ਖੇਡ ਮੰਤਰੀ ਰਾਣਾ ਸੋਢੀ ਜਿਨ੍ਹਾਂ ਨੇ ਪੰਜਾਬ ਕਾਂਗਰਸ ਵਿੱਚ ਬਗਾਵਤ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਸਿਆਸੀ ਡਿਨਰ ਪਾਰਟੀ ਕੀਤੀ ਸੀ, ਨੇ ਸਖਤ ਤੇਵਰ ਦਿਖਾਏ ਹਨ। ਸ਼ਨੀਵਾਰ ਨੂੰ ਜਲੰਧਰ ਪਹੁੰਚੇ ਖੇਡ ਮੰਤਰੀ ਨੇ ਕਿਹਾ ਕਿ ਨਵਜੋਤ ਸਿੱਧੂ ਪਾਰਟੀ ਦੇ ਪ੍ਰਧਾਨ ਹਨ। ਜੋ ਵੀ ਉਨ੍ਹਾਂ ਕਿਹਾ ਹੈ, ਉਸ ਦਾ ਜਵਾਬ ਸਿੱਧੂ ਹੀ ਦੇਣ। ਸਿੱਧੂ ਦੇ ਪੱਖ ਤੋਂ ਕਿਹਾ ਗਿਆ ਕਿ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਪਰ ਕਾਂਗਰਸ ਹਾਈਕਮਾਨ ਉਨ੍ਹਾਂ ਦੇ ਬਿਆਨ ਦੀ ਜਾਂਚ ਕਰ ਰਹੀ ਹੈ।
ਪੰਜਾਬ ਕਾਂਗਰਸ ਵਿੱਚ ਧੜੇਬੰਦੀ ਬਾਰੇ ਖੇਡ ਮੰਤਰੀ ਨੇ ਕਿਹਾ ਕਿ ਕਾਂਗਰਸ ਪੰਜਾਬ ਵਿੱਚ ਇੱਕਜੁੱਟ ਹੈ। ਸਾਰੇ ਵਿਧਾਇਕ ਇਕੱਠੇ ਹਨ। ਅਗਲੀਆਂ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਉਹ ਇਸ ਨੂੰ ਸਪੱਸ਼ਟ ਕਰਦੇ ਹਨ। ਇਸ ਤੋਂ ਪਹਿਲਾਂ ਹਰੀਸ਼ ਰਾਵਤ ਵੀ ਕਾਂਗਰਸ ਹਾਈਕਮਾਨ ਵੱਲੋਂ ਇਹ ਗੱਲ ਕਹਿ ਚੁੱਕੇ ਹਨ। ਪੰਜਾਬ ਕਾਂਗਰਸ ਦੀ ਮੌਜੂਦਾ ਰਾਜਨੀਤੀ ਵਿੱਚ ਰਾਣਾ ਸੋਢੀ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੋ ਗਈ ਹੈ। ਉਹ ਕੈਪਟਨ ਦੇ ਕਰੀਬੀ ਹਨ। ਜਦੋਂ ਨਵਜੋਤ ਸਿੱਧੂ ਧੜੇ ਨੇ ਬਗਾਵਤ ਕੀਤੀ ਅਤੇ ਕੈਪਟਨ ਨੂੰ ਕੁਰਸੀ ਤੋਂ ਹਟਾਉਣ ਦੀ ਮੰਗ ਕੀਤੀ ਤਾਂ ਰਾਣਾ ਸੋਢੀ ਕੈਪਟਨ ਦੇ ਨਾਲ ਰਹੇ। ਇਥੋਂ ਤਕ ਕਿ ਉਨ੍ਹਾਂ ਨੇ ਆਪਣੇ ਘਰ ਡਿਨਰ ਪਾਰਟੀ ਵੀ ਰੱਖੀ ਸੀ, ਜਿਸ ਵਿੱਚ 58 ਮੌਜੂਦਾ ਵਿਧਾਇਕ, 8 ਸੰਸਦ ਮੈਂਬਰ ਅਤੇ ਪਿਛਲੀਆਂ ਵਿਧਾਨ ਸਭਾ ਚੋਣਾਂ ਹਾਰਨ ਵਾਲੇ 30 ਨੇਤਾਵਾਂ ਨੇ ਹਿੱਸਾ ਲਿਆ।
ਖੇਡ ਮੰਤਰੀ ਸੋਢੀ ਨੇ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਅਤੇ ਸੁਖਜਿੰਦਰ ਰੰਧਾਵਾ ਦੇ ਕੈਪਟਨ ਵਿਰੋਧੀ ਬਿਆਨਾਂ ‘ਤੇ ਕਿਹਾ ਕਿ ਇਹ ਉਨ੍ਹਾਂ ਦੀ ਨਿੱਜੀ ਰਾਏ ਹੋ ਸਕਦੀ ਹੈ ਨਾ ਕਿ ਸਮੁੱਚੀ ਕਾਂਗਰਸ ਦੀ। ਉਹ ਵੀ ਸਾਡੇ ਹੀ ਹਨ ਅਤੇ ਛੇਤੀ ਹੀ ਸਾਡੇ ਨਾਲ ਹੋਣਗੇ। ਕਾਂਗਰਸ ਤੋਂ ਬਾਹਰ ਕੋਈ ਨਹੀਂ ਹੈ।
ਇਹ ਵੀ ਪੜ੍ਹੋ : ਅਮਰੀਕਾ ‘ਚ ਦਰਦਨਾਕ ਹਾਦਸਾ- ਦੋ ਪੰਜਾਬੀ ਨੌਜਵਾਨਾਂ ਸਣੇ ਤਿੰਨ ਦੀ ਮੌਤ, ਮੋਗਾ ਤੇ ਰਾਏਕੋਟ ‘ਚ ਪਸਰਿਆ ਸੋਗ
ਜਲੰਧਰ ਪਹੁੰਚੇ ਖੇਡ ਮੰਤਰੀ ਨੇ ਹੰਸਰਾਜ ਟੇਬਲ ਟੈਨਿਸ ਸਟੇਡੀਅਮ ਦੀ ਇੱਕ ਕਰੋੜ ਦੀ ਮੁਰੰਮਤ ਦੇ ਕੰਮ ਦਾ ਉਦਘਾਟਨ ਕੀਤਾ। ਇੱਥੇ ਐਲਈਡੀ ਲਾਈਟਿੰਗ, ਨਵਾਂ ਲੱਕੜ ਦਾ ਫਰਸ਼, ਵਾਸ਼ਰੂਮ ਅਤੇ ਚੇਂਜਿੰਗ ਰੂਮ ਅਤੇ ਨਵੀਂ ਛੱਤ ਬਣਾਈ ਜਾਵੇਗੀ। ਇਸ ਤੋਂ ਬਾਅਦ ਉਹ ਸਪੋਰਟਸ ਕਾਲਜ ਵੀ ਪਹੁੰਚੇ। ਉਨ੍ਹਾਂ ਕਿਹਾ ਕਿ ਕੋਵਿਡ ਮਹਾਮਾਰੀ ਦੇ ਕਾਰਨ ਸਾਨੂੰ ਡੇਢੇ ਸਾਲ ਤੱਕ ਇੰਤਜ਼ਾਰ ਕਰਨਾ ਪਿਆ। ਹਾਲਾਂਕਿ, ਹੁਣ ਇਹ ਕੰਮ 6 ਮਹੀਨਿਆਂ ਦੇ ਅੰਦਰ ਪੂਰਾ ਹੋ ਜਾਵੇਗਾ।