ਸ਼ੌਰਿਆ ਚੱਕਰ ਜੇਤੂ ਬਲਵਿੰਦਰ ਸਿੰਘ ਸੰਧੂ ਕਤਲ ਕੇਸ ਦੇ ਅੱਠ ਮੁਲਜ਼ਮਾਂ ਵਿਰੁੱਧ ਮੰਗਲਵਾਰ ਨੂੰ ਦੋਸ਼ ਤੈਅ ਕੀਤੇ ਗਏ। ਕੌਮੀ ਜਾਂਚ ਏਜੰਸੀ (ਐਨਆਈਆਈਏ) ਦੀ ਵਿਸ਼ੇਸ਼ ਅਦਾਲਤ ਵਿੱਚ ਹੋਈ ਸੁਣਵਾਈ ਦੌਰਾਨ ਸੁਖਦੀਪ ਸਿੰਘ, ਗੁਰਜੀਤ ਸਿੰਘ, ਸੁਖਮੀਤ ਪਾਲ, ਇੰਦਰਜੀਤ ਸਿੰਘ, ਸੁਖਰਾਜ ਸਿੰਘ ਵਿਰੁੱਧ ਧਾਰਾ 302, 120 ਬੀ, ਆਰਮਜ਼ ਐਕਟ ਅਤੇ ਗੈਰਕਨੂੰਨੀ ਗਤੀਵਿਧੀਆਂ (ਯੂਏਪੀਏ ਐਕਟ) ਦੇ ਤਹਿਤ ਦੋਸ਼ ਤੈਅ ਕੀਤੇ ਗਏ, ਜਦੋਂ ਕਿ ਜਗਰੂਪ ਸਿੰਘ, ਅਕਾਸ਼ਦੀਪ ਅਤੇ ਰਵੀ ਢਿੱਲੋਂ ਵਿਰੁੱਧ ਧਾਰਾ 201, 212 ਅਤੇ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤਾ ਜਾਵੇਗਾ। ਮਾਮਲੇ ਦੀ ਅਗਲੀ ਸੁਣਵਾਈ 20 ਸਤੰਬਰ ਤੈਅ ਕੀਤੀ ਗਈ ਹੈ।
ਅਕਤੂਬਰ 2020 ਵਿੱਚ ਬਲਵਿੰਦਰ ਸਿੰਘ ਸੰਧੂ ਦੀ ਭਿੱਖੀਵਿੰਡ ਵਿੱਚ ਉਸ ਦੇ ਸਕੂਲ ਵਿੱਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਕਤਲ ਵਿੱਚ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇਐਲਐਫ) ਦਾ ਨਾਂ ਆਉਣ ਤੋਂ ਬਾਅਦ ਜਾਂਚ ਐਨਆਈਏ ਨੂੰ ਸੌਂਪੀ ਗਈ ਸੀ। ਐਨਆਈਏ ਨੇ ਕੇਐਲਐਫ ਨਾਲ ਸਬੰਧਤ 8 ਮੁਲਜ਼ਮਾਂ ਸੁਖਰਾਜ ਸਿੰਘ ਸੁੱਖਾ ਉਰਫ਼ ਲਖਨਪਾਲ ਵਾਸੀ ਗੁਰਦਾਸਪੁਰ, ਸੁਖਦੀਪ ਸਿੰਘ ਬੂਰਾ ਉਰਫ਼ ਭੂਰਾ, ਰਵਿੰਦਰ ਸਿੰਘ ਉਰਫ਼ ਰਵੀ ਵਾਸੀ ਹੁਸੈਨਪੁਰ ਲੁਧਿਆਣਾ, ਅਕਾਸ਼ਦੀਪ ਅਰੋੜਾ ਉਰਫ਼ ਧਾਲੀਵਾਲ ਵਾਸੀ ਜਨਕਪੁਰੀ ਲੁਧਿਆਣਾ, ਜਗਰੂਪ ਸਿੰਘ ਵਾਸੀ, ਤਰਨਤਾਰਨ ਦੇ ਪਿੰਡ ਰਸ਼ੀਆਨਾ ਨਿਵਾਸੀ ਇੰਦਰਜੀਤ ਸਿੰਘ ਉਰਫ ਇੰਦਰ ਅਤੇ ਗੈਂਗ ਦੇ ਮੁਖੀ ਭਿਖੀਵਿੰਡ ਨਿਵਾਸੀ ਸੁਖਮੀਤ ਪਾਲ ਸਿੰਘ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਸੀ।
ਸਤੰਬਰ 1990 ਵਿੱਚ ਅੱਤਵਾਦੀ ਪੰਜਵਾੜ ਨੇ 200 ਸਾਥੀਆਂ ਦੇ ਨਾਲ ਬਲਵਿੰਦਰ ਸਿੰਘ ਦੇ ਘਰ ਉੱਤੇ ਹਮਲਾ ਕੀਤਾ। ਇਸ ਵਿੱਚ ਰਾਕੇਟ ਲਾਂਚਰ ਦੀ ਵਰਤੋਂ ਵੀ ਕੀਤੀ ਗਈ ਸੀ। ਅੱਤਵਾਦੀਆਂ ਨੇ ਬਲਵਿੰਦਰ ਦੇ ਘਰ ਨੂੰ ਚਾਰੇ ਪਾਸਿਓਂ ਘੇਰ ਲਿਆ ਸੀ। ਉਸਦੇ ਘਰ ਨੂੰ ਜਾਣ ਵਾਲੇ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਗਏ ਸਨ ਤਾਂ ਜੋ ਪੁਲਿਸ ਅਤੇ ਨੀਮ ਫੌਜੀ ਬਲ ਮਦਦ ਲਈ ਨਾ ਆ ਸਕਣ।
ਪੰਜ ਘੰਟੇ ਚੱਲੇ ਮੁਕਾਬਲੇ ਵਿੱਚ ਪੰਜਵੜ ਭੱਜ ਗਿਆ ਅਤੇ ਉਸਦੇ ਕਈ ਕੁਰਕੇ ਮਾਰੇ ਗਏ। ਪਰਿਵਾਰ ਦੇ ਸਾਰੇ ਮੈਂਬਰਾਂ ਨੇ ਸਟੇਨਗਨ ਸਰੀਖੇ ਹਥਿਆਰਾਂ ਤੋਂ ਅੱਤਵਾਦੀਆਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ ਸੀ। ਇਸ ਤੋਂ ਬਾਅਦ ਬਲਵਿੰਦਰ ਸਿੰਘ ਦਾ ਨਾਂ ਸੁਰਖੀਆਂ ਵਿੱਚ ਆ ਗਿਆ ਸੀ।
ਇਹ ਵੀ ਪੜ੍ਹੋ : ਸਿੱਧੂ ਟੀਮ ਨੂੰ ‘ਪੰਜ ਪਿਆਰੇ’ ਕਹਿ ਕੇ ਕਸੂਤੇ ਫਸੇ ਰਾਵਤ, ਭਾਜਪਾ ਵੱਲੋਂ ਪੁਲਿਸ ‘ਚ ਸ਼ਿਕਾਇਤ ਦਰਜ
1993 ਵਿੱਚ ਗ੍ਰਹਿ ਮੰਤਰਾਲਾ ਦੀ ਸਿਫਾਰਿਸ਼ ‘ਤੇ ਤਤਕਾਲੀ ਰਾਸ਼ਟਰਪਤੀ ਸ਼ੰਕਰ ਦਿਆਲ ਸ਼ਰਮਾ ਨੇ ਬਲਵਿੰਦਰ ਸਿੰਘ, ਉਨ੍ਹਾਂ ਦੇ ਵੱਡੇ ਭਰਾ ਰਣਜੀਤ ਸਿੰਘ ਅਤੇ ਉਨ੍ਹਾਂ ਦੀਆਂ ਪਤਨੀਆਂ ਨੂੰ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।