ਚੰਡੀਗੜ੍ਹ : ਇੱਕ ਵੱਡਾ ਚੋਣ ਵਾਅਦਾ ਪੂਰਾ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵਧੀ ਹੋਈ ਸਮਾਜਿਕ ਸੁਰੱਖਿਆ ਪੈਨਸ਼ਨ ਜੋ ਕਿ 1500 ਰੁਪਏ ਪ੍ਰਤੀ ਮਹੀਨਾ ਕੀਤੀ ਗਈ ਹੈ, ਦੀ ਵੰਡ ਦੀ ਸ਼ੁਰੂਆਤ ਕੀਤੀ। ਇਹ ਅਕਾਲੀ-ਭਾਜਪਾ ਗਠਜੋੜ ਸਰਕਾਰ ਵੱਲੋਂ ਪਹਿਲਾਂ ਦਿੱਤੀ ਜਾਂਦੀ 500 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦੇ ਮੁਕਾਬਲੇ ਤਿੰਨ ਗੁਣਾ ਵਾਧਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਸ਼ੁਰੂਆਤ ਦੌਰਾਨ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਉਨਾਂ ਦੀ 26ਵੀਂ ਬਰਸੀ ਮੌਕੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ।
ਇਸ ਮੌਕੇ ਆਪਣੇ ਸੰਬੋਧਨ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸ. ਬੇਅੰਤ ਸਿੰਘ ਨੇ ਸ਼ਾਂਤੀ ਲਈ ਆਪਣੇ ਜੀਵਨ ਦੀ ਕੁਰਬਾਨੀ ਦਿੱਤੀ ਜਿਸ ਨਾਲ ਸੂਬੇ ਵਿੱਚ ਅਮਨ ਸਥਾਪਤ ਹੋਇਆ ਅਤੇ ਸੂਬੇ ਦੇ ਆਰਥਿਕ ਵਿਕਾਸ ਨੂੰ ਯਕੀਨੀ ਬਣਾਉਣ ਦਾ ਰਾਹ ਪੱਧਰਾ ਹੋਇਆ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਚੋਣ ਮਨੋਰਥ ਪੱਤਰ ਵਿੱਚ ਕੀਤੇ 547 ਚੋਣ ਵਾਅਦਿਆਂ ਵਿਚੋਂ 422 ਪਹਿਲਾਂ ਹੀ ਲਾਗੂ ਕੀਤੇ ਜਾ ਚੁੱਕੇ ਹਨ ਜਦੋਂ ਕਿ 52 ਅੰਸ਼ਿਕ ਰੂਪ ਵਿੱਚ ਅਤੇ 59 ਅਜੇ ਲਾਗੂ ਹੋਣੇ ਬਾਕੀ ਹਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ‘‘ ਇਸ ਤਰਾਂ ਅਸੀਂ ਲਾਗੂ ਹੋਣ ਯੋਗ ਵਾਅਦਿਆਂ ਵਿਚੋਂ 90 ਫੀਸਦੀ ਪੂਰੇ ਕਰ ਦਿੱਤੇ ਹਨ ਜੋਕਿ ਆਂਧਰਾ ਪ੍ਰਦੇਸ਼ ਦੀ ਚੰਦਰਬਾਬੂ ਨਾਇਡੂ ਸਰਕਾਰ ਤੋਂ ਬਾਅਦ ਕਿਸੇ ਵੀ ਸੂਬੇ ਵਿੱਚ ਸਭ ਤੋਂ ਵੱਡੀ ਗਿਣਤੀ ਹੈ।’’ ਉਨਾਂ ਦੱਸਿਆ ਕਿ 14 ਵਾਅਦੇ ਲਾਗੂ ਕੀਤੇ ਜਾਣੇ ਮੁਸ਼ਕਲ ਹਨ ਕਿਉਂਕਿ ਇਨਾਂ ਦਾ ਸਬੰਧ ਵੈਟ ਨਾਲ ਹੈ ਜਿਸ ਦੀ ਥਾਂ ਹੁਣ ਜੀ.ਐਸ.ਟੀ. ਪ੍ਰਣਾਲੀ ਨੇ ਲੈ ਲਈ ਹੈ।
ਇਹ ਵੀ ਪੜ੍ਹੋ : ਸਿੱਧੂ ਨੇ ਇੱਕ ਦਿਨਾ ਵਿਧਾਨ ਸਭਾ ਸੈਸ਼ਨ ਬੁਲਾਏ ਜਾਣ ‘ਤੇ ਚੁੱਕੇ ਸਵਾਲ, ਗਲਤ PPA ਨੂੰ ਰੱਦ ਕਰਨ ਦੀ ਕੀਤੀ ਮੰਗ
ਲੋਕਾਂ ਨਾਲ ਆਪਣੀ ਸਰਕਾਰ ਵੱਲੋਂ ਕੀਤੇ ਵਾਅਦਿਆਂ ਅਨੁਸਾਰ ਚੁੱਕੇ ਗਏ ਲੋਕ ਭਲਾਈ ਦੇ ਕਦਮਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸ਼ਗਨ ਸਕੀਮ (ਆਸ਼ੀਰਵਾਦ) ਤਹਿਤ ਰਕਮ ਪਹਿਲਾਂ ਹੀ ਵਧਾ ਕੇ 51000 ਕੀਤੀ ਜਾ ਚੁੱਕੀ ਹੈ। ਇਸੇ ਤਰਾਂ ਹੀ ‘ਕਿਸਾਨੀ ਕਰਜ਼ਾ ਰਾਹਤ’ ਤਹਿਤ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ 4700 ਕਰੋੜ ਰੁਪਏ ਦੀ ਰਾਹਤ ਦਿੱਤੀ ਗਈ ਹੈ ਅਤੇ ਇਸ ਤੋਂ ਇਲਾਵਾ ਖੇਤ ਮਜ਼ਦੂਰਾਂ ਤੇ ਬੇਜ਼ਮੀਨੇ ਕਿਸਾਨਾਂ ਨੂੰ 520 ਕਰੋੜ ਰੁਪਏ ਦੀ ਕਰਜ਼ਾ ਰਾਹਤ ਦਿੱਤੀ ਗਈ ਹੈ। ਸੂਬਾ ਸਰਕਾਰ ਨੇ ਆਪਣੇ ਵਾਅਦੇ ਅਨੁਸਾਰ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਪਹਿਲਾਂ ਹੀ ਸਮਾਰਟ ਫੋਨਾਂ ਦੀ ਵੰਡ ਕਰ ਦਿੱਤੀ ਹੈ।
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਐਸ.ਸੀ. ਸਕਾਲਰਸ਼ਿਪ ਸਕੀਮ ਪਹਿਲਾਂ ਹੀ ਮੁੜ ਚਾਲੂ ਕਰ ਦਿੱਤੀ ਹੈ ਤਾਂ ਜੋ ਗਰੀਬ ਅਤੇ ਲੋੜਵੰਦ ਵਿਦਿਆਰਥੀ ਉਚੇਰੀ ਸਿੱਖਿਆ ਹਾਸਲ ਕਰ ਸਕਣ। ਇਸੇ ਤਰਾਂ ਹੀ ਸਮਾਜ ਦੇ ਵਾਂਝੇ ਵਰਗਾਂ ਨੂੰ ਕਰਜ਼ਾ ਰਾਹਤ ਦੇਣ ਲਈ ਐਸ.ਸੀ/ਬੀ.ਸੀ ਕਾਰਪੋਰੇਸ਼ਨ ਦੇ 50000 ਰੁਪਏ ਤੱਕ ਦੇ ਕਰਜ਼ੇ ਵੀ ਮੁਆਫ ਕੀਤੇ ਗਏ ਹਨ। ਮਹਿਲਾ ਸਸ਼ਕਤੀਕਰਣ ਨੂੰ ਬੜਾਵਾ ਦੇਣ ਲਈ ਸੂਬਾ ਸਰਕਾਰ ਨੇ ਉਨਾਂ ਲਈ ਪੰਚਾਇਤਾਂ/ਸ਼ਹਿਰੀ ਸਥਾਨਕ ਸਰਕਾਰਾਂ ਵਿੱਚ 50 ਫੀਸਦੀ ਅਤੇ ਨੌਕਰੀਆਂ ਵਿੱਚ 33 ਫੀਸਦੀ ਰਾਖਵਾਂਕਰਨ ਲਾਗੂ ਕਰਨ ਤੋਂ ਇਲਾਵਾ ਮੁਫ਼ਤ ਬੱਸ ਸਫਰ ਦੀ ਸਹੂਲਤ ਵੀ ਪ੍ਰਦਾਨ ਕੀਤੀ ਹੈ। ‘ਘਰ-ਘਰ ਨੌਕਰੀ’ ਪਹਿਲਕਦਮੀ ਦੇ ਹਿੱਸੇ ਵਜੋਂ 17 ਲੱਖ ਨੌਕਰੀਆਂ ਦਿੱਤੀਆਂ ਗਈਆਂ ਹਨ ਅਤੇ 38 ਲੱਖ ਵਿਅਕਤੀਆਂ ਨੂੰ ਮੁਫਤ ਮੈਡੀਕਲ ਬੀਮੇ ਦੀ ਸਹੂਲਤ ਦਿੱਤੀ ਗਈ ਹੈ। ਇਸੇ ਤਰਾਂ ਹੀ ਪੰਜਾਬ ਨੇ ਗੁਣਵੱਤਾ ਭਰਪੂਰ ਸਿੱਖਿਆ ਦੇਣ ਲਈ ਇੱਕ ਸਮਰੱਥ ਸਕੂਲ ਸਿੱਖਿਆ ਢਾਂਚਾ ਯਕੀਨੀ ਬਣਾਉਣ ਹਿੱਤ ਮਾਰੇ ਗਏ ਹੰਭਲੇ ਦੇ ਨਤੀਜੇ ਵਜੋਂ ਸਕੂਲ ਸਿੱਖਿਆ ਖੇਤਰ ਵਿੱਚ ਦੇਸ਼ ਭਰ ਵਿੱਚ ਪਹਿਲਾਂ ਸਥਾਨ ਹਾਸਲ ਕੀਤਾ ਹੈ। ਇਸ ਦੇ ਅਸਰ ਦਾ ਇਸੇ ਤੋਂ ਪਤਾ ਲਗਦਾ ਹੈ ਕਿ ਵੱਧ ਤੋਂ ਵੱਧ ਵਿਦਿਆਰਥੀ ਹੁਣ ਨਿੱਜੀ ਸਕੂਲਾਂ ਦੀ ਥਾਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਲੈਣ ਨੂੰ ਤਰਜੀਹ ਦੇਣ ਲੱਗ ਪਏ ਹਨ।
ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਨ ਲਈ ਆਪਣੀ ਸਰਕਾਰ ਦੀ ਪ੍ਰਤੀਬੱਧਤਾ ਦੁਹਰਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ‘ ਦਾਣਾ-ਦਾਣਾ ਚੱਕਾਂਗੇ’ ਦੇ ਵਾਅਦੇ ’ਤੇ ਖਰਾ ਉਤਰਦੇ ਹੋਏ ਮੰਡੀਆਂ ਵਿੱਚੋਂ ਇੱਕ-ਇੱਕ ਦਾਣੇ ਦੀ ਚੁਕਾਈ ਕੀਤੀ ਗਈ ਹੈ ਅਤੇ ਇਸ ਤੋਂ ਛੁੱਟ ਪਾਣੀ ਵਰਗੀ ਅਨਮੋਲ ਦਾਤ ਨੂੰ ਬਚਾਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਮੁੱਖ ਮੰਤਰੀ ਨੇ 10 ਬਜ਼ੁਰਗ, ਵਿਧਵਾ, ਬੇਸਹਾਰਾ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਵੱਧੀ ਹੋਈ ਪੈਨਸ਼ਨ ਦੇ ਚੈਕ ਵੰਡ ਕੇ ਰਸਮੀ ਤੌਰ ’ਤੇ ਸੂਬੇ ਭਰ ਵਿੱਚ ਇਸ ਸਕੀਮ ਦੀ ਸ਼ੁਰੂਆਤ ਕੀਤੀ। ਇਸ ਸਮੇਂ ਤਿੰਨ ਲਾਭਪਾਤਰੀਆਂ ਜਲੰਧਰ ਤੋਂ ਇਕ ਬਜ਼ੁਰਗ ਮਹਿਲਾ ਪਰਮਜੀਤ ਕੌਰ, ਪਟਿਆਲਾ ਤੋਂ ਵਿਧਵਾ ਮਹਿਲਾ ਮਮਤਾ ਰਾਣੀ ਅਤੇ ਗੁਰਦਾਸਪੁਰ ਤੋਂ ਦਿਵਿਆਂਗ ਵਿਅਕਤੀ ਇੰਦਰਜੀਤ ਸਿੰਘ ਨੇ ਮਹੀਨਾਵਾਰੀ ਪੈਨਸ਼ਨ ਦੁੱਗਣੀ ਵਧਾ ਕੇ 750 ਰੁਪਏ ਤੋਂ 1500 ਰੁਪਏ ਕਰਨ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ।
ਇਸ ਮੌਕੇ ਸੂਬੇ ਭਰ ਦੇ ਤਕਰੀਬਨ 4000 ਸਥਾਨਾਂ ਤੋਂ ਲੋਕਾਂ ਨੇ ਵਰਚੁਅਲ ਤੌਰ ’ਤੇ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਜਦੋਂ ਕਿ ਕਈ ਮੰਤਰੀਆਂ, ਵਿਧਾਇਕਾਂ ਅਤੇ ਹੋਰ ਲੋਕ ਪ੍ਰਤੀਨਿਧੀਆਂ ਨੇ ਸੂਬੇ ਦੇ ਵੱਖੋ-ਵੱਖ ਹਿੱਸਿਆਂ ਵਿੱਚ ਕਰਵਾਏ 400 ਸਮਾਗਮਾਂ ਵਿੱਚ ਹਿੱਸਾ ਲੈਂਦੇ ਹੋਏ ਵਧੀ ਸਮਾਜਿਕ ਸੁਰੱਖਿਆ ਪੈਨਸ਼ਨ ਦੇ ਚੈਕ ਵੰਡੇ।
ਸੂਬੇ ਦੇ ਸਮਾਜਿਕ ਸੁਰੱਖਿਆ, ਮਹਿਲਾ ਅਤੇ ਬਾਲ ਵਿਕਾਸ ਮੰਤਰੀ ਅਰੁਣਾ ਚੌਧਰੀ ਨੇ ਇਸ ਮੌਕੇ 1 ਜੁਲਾਈ, 2021 ਤੋਂ ਸਮਾਜਿਕ ਸੁਰੱਖਿਆ ਪੈਨਸ਼ਨ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਦੇ ਹੋਏ 27 ਲੱਖ ਬਜ਼ੁਰਗ, ਬੇਸਹਾਰਾ, ਵਿਧਵਾ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਫਾਇਦਾ ਪਹੁੰਚਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਵਧੀ ਹੋਈ ਪੈਨਸ਼ਨ ਨਾਲ ਇਨਾਂ ਪੈਨਸ਼ਨਾਂ ਦੀ ਵੰਡ ਸਬੰਧੀ ਸਾਲਾਨਾ ਬਜਟ ਵਧ ਕੇ 4800 ਕਰੋੜ ਰੁਪਏ ਹੋ ਗਿਆ ਹੈ। ਸਮਾਜਿਕ ਸੁਰੱਖਿਆ ਮੰਤਰੀ ਨੇ ਇਹ ਵੀ ਜ਼ਿਕਰ ਕੀਤਾ ਕਿ ਕਾਂਗਰਸ ਸਰਕਾਰ ਨੇ 1992 ਤੋਂ ਆਪਣੇ 15 ਸਾਲ ਦੇ ਕਾਰਜਕਾਲ ਦੌਰਾਨ ਚਾਰ ਵਾਰ ਇਹ ਪੈਨਸ਼ਨ ਵਧਾਈ ਹੈ ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 9 ਸਾਲ ਦੇ ਕਾਰਜਕਾਲ ਦੌਰਾਨ ਇਸ ਪੈਨਸ਼ਨ ਵਿੱਚ ਕੀਤਾ ਗਿਆ ਤਿੰਨ ਵਾਰ ਦਾ ਵਾਧਾ ਵੀ ਸ਼ਾਮਲ ਹੈ। ਜਦੋਂ ਕਿ ਅਕਾਲੀ-ਭਾਜਪਾ ਸਰਕਾਰ ਨੇ ਆਪਣੇ 15 ਸਾਲ ਦੇ ਕਾਰਜਕਾਲ ਵਿੱਚ ਸਿਰਫ ਇੱਕ ਵਾਰ ਇਸ ਪੈਨਸ਼ਨ ਵਿੱਚ ਵਾਧਾ ਕੀਤਾ ਸੀ।
ਇਸ ਮੌਕੇ ਹਾਜ਼ਰ ਹੋਰਨਾਂ ਪਤਵੰਤਿਆਂ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ, ਸਮਾਜਿਕ ਨਿਆਂ, ਸਸ਼ਕਤੀਕਰਣ, ਘੱਟ ਗਿਣਤੀ ਅਤੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ, ਮੁੱਖ ਸਕੱਤਰ ਵਿਨੀ ਮਹਾਜਨ ਅਤੇ ਸਮਾਜਿਕ ਸੁਰੱਖਿਆ, ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਪਿ੍ਰੰਸੀਪਲ ਸਕੱਤਰ ਰਾਜੀ.ਪੀ. ਸ੍ਰੀਵਾਸਤਵਾ ਵੀ ਸ਼ਾਮਿਲ ਸਨ।
ਇਹ ਵੀ ਪੜ੍ਹੋ : ਫੇਸਬੁੱਕ ‘ਤੇ ਲਾਈਵ ਹੋ ਕੇ ਜ਼ਹਿਰ ਪੀਣ ਵਾਲੇ ਗਊਸ਼ਾਲਾ ਸੰਚਾਲਕ ਦੀ ਹੋਈ ਮੌਤ, ਕਾਂਗਰਸੀ ਵਿਧਾਇਕ ਨੂੰ ਠਹਿਰਾਇਆ ਸੀ ਜ਼ਿੰਮੇਵਾਰ