ਚੰਡੀਗੜ੍ਹ : ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨੇ ਆਪਣੇ ਸਿੱਖ ਧਰਮ ਸੰਬੰਧੀ ਆਪਣੇ ਵਿਵਾਦਿਤ ਬਿਆਨ ਦਾ ਪਸ਼ਚਾਤਾਪ ਕਰਨ ਲਈ ਅੱਜ ਉਤਰਾਖੰਡ ਦੇ ਊਧਮ ਸਿੰਘ ਨਗਰ ਜ਼ਿਲ੍ਹੇ ਵਿੱਚ ਸਥਿਤ ਨਾਨਕਮੱਤਾ ਗੁਰਦੁਆਰਾ ਸਾਹਿਬ ਵਿਖੇ ਜੁੱਤੀਆਂ ਸਾਫ ਅਤੇ ਸਫਾਈ ਦੀ ਸੇਵਾ ਨਿਭਾਈ।
ਰਾਵਤ ਨੇ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਟੀਮ ਨੂੰ ਚੰਡੀਗੜ੍ਹ ਵਿੱਚ ਪੰਜ ਪਿਆਰੇ ਕਿਹਾ ਸੀ। ਉਨ੍ਹਾਂ ਦੇ ਬਿਆਨ ‘ਤੇ ਇਤਰਾਜ਼ ਕੀਤਾ ਗਿਆ ਸੀ। ਇਸ ‘ਤੇ ਰਾਵਤ ਨੇ ਅਫਸੋਸ ਜ਼ਾਹਰ ਕਰਦਿਆਂ ਕਿਹਾ ਕਿ ਉਹ ਗੁਰਦੁਆਰਾ ਸਾਹਿਬ ‘ਚ ਸੇਵਾ ਨਿਭਾਉਣਗੇ।
ਇਸ ਤੋਂ ਪਹਿਲਾਂ ਅੱਜ ਸਵੇਰੇ ਹਰੀਸ਼ ਰਾਵਤ ਨੇ ਫੇਸਬੁੱਕ ਰਾਹੀਂ ਇਸ ਲਈ ਮੁਆਫੀ ਮੰਗੀ ਸੀ। ਰਾਵਤ ਨੇ ਲਿਖਿਆ ਕਿ ਪੰਜ ਪਿਆਰੇ ਸ਼ਬਦ ਬੋਲਣ ਲਈ ਮੁਆਫੀ ਮੰਗਣ ਦੇ ਬਾਵਜੂਦ ਉਹ ਭਾਜਪਾ ਨੇਤਾਵਾਂ ਦੇ ਬਿਆਨ ਦੇਖ ਕੇ ਹੈਰਾਨ ਰਹਿ ਗਏ। ਪੰਜ ਪਿਆਰੇ ਸ਼ਬਦ ਬਹੁਤ ਪਵਿੱਤਰ, ਸਤਿਕਾਰਯੋਗ ਹੈ ਅਤੇ ਉਨ੍ਹਾਂ ਨੇ ਇਸ ਸ਼ਬਦ ਦੀ ਵਰਤੋਂ ਆਦਰ ਨਾਲ ਕੀਤੀ ਹੈ। ਉਨ੍ਹਾਂ ਲਿਖਿਆ ਕਿ ਚੋਣਾਂ ਵਰ੍ਹੇ ਵਿੱਚ ਕੋਈ ਬੇਲੋੜਾ ਸਿਆਸੀ ਵਿਵਾਦ ਖੜ੍ਹਾ ਨਾ ਕਰੋ, ਇਸ ਲਈ ਉਸਨੇ ਨਾ ਸਿਰਫ ਆਪਣੇ ਬਿਾਨ ਲਈ ਮੁਆਫੀ ਮੰਗੀ, ਬਲਕਿ ਇਸ ਸ਼ਬਦ ਦੀ ਵਰਤੋਂ ਦੇ ਪਸ਼ਚਾਤਾਪ ਵਜੋਂ ਗੁਰੂਘਰ ਵਿੱਚ ਸੇਵਾ ਕਰਨ ਦੇ ਆਪਣੇ ਸੰਕਲਪ ਨੂੰ ਵੀ ਪ੍ਰਗਟ ਕੀਤਾ।
ਤੁਹਾਨੂੰ ਦੱਸ ਦੇਈਏ, ਹਰੀਸ਼ ਰਾਵਤ ਪੰਜਾਬ ਕਾਂਗਰਸ ਵਿੱਚ ਹੰਗਾਮਾ ਸ਼ਾਂਤ ਕਰਨ ਲਈ ਚੰਡੀਗੜ੍ਹ ਆਏ ਸਨ। ਇੱਥੇ ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ। ਜਦੋਂ ਉਹ ਨਵਜੋਤ ਸਿੰਘ ਸਿੱਧੂ ਨੂੰ ਮਿਲ ਕੇ ਬਾਹਰ ਆਏ ਤਾਂ ਉਨ੍ਹਾਂ ਨੇ ਪੰਜ ਪਿਆਰੇ ਸ਼ਬਦ ਦੀ ਵਰਤੋਂ ਕੀਤੀ ਸੀ। ਇਸ ਤੋਂ ਬਾਅਦ ਹਰੀਸ਼ ਰਾਵਤ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਏ ਸਨ। ਲੋਕਾਂ ਨੇ ਉਨ੍ਹਾਂ ਦੇ ਪੁਤਲੇ ਵੀ ਸਾੜੇ।
ਇਹ ਵੀ ਪੜ੍ਹੋ : ਵੱਡਾ ਹਾਦਸਾ : ਮੋਟਰਸਾਈਕਲ ਵੱਜਣ ਨਾਲ ਮੁਸਾਫਰਾਂ ਨਾਲ ਭਰੀ ਬੱਸ ਨੂੰ ਲੱਗੀ ਅੱਗ, 2 ਦੀ ਮੌਤ
ਇਸ ਤੋਂ ਬਾਅਦ ਰਾਵਤ ਨੇ ਅਗਲੇ ਹੀ ਦਿਨ ਇਸ ਲਈ ਮੁਆਫੀ ਮੰਗ ਲਈ ਸੀ। ਉਨ੍ਹਾਂ ਕਿਹਾ ਕਿ ਕਈ ਵਾਰ ਸਤਿਕਾਰ ਪ੍ਰਗਟਾਉਂਦੇ ਹੋਏ ਤੁਸੀਂ ਕੁਝ ਅਜਿਹੇ ਸ਼ਬਦਾਂ ਦੀ ਵਰਤੋਂ ਕਰਦੇ ਹੋ ਜੋ ਇਤਰਾਜ਼ਯੋਗ ਹਨ। ਉਨ੍ਹਾਂ ਨੇ ਨਵਜੋਤ ਸਿੰਘ ਸਿੱਧੂ ਅਤੇ ਚਾਰ ਕਾਰਜਕਾਰੀ ਪ੍ਰਧਾਨਾਂ ਲਈ ਪੰਜ ਪਿਆਰੇ ਸ਼ਬਦ ਦੀ ਵਰਤੋਂ ਕਰਨ ਦੀ ਗਲਤੀ ਕੀਤੀ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਕਿਹਾ ਸੀ ਕਿ ਉਹ ਇਸ ਦਾ ਪਸ਼ਚਾਤਾਪ ਕਰਨਗੇ ਅਤੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਨਿਭਾਉਣਗੇ। ਅੱਜ ਰਾਵਤ ਨੇ ਉੱਤਰਾਖੰਡ ਦੇ ਇੱਕ ਗੁਰਦੁਆਰੇ ਵਿੱਚ ਜਾ ਕੇ ਸੇਵਾ ਕੀਤੀ।