ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਕਿਸਾਨ ਅੰਦੋਲਨ ਨਾ ਕਰਨ ਦੇ ਬਿਆਨ ਦਾ ਮੁੱਦਾ ਕਾਫੀ ਭਖ ਗਿਆ ਹੈ। ਜਿਥੇ ਵਿਰੋਧੀ ਪਾਰਟੀਆਂ ਦੇ ਨਾਲ ਹਰਿਆਣਾ ਤੱਕ ਉਨ੍ਹਾਂ ਨੂੰ ਘੇਰਿਆ ਜਾ ਰਿਹਾ ਹੈ। ਵਿਰੋਧੀ ਪਾਰਟੀਆਂ ਵੱਲੋਂ ਕਾਂਗਰਸ ਸਰਕਾਰ ਖਿਲਾਫ ਹਰਿਆਣਾ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ।
ਪੰਚਕੂਲਾ ਵਿੱਚ ਅੱਜ ਭਾਰਤੀ ਜਨਤਾ ਪਾਰਟੀ ਯੁਵਾ ਮੋਰਚਾ ਦੇ ਵਰਕਰਾਂ ਨੇ ਨੇ ਕੈਪਟਨ ਅਮਰਿੰਦਰ ਸਿੰਘ ਤੇ ਰਾਹੁਲ ਗਾਂਧੀ ਦਾ ਪੁਤਲਾ ਫੂਕਿਆ। ਭਾਜਪਾ ਆਗੂਆਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਇਹ ਗੱਲ ਕਹਿ ਰਹੇ ਸੀ ਕਿ ਇਹ ਇੱਕ ਸਿਆਸੀ ਅੰਦੋਲਨ ਹੈ। ਇਸ ਗੱਲ ਬਾਰੇ ਪੰਜਾਬ ਕਾਂਗਰਸ ਦੇ ਪ੍ਰਧਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅਸੀਂ ਯੋਜਨਾਬੱਧ ਢੰਗ ਨਾਲ ਇਹ ਅੰਦੋਲਨ ਦਿੱਲੀ ਤੇ ਹਰਿਆਣਾ ਵੱਲ ਭੇਜ ਦਿੱਤਾ ਹੈ।
ਆਪਣੇ ਸਿਆਸੀ ਹਿੱਤ ਸਾਧਣ ਲਈ ਕਾਂਗਰਸ ਸਰਕਾਰ ਇਸ ਅੰਦੋਲਨ ਨੂੰ ਉਤਸ਼ਾਹਿਤ ਕਰ ਰਹੀ ਹੈ। ਭਾਜਪਾ ਆਗੂ ਨੇ ਕਿਹਾ ਕਿ ਕੈਪਟਨ ਦਾ ਇਹ ਬਿਆਨ ਲੋਕਤੰਤਰ ਵਿਰੋਧੀ ਹੈ। ਅਸੀਂ ਕੈਪਟਨ ਤੇ ਰਾਹੁਲ ਦਾ ਪੁਤਲਾ ਸਾੜ ਕੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ।
ਫਾਰਮ ਹਾਊਸ ਦੇ ਖਰਚੇ ਲੋਕਾਂ ਦੇ ਖੂਨ ਅਤੇ ਪਸੀਨੇ ਨਾਲ ਪੂਰੇ ਕੀਤੇ ਜਾ ਰਹੇ ਹਨ: ਹਰਸਿਮਰਤ
ਉਥੇ ਹੀ ਪੰਜਾਬ ਦੀ ਸ਼੍ਰੋਮਣੀ ਅਕਾਲੀ ਦਲ ਦੀ ਆਗੂ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੈਪਟਨ ਨੇ ਕਿਸਾਨਾਂ ‘ਤੇ ਪੰਜਾਬ ਦੀ ਆਰਥਿਕਤਾ ਨੂੰ ਨੁਕਸਾਨ ਪਹੁੰਚਾਉਣ ਦਾ ਦੋਸ਼ ਲਗਾਇਆ ਹੈ। ਮੁੱਖ ਮੰਤਰੀ ਨੇ ਆਪਣੇ ਹੀ ਸੂਬੇ ਦੇ ਕਿਸਾਨਾਂ ਨੂੰ ਕਿਹਾ ਕਿ ਉਹ ਪੰਜਾਬ ਛੱਡ ਕੇ ਦਿੱਲੀ ਚਲੇ ਜਾਣ। ਹਰਸਿਮਰਤ ਨੇ ਇਸ ਨੂੰ ਘਟੀਆ ਬਿਆਨ ਦੱਸਿਆ। 13 ਮਹੀਨਿਆਂ ਤੋਂ, ਕਿਸਾਨ ਹਨੇਰੀ, ਸਰਦੀ ਅਤੇ ਗਰਮੀ ਦੇ ਵਿਚਕਾਰ ਦਿੱਲੀ ਦੀ ਸਰਹੱਦ ‘ਤੇ ਬੈਠੇ ਹਨ। ਨਾ ਤਾਂ ਕੈਪਟਨ ਕਿਸਾਨਾਂ ਨਾਲ ਬੈਠਣ ਗਏ ਅਤੇ ਨਾ ਹੀ ਉਹ ਕੇਂਦਰ ‘ਤੇ ਦਬਾਅ ਪਾਉਣ ਗਏ। ਅਰਥ ਵਿਵਸਥਾ ਨੂੰ ਠੀਕ ਕਰਨਾ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ। ਕਿਸਾਨ 13 ਮਹੀਨਿਆਂ ਤੋਂ ਅੰਦੋਲਨ ਕਰ ਰਹੇ ਹਨ, ਪਰ ਕੈਪਟਨ ਪੌਣੇ 5 ਸਾਲ ਮੁੱਖ ਮੰਤਰੀ ਰਹੇ ਹਨ। ਉਹ ਫਾਰਮ ਹਾਊਸ ਵਿੱਚ ਬੈਠ ਕੇ ਸਰਕਾਰ ਚਲਾ ਰਿਹਾ ਹੈ। ਲੋਕਾਂ ਦੇ ਖੂਨ ਅਤੇ ਪਸੀਨੇ ਦੀ ਕਮਾਈ ‘ਤੇ ਲਗਾਏ ਗਏ ਟੈਕਸ ਨਾਲ ਕੈਪਟਨ, ਆਪਣੇ ਵਿਧਾਇਕਾਂ ਅਤੇ ਫਾਰਮ ਹਾਊਸਾਂ ਦੇ ਖਰਚੇ ਪੂਰੇ ਕੀਤੇ ਜਾ ਰਹੇ ਹਨ।
ਕੈਪਟਨ ਦਾ ਇਹ ਕਹਿਣਾ ਗਲਤ ਹੈ ਕਿ ਹਰਿਆਣਾ ਅਤੇ ਦਿੱਲੀ ਵਿੱਚ ਗੜਬੜੀ ਦੀ ਗੱਲ ਕਹਿਣਾ ਗਲਤ : ਅਨਿਲ ਵਿੱਜ
ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਕੈਪਟਨ ਜੋ ਕਹਿ ਰਹੇ ਹਨ, ਉਹ ਲੋਕਤੰਤਰੀ ਢੰਗ ਨਾਲ ਚੁਣੇ ਮੁੱਖ ਮੰਤਰੀ ਨੂੰ ਨਹੀਂ ਕਹਿਣਾ ਚਾਹੀਦਾ। ਕੈਪਟਨ ਕਿਸਾਨਾਂ ਨੂੰ ਕਹਿ ਰਹੇ ਹਨ ਕਿ ਤੁਹਾਨੂੰ ਜੋ ਵੀ ਗਲਤ ਕਰਨਾ ਹੈ, ਉਹ ਹਰਿਆਣਾ ਅਤੇ ਦਿੱਲੀ ਵਿੱਚ ਕਰੋ। ਕਿਸੇ ਮੁੱਖ ਮੰਤਰੀ ਦਾ ਇਹ ਕਹਿਣਾ ਬਹੁਤ ਗਲਤ ਹੈ ਕਿ ਮੇਰੇ ਰਾਜ ਵਿੱਚ ਕੁਝ ਨਾ ਕਰੋ ਅਤੇ ਦਿੱਲੀ ਅਤੇ ਹਰਿਆਣਾ ਵਿੱਚ ਕਰੋ। ਇਸ ਤੋਂ ਇਹ ਸਾਬਤ ਹੁੰਦਾ ਹੈ ਕਿ ਕਿਸਾਨ ਅੰਦੋਲਨ ਦੇ ਉਭਾਰ ਦੇ ਪਿੱਛੇ ਅਮਰਿੰਦਰ ਸਿੰਘ ਦਾ ਹੱਥ ਹੈ। ਉਨ੍ਹਾਂ ਨੇ ਆਪਣੀ ਰਾਜਨੀਤਕ ਲਾਲਸਾ ਨੂੰ ਪੂਰਾ ਕਰਨ ਲਈ ਇਸ ਅੰਦੋਲਨ ਨੂੰ ਜਿੰਦਾ ਰੱਖਿਆ ਹੈ।
ਇਹ ਵੀ ਪੜ੍ਹੋ : ‘ਕਿਸਾਨਾਂ ਨੂੰ ਡੰਡੇ ਮਾਰਨ’ ਵਾਲੇ ਬਿਆਨ ‘ਤੇ ਭਾਜਪਾ ਆਗੂ ਨੂੰ ਕਿਸਾਨ ਮੋਰਚੇ ਦਾ ਕਰਾਰਾ ਜਵਾਬ- ਰਾਜੇਵਾਲ ਨੇ ਕਿਹਾ- ਬਕਵਾਸ ਕੀਤੀ ਤਾਂ…
ਦੱਸਣਯੋਗ ਹੈ ਕਿ ਹੁਸ਼ਿਆਰਪੁਰ ਵਿੱਚ ਪ੍ਰੋਗਰਾਮ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਪੰਜਾਬ ਵਿੱਚ ਅੰਦੋਲਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਨੂੰ ਪੰਜਾਬ ਦੀ ਆਰਥਿਕ ਹਾਲਤ ਬਾਰੇ ਵੀ ਸੋਚਣਾ ਚਾਹੀਦਾ ਹੈ। ਕਿਸਾਨਾਂ ਨੇ ਪੰਜਾਬ ਵਿੱਚ 113 ਥਾਵਾਂ ‘ਤੇ ਧਰਨੇ ਸ਼ੁਰੂ ਕਰ ਦਿੱਤੇ ਹਨ। ਇਸ ਕਾਰਨ ਪੰਜਾਬ ਦੀ ਆਰਥਿਕ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਕੈਪਟਨ ਨੇ ਇੱਥੋਂ ਤੱਕ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਰੋਕ ਲਾ ਦਿੱਤੀ ਹੁੰਦੀ ਤਾਂ ਕਿਸਾਨ ਦਿੱਲੀ ਵਿੱਚ ਸਿੰਘੂ ਅਤੇ ਟਿਕਰੀ ਸਰਹੱਦਾਂ ‘ਤੇ ਇਕੱਠੇ ਨਾ ਹੋ ਸਕਦੇ। ਕੇਂਦਰ ‘ਤੇ ਦਬਾਅ ਪਾਉਣ ਲਈ ਕਿਸਾਨ ਦਿੱਲੀ ਅਤੇ ਹਰਿਆਣਾ ਵਿੱਚ ਜੋ ਮਰਜ਼ੀ ਕਰਨ, ਪਰ ਪੰਜਾਬ ਦਾ ਨੁਕਸਾਨ ਨਾ ਕਰਨ। ਹਾਲਾਂਕਿ ਬਾਅਦ ਵਿੱਚ ਕੈਪਟਨ ਨੇ ਇਸ ਬਿਆਨ ‘ਤੇ ਸਫਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੇ ਬਿਆਨ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਜਾ ਰਿਹਾ ਹੈ।