ਚੰਡੀਗੜ੍ਹ: ਕੇਂਦਰੀ ਜਾਂਚ ਬਿਊਰੋ ਨੇ ਰਿਸ਼ਵਤ ਮਾਮਲੇ ਵਿੱਚ ਕਸਟਮ ਵਿਭਾਗ ਦੇ ਦੋ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇੱਕ ਸ਼ਿਕਾਇਤ ਮਿਲਣ ‘ਤੇ ਸੀਬੀਆਈ ਨੇ ਜਾਲ ਵਿਛਾਇਆ ਅਤੇ ਕਸਟਮ ਵਿਭਾਗ ਦੇ ਵਧੀਕ ਕਮਿਸ਼ਨਰ ਪਾਰੁਲ ਗਰਗ ਅਤੇ ਸੁਪਰਡੈਂਟ ਧਰਮਵੀਰ ਸਿੰਘ ਨੂੰ 1.30 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ ਹੈ।
ਸੀਬੀਆਈ ਨੇ ਸ਼ਿਕਾਇਤਕਰਤਾ ਦੇ ਰਿਸ਼ਵਤਖੋਰੀ ਦੇ ਦੋਸ਼ਾਂ ਦੇ ਆਧਾਰ ‘ਤੇ ਪੰਜਾਬ ਦੇ ਅੰਮ੍ਰਿਤਸਰ ਵਿੱਚ ਕਸਟਮ ਦੇ ਸੁਪਰਡੈਂਟ ਧਰਮਵੀਰ ਸਿੰਘ ਦੇ ਖਿਲਾਫ ਕੇਸ ਦਰਜ ਕੀਤਾ ਸੀ। ਸ਼ਿਕਾਇਤਕਰਤਾ ਮੁਤਾਬਕ ਮੰਡੀ ਗੋਬਿੰਦਗੜ੍ਹ ਵਿੱਚ ਉਹ ਇੱਕ ਸਾਂਝੇਦਾਰੀ ਫਰਮ ਚਲਾਉਂਦਾ ਹੈ ਅਤੇ ਸਕ੍ਰੈਪ ਦਰਾਮਦ ਕਰਨ ਦਾ ਕਾਰੋਬਾਰ ਕਰਦਾ ਹੈ। ਉਸ ਨੇ ਆਪਣੇ ਦੋ ਭਰੇ ਹੋਏ ਕੰਟੇਰਨਰਾਂ ਨੂੰ ਲਿਜਾਣ ਲਈ ਸੁਪਰਡੈਂਟ ਧਰਮਵੀਰ ਸਿੰਘ ਨਾਲ ਸੰਪਰਕ ਕੀਤਾ ਸੀ, ਜਿਸ ਨੇ ਇਸ ਲਈ 1.50 ਲੱਖ ਰੁਪਏ ਦੀ ਰਿਸ਼ਵਤ ਮੰਗੀ। ਸ਼ਿਕਾਇਤਕਰਤਾ ਨੂੰ ਦੱਸਿਆ ਕਿ ਉਕਤ ਰਿਸ਼ਵਤ ਪਾਰੁਲ ਗਰਗ ਵਧੀਕ ਕਮਿਸ਼ਨਰ ਸਾਹਨੇਵਾਲ ਨਾਲ ਵੀ ਵੰਡੀ ਜਾਣੀ ਹੈ। ਬਾਅਦ ਵਿੱਚ ਰਿਸ਼ਵਤ ਘਟਾ ਕੇ 1.30 ਲੱਖ ਰੁਪਏ ਕਰ ਦਿੱਤੀ ਗਈ।
ਸੀਬੀਆਈ ਨੇ ਇੱਕ ਜਾਲ ਵਿਛਾਇਆ ਅਤੇ ਸੁਪਰਡੈਂਟ ਨੂੰ 1.30 ਲੱਖ ਰੁਪਏ ਦੀ ਰਿਸ਼ਵਤ ਮੰਗਦੇ ਹੋਏ ਅਤੇ ਰੰਗੇ ਹੱਥੀਂ ਫੜ ਲਿਆ। ਸੀਬੀਆਈ ਨੇ ਲੁਧਿਆਣਾ, ਹੁਸ਼ਿਆਰਪੁਰ, ਚੰਡੀਗੜ੍ਹ ਸਮੇਤ ਦੋਵਾਂ ਮੁਲਜ਼ਮਾਂ ਦੇ ਅਹਾਤਿਆਂ ਦੀ ਤਲਾਸ਼ੀ ਲਈ।
ਇਹ ਵੀ ਪੜ੍ਹੋ : ਘਰੇਲੂ ਕਲੇਸ਼ ਨੇ ਧਾਰਿਆ ਭਿਆਨਕ ਰੂਪ- ਰੋਟੀ ਬਣਾਉਣ ਨੂੰ ਕਿਹਾ ਤਾਂ ਪਤੀ ‘ਤੇ ਸੁੱਟ ਦਿੱਤਾ ਉੱਬਲਦਾ ਪਾਣੀ
ਵਧੀਕ ਕਮਿਸ਼ਨਰ ਦੀ ਇਮਾਰਤ ਤੋਂ 59.40 ਲੱਖ (ਲਗਭਗ) ਨਕਦ ਅਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਕੀਤੇ ਗਏ। ਇਸ ਦੇ ਨਾਲ ਹੀ ਸੁਪਰਡੈਂਟ ਦੀ ਇਮਾਰਤ ਤੋਂ 2.60 ਲੱਖ ਰੁਪਏ (ਲਗਭਗ) ਨਕਦ ਅਤੇ ਕੁਝ ਇਤਰਾਜ਼ਯੋਗ ਦਸਤਾਵੇਜ਼ ਮਿਲੇ ਹਨ। ਫਿਲਹਾਲ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਵਿਸ਼ੇਸ਼ ਜੱਜ, ਸੀਬੀਆਈ ਕੇਸ, ਮੋਹਾਲੀ (ਪੰਜਾਬ) ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।