ਦੇਸ਼ ਦੇ ਕਿਸਾਨਾਂ ਨੂੰ ਜਲਦ ਖੁਸ਼ਖਬਰੀ ਮਿਲ ਸਕਦੀ ਹੈ। ਸਰਕਾਰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਤਹਿਤ ਮਿਲਣ ਵਾਲੀ ਰਕਮ ਨੂੰ ਦੁੱਗਣਾ ਕਰ ਸਕਦੀ ਹੈ। ਮੀਡੀਆ ਰਿਪੋਰਟਸ ‘ਚ ਆਈਆਂ ਖ਼ਬਰਾਂ ਮੁਤਾਬਕ ਕਿਸਾਨਾਂ ਨੂੰ ਸਾਲਾਨਾ 6000 ਰੁਪਏ ਦੀ ਜਗ੍ਹਾ 12000 ਰੁਪਏ ਦਿੱਤੇ ਜਾਣਗੇ। ਯਾਨੀ 2000 ਰੁਪਏ ਦੀ ਕਿਸ਼ਤ ਦੀ ਜਗ੍ਹਾ 4000 ਰੁਪਏ ਮਿਲ ਸਕਦੇ ਹਨ।
ਰਿਪੋਰਟਸ ਮੁਤਾਬਕ ਬਿਹਾਰ ਦੇ ਖੇਤੀ ਮੰਤਰੀ ਅਮਰੇਂਦਰ ਪ੍ਰਤਾਪ ਸਿੰਘ ਨੇ ਇਸ ਸਿਲਸਿਲੇ ‘ਚ ਦਿੱਲੀ ‘ਚ ਕੇਂਦਰੀ ਖੇਤੀ ਮੰਤਰੀ ਨਰੇਂਦਰ ਸਿੰਘ ਤੋਮਰ ਤੇ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨਾਲ ਮੁਲਾਕਾਤ ਕੀਤੀ ਸੀ। ਬਿਹਾਰ ਦੇ ਖੇਤੀ ਮੰਤਰੀ ਮੁਤਾਬਕ ਸਰਕਾਰ ਪੀਐੱਮ ਕਿਸਾਨ ਸਨਮਾਨ ਨਿਧੀ ਦੀ ਰਾਸ਼ੀ ਨੂੰ ਦੁੱਗਣਾ ਕਰਨ ਵਾਲੀ ਹੈ, ਇਸ ਦੇ ਲਈ ਸਰਕਾਰ ਨੇ ਪੂਰੀ ਤਿਆਰੀ ਕਰ ਲਈ ਹੈ। ਹਾਲਾਂਕਿ ਇਹ ਸਿਰਫ਼ ਮੰਤਰੀ ਦਾ ਦਾਅਵਾ ਹੈ, ਸਰਕਾਰ ਵੱਲੋਂ ਅਜਿਹਾ ਕੋਈ ਇਸ਼ਾਰਾ ਜਾਂ ਦਾਅਵਾ ਨਹੀਂ ਕੀਤਾ ਗਿਆ ਹੈ।
ਪੀਐੱਮ ਮੋਦੀ ਨੇ ਬੀਤੇ ਸੋਮਵਾਰ ਦੇਸ਼ ਭਰ ਦੇ 9.75 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਖਾਤਿਆਂ ‘ਚ 19,500 ਕਰੋੜ ਰੁਪਏ ਟਰਾਂਸਫਰ ਕੀਤੇ ਸਨ। ਇਸ ਤੋਂ ਠੀਕ ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਸੀ ਕਿ ਸਰਕਾਰ ਦੇਸ਼ ਦੇ ਕਿਸਾਨਾਂ ਦੇ ਜੀਵਨ ਨੂੰ ਆਸਾਨ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੀ ਹੈ। ਅਜਿਹਾ ਇਕ ਇਕ ਯਤਨ ਪੀਐੱਮ ਕਿਸਾਨ ਸਮਾਨ ਨਿਧੀ ਯੋਜਨਾ ਹੈ ਜਿਸ ਨਾਲ ਉਨ੍ਹਾਂ ਦੇ ਜੀਵਨ ‘ਚ ਪਾਜ਼ੇਟਿਵ ਬਦਲਾਅ ਆਇਆ ਹੈ। ਉਨ੍ਹਾਂ ਦੇ ਇਸ ਬਿਆਨ ਤੋਂ ਵੀ ਰਕਮ ਵਧਣ ਦੇ ਕਿਆਫ਼ੇ ਲਾਏ ਜਾ ਰਹੇ ਹਨ।
ਪੀਐੱਮ ਕਿਸਾਨ ਸਨਮਾਨ ਨਿਧੀ ਸਕੀਮ ਤਹਿਤ ਸਰਕਾਰ ਹੁਣ ਤਕ 9 ਕਿਸ਼ਤਾਂ ਜਾਰੀ ਕਰ ਚੁੱਕੀ ਹੈ। ਪਹਿਲੀ ਕਿਸ਼ਤ ਦੇ ਰੂਪ ‘ਚ ਜਿੱਥੇ 3,16,06,630 ਕਿਸਾਨਾਂ ਦੇ ਖਾਤੇ ‘ਚ 2000 ਰੁਪਏ ਦੀ ਰਕਮ ਪਹੁੰਚੀ ਤਾਂ 9ਵੀਂ ਕਿਸ਼ਤ ‘ਚ ਹੁਣ ਤਕ 9,90,95,145 ਕਿਸਾਨਾਂ ਨੂੰ ਪੈਸਾ ਭੇਜਿਆ ਜਾ ਚੁੱਕਾ ਹੈ। ਫਿਲਹਾਲ 30 ਨਵੰਬਰ ਤਕ ਬਾਕੀ ਬਚੇ ਕਿਸਾਨਾਂ ਦੇ ਖਾਤੇ ‘ਚ 9ਵੀਂ ਕਿਸ਼ਤ ਦੇ ਪੈਸੇ ਭੇਜੇ ਜਾਣਗੇ। ਪੀਐੱਮ ਕਿਸਾਨ ਯੋਜਨਾ ਦੀ ਸ਼ੁਰੂਆਤ 2018 ‘ਚ ਹੋਈ ਸੀ ਜਿਸ ਦਾ ਮਕਸਦ ਹੈ ਸਾਲ 2022 ਤਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨਾ।
ਇਸ ਯੋਜਨਾ ਤਹਿਤ ਲਾਭਪਾਤਰੀ ਕਿਸਾਨ ਪਰਿਵਾਰਾਂ ਨੂੰ 6000 ਰੁਪਏ ਸਾਲਾਨਾ ਉਨ੍ਹਾਂ ਦੇ ਬੈਂਕ ਖਾਤਿਆਂ ‘ਚ ਟਰਾਂਸਫਰ ਕੀਤਾ ਜਾਂਦਾ ਹੈ। ਇਹ ਰਕਮ 2000-2000 ਰੁਪਏ ਦੀਆਂ ਤਿੰਨ ਕਿਸ਼ਤਾਂ ‘ਚ ਟਰਾਂਸਫਰ ਕੀਤੀ ਜਾਂਦੀ ਹੈ। ਇਸ ਯੋਜਨਾ ਤਹਿਤ ਹੁਣ ਤਕ 1.38 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੀ ਸਨਮਾਨ ਰਾਸ਼ੀ ਕਿਸਾਨ ਪਰਿਵਾਰਾਂ ਦੇ ਖਾਤਿਆਂ ‘ਚ ਟਰਾਂਸਫਰ ਕੀਤੀ ਜਾ ਚੁੱਕੀ ਹੈ।