ਪੰਜਾਬ ਵਿੱਚ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਦੇ ਫੋਕੇ ਦਾਅਵੇ ਕਰ ਰਹੀ ਹੈ ਪਰ ਆਏ ਦਿਨ ਨਸ਼ਿਆਂ ਨਾਲ ਜੁੜੇ ਮਾਮਲਿਆਂ ਵਿੱਚ ਕਤਲ ਅਤੇ ਮੌਤਾਂ ਦੀਆਂ ਘਟਨਾਵਾਂ ਸਰਕਾਰ ਦੇ ਇਨ੍ਹਾਂ ਦਾਅਵਿਆਂ ਦੀ ਪੋਲ ਖੋਲ੍ਹ ਰਹੀਆਂ ਹਨ। ਅੰਮ੍ਰਿਤਸਰ ਵਿੱਚ ਸ਼ੁੱਕਰਵਾਰ ਨੂੰ ਨਸ਼ਾ ਕਰਨ ਲਈ ਆਪਣੀ ਮਾਂ ਨੂੰ ਕੈਂਚੀ ਨਾਲ ਮਾਰਨ ਤੋਂ ਬਾਅਦ ਹੁਣ ਤਰਨਤਾਰਨ ਦੀ ਪੱਟੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਸ਼ਨੀਵਾਰ ਨੂੰ ਕਸਬਾ ਸਰਹਾਲੀ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਇੱਕ ਹੋਰ ਘਰ ਦਾ ਚਿਰਾਗ ਬੁਝ ਗਿਆ। ਇੱਕ ਹਫ਼ਤੇ ਵਿੱਚ ਓਵਰਡੋਜ਼ ਕਾਰਨ ਕਸਬੇ ਵਿੱਚ ਇਹ ਦੂਜੀ ਮੌਤ ਹੈ। ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਨਸ਼ੇ ਦੇ ਮੁੱਦੇ ਤੋਂ ਭੱਜਦਾ ਨਜ਼ਰ ਆ ਰਿਹਾ ਹੈ।
ਕਸਬਾ ਸਰਹਾਲੀ ਦੇ ਵਸਨੀਕ ਜੋਗਿੰਦਰ ਸਿੰਘ ਦਾ 20 ਸਾਲਾ ਪੁੱਤਰ ਕੁਲਦੀਪ ਸਿੰਘ ਉਰਫ ਦੀਪਾ ਸਰਕਾਰੀ ਹਸਪਤਾਲ ਦੇ ਨੇੜੇ ਕੁਝ ਲੋਕਾਂ ਦੇ ਨਾਲ ਨਸ਼ਾ ਕਰਦਾ ਵੇਖਿਆ ਗਿਆ। ਮੀਂਹ ਵਿੱਚ ਕੁਲਦੀਪ ਨਸ਼ੇ ਦਾ ਟੀਕਾ ਲਾਉਣ ਤੋਂ ਬਾਅਦ ਮੂੰਹ ਭਾਰ ਜ਼ਮੀਨ ‘ਤੇ ਡਿੱਗਿਆ ਤੇ ਬੇਹੋਸ਼ ਹੋ ਗਿਆ। ਉਸਨੂੰ ਬੇਹੋਸ਼ ਵੇਖ ਕੇ ਉਸਦੇ ਸਾਥੀ ਭੱਜ ਗਏ। ਪਿਤਾ ਜੋਗਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਥਾਣਾ ਸਰਹਾਲੀ ਦੀ ਪੁਲਿਸ ਨੂੰ ਨੌਜਵਾਨ ਦੀ ਮੌਤ ਬਾਰੇ ਸੂਚਿਤ ਕੀਤਾ ਗਿਆ ਤਾਂ ਥਾਣੇ ਤੋਂ ਸੁਨੇਹਾ ਆਇਆ ਕਿ ਮ੍ਰਿਤਕ ਦੇਹ ਦਾ ਪੋਸਟਮਾਰਟਮ ਰਹਿਣ ਦਿਓ, ਬਿਨਾਂ ਕਿਸੇ ਕਾਰਨ ਮੁਸੀਬਤ ਦਾ ਸਾਹਮਣਾ ਕਰਨਾ ਪਏਗਾ। ਇਸ ਤੋਂ ਬਾਅਦ ਪਰਿਵਾਰ ਨੇ ਪੋਸਟਮਾਰਟਮ ਕੀਤੇ ਬਿਨਾਂ ਕੁਲਦੀਪ ਸਿੰਘ ਦੀਪਾ ਦਾ ਸਸਕਾਰ ਕਰ ਦਿੱਤਾ।
ਇਹ ਵੀ ਪੜ੍ਹੋ : ਪੁਲਿਸ ਭਰਤੀ ਪ੍ਰੀਖਿਆ ‘ਚ ਧੋਖਾਧੜੀ ਕਰਵਾਉਣ ਵਾਲੇ 6 ਕਾਬੂ , ਕੈਪਟਨ ਨੇ Exam ‘ਚ ਸਖਤ ਪ੍ਰਬੰਧ ਕਰਨ ਦੀਆਂ ਦਿੱਤੀਆਂ ਹਿਦਾਇਤਾਂ
ਜੋਗਿੰਦਰ ਸਿੰਘ ਨੇ ਦੱਸਿਆ ਕਿ ਉਸਦਾ ਪੁੱਤਰ ਮਿਹਨਤ ਮਜ਼ਦੂਰੀ ਕਰਕੇ ਪਰਿਵਾਰ ਚਲਾਉਂਦਾ ਸੀ। ਪਿੰਡ ਵਾਸੀ ਹੀਰਾ ਸਿੰਘ, ਗੱਜਣ ਸਿੰਘ, ਕਸ਼ਮੀਰ ਸਿੰਘ, ਸਵਿੰਦਰ ਸਿੰਘ, ਬੀਬੀ ਰਾਣੀ, ਭੁਪਿੰਦਰ ਕੌਰ, ਅਜੈ ਸੋਬਤੀ, ਗੁਰਪ੍ਰੀਤ ਸਿੰਘ, ਹਰਜਿੰਦਰ ਸਿੰਘ ਨੇ ਦੋਸ਼ ਲਾਇਆ ਕਿ ਪਿੰਡ ਵਿੱਚ ਚਿੱਟੇ ਦਾ ਕਾਰੋਬਾਰ ਖੁੱਲ੍ਹੇਆਮ ਹੋ ਰਿਹਾ ਹੈ। ਉਨ੍ਹਾਂ ਦੱਸਿਆ ਨੇ ਦੱਸਿਆ ਕਿ 4 ਸਤੰਬਰ ਨੂੰ ਗੁਰਜੰਟ ਸਿੰਘ ਨਾਂ ਦੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਸੀ। ਸਥਾਨਕ ਪੁਲਿਸ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਨਹੀਂ ਕਰਦੀ ਜਿਸ ਕਾਰਨ ਨੌਜਵਾਨ ਮਰ ਰਹੇ ਹਨ।