੌਕਾ ਮਿਲਿਆ ਹੈ। ਇਸ ਲਈ ਮਾਰੂ ਸਾਬਿਤ ਹੋਣ ਤੋਂ ਪਹਿਲਾਂ ਤੁਰੰਤ ਕੇਂਦਰੀ ਲੀਡਰਸ਼ਿਪ ਨੂੰ ਦਖਲ ਦੇ ਕੇ ਸਖ਼ਤ ਦਿਸ਼ਾ ਨਿਰਦੇਸ਼ ਜਾਰੀ ਕਰਨੀਆਂ ਚਾਹੀਦੀਆਂ ਹਨ।