ਸੰਗਰੂਰ ਵਿੱਚ ਅੱਜ ਸਨਰਾਈਜ਼ ਪੈਲੇਸ ਵਿਖੇ ਰੱਖੇ ਗਏ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਸਨਮਾਨ ਸਮਾਰੋਹ ਦੌਰਾਨ ਪਹੁੰਚੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
ਸੰਗਰੂਰ-ਧੂਰੀ ਮੁੱਖ ਮਾਰਗ ਪੈਲੇਸ ਦੇ ਬਾਹਰ ਰੋਸ ਪ੍ਰਦਰਸ਼ਨ ਕਰਦਿਆਂ ਉਨ੍ਹਾਂ ਸਰਕਾਰ ਅਤੇ ਸਿੱਖਿਆ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸਥਿਤੀ ਤਣਾਅਪੂਰਨ ਹੋ ਗਈ ਅਤੇ ਮੌਕੇ ‘ਤੇ ਤਾਇਨਾਤ ਪੁਲਿਸ ਅਤੇ ਬੇਰੁਜ਼ਗਾਰ ਅਧਿਆਪਕਾਂ ਦਰਮਿਆਨ ਝੜਪ ਹੋਈ। ਬੇਰੁਜ਼ਗਾਰ ਅਧਿਆਪਕਾਂ ਨੂੰ ਸੜਕ ‘ਤੇ ਘਸੀਟਦਿਆਂ ਪੁਲਿਸ ਨੇ ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਉਨ੍ਹਾਂ ਨੂੰ ਥਾਣਾ ਸਦਰ ਸੰਗਰੂਰ ਬਾਲਿਆ ਥਾਣੇ ਵਿੱਚ ਬੰਦ ਕਰ ਦਿੱਤਾ।
ਬੇਰੁਜ਼ਗਾਰ ਬੀਐੱਡ ਟੀਈਟੀ ਪਾਸ ਅਧਿਆਪਕ ਯੂਨੀਅਨ ਦੇ ਆਗੂ ਸੁਖਵਿੰਦਰ ਸਿੰਘ ਢਿਲਵਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਲਈ ਸੜਕਾਂ ’ਤੇ ਡੰਡੇ ਖਾਣ ਲਈ ਮਜਬੂਰ ਕੀਤਾ ਜਾ ਰਿਹਾ ਹੈ, ਪਰ ਜਦੋਂ ਤੱਕ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਸੰਘਰਸ਼ ਜਾਰੀ ਰਹੇਗਾ। ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵੱਲੋਂ ਜਿੱਥੇ ਵੀ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ, ਉੱਥੇ ਬੇਰੁਜ਼ਗਾਰ ਅਧਿਆਪਕ ਜ਼ੋਰਦਾਰ ਵਿਰੋਧ ਕਰਨਗੇ।
ਇਹ ਵੀ ਪੜ੍ਹੋ : ਕਿਸਾਨ ਦੇ ਪੁੱਤ ਹਰਵਿੰਦਰ ਸਿੰਘ ਨੇ ਖੇਤਾਂ ਨੂੰ ਹੀ ਬਣਾਇਆ ਸੀ ਟ੍ਰੇਨਿੰਗ ਗ੍ਰਾਊਂਡ, ਫਿਰ ਜਿੱਤਿਆ ਪੈਰਾਲੰਪਿਕ ‘ਚ ਤਮਗਾ
ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਕੋਠੀ ਅੱਗੇ ਅੱਠ ਮਹੀਨਿਆਂ ਤੋਂ ਬੈਠੇ ਬੇਰੁਜ਼ਗਾਰ ਅਧਿਆਪਕਾਂ ਦਾ ਗੁੱਸਾ ਸਿੱਖਿਆ ਮੰਤਰੀ ਵਿਰੁੱਧ ਵਧਦਾ ਜਾ ਰਿਹਾ ਹੈ। ਕੈਬਨਿਟ ਮੰਤਰੀ ਦੇ ਹਰ ਪ੍ਰੋਗਰਾਮ ਨੂੰ ਲੈ ਕੇ ਰੋਸ ਹੈ। ਅਜਿਹੀ ਸਥਿਤੀ ਵਿੱਚ ਮੋਰਚੇ ਵੱਲੋਂ ਇੱਕ ਨਵਾਂ ਫ਼ਰਮਾਨ ਜਾਰੀ ਕੀਤਾ ਗਿਆ ਹੈ। ਇਸ ਦੇ ਤਹਿਤ ਸਾਂਝੇ ਮੋਰਚੇ ਅਤੇ ਸਿਵਲ ਹਸਪਤਾਲ ਦੀ ਟੈਂਕੀ ‘ਤੇ ਚੜ੍ਹੇ ਬੇਰੁਜ਼ਗਾਰ ਬੀ.ਐਡ ਬੇਰੁਜ਼ਗਾਰ ਅਧਿਆਪਕਾਂ ਵੱਲੋਂ 5 ਦਸੰਬਰ, ਅਧਿਆਪਕ ਦਿਵਸ ‘ਤੇ ਸਿੱਖਿਆ ਮੰਤਰੀ ਨੂੰ ਖੂਨ ਦੇ ਪਿਆਲੇ ਭੇਟ ਕੀਤੇ ਜਾਣਗੇ। ਬੇਰੁਜ਼ਗਾਰ ਯੂਨੀਅਨ ਦੇ ਸੂਬਾਈ ਆਗੂ ਸੁਖਵਿੰਦਰ ਸਿੰਘ ਢਿਲਵਾਂ ਨੇ ਕਿਹਾ ਕਿ ਇੱਕ ਪਾਸੇ ਸਰਕਾਰ ਅਧਿਆਪਕਾਂ ਦੇ ਸਤਿਕਾਰ ਦਾ ਨਾਟਕ ਖੇਡਦੀ ਹੈ। ਦੂਜੇ ਪਾਸੇ ਸਿੱਖਿਆ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਗਾਲ੍ਹਾਂ ਕੱਢ ਕੇ ਉਨ੍ਹਾਂ ਦਾ ਅਪਮਾਨ ਕਰ ਰਹੇ ਹਨ, ਜਿਸ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।