ਫਗਵਾੜਾ : ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦੀ ਹਾਜ਼ਰੀ ਵਿੱਚ ਵੱਖ-ਵੱਖ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੀਟਿੰਗਾਂ ਕਰਕੇ ਆਪਣੀਆਂ ਮੁਸ਼ਕਲਾਂ ਤੋਂ ਸ. ਗੜ੍ਹੀ ਨੂੰ ਜਾਣੂ ਕਰਵਾਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸੇ ਕੜੀ ਦੇ ਤਹਿਤ ਸਿੱਖਿਆ ਮਹਿਕਮੇ ਦੀਆਂ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਨੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਤੋਂ ਸ. ਗੜ੍ਹੀ ਨੂੰ ਜਾਣੂ ਕਰਵਾਇਆ।
ਇਸ ਮੌਕੇ ਏਡਿਡ ਸਕੂਲ ਇੰਪਲਾਈਜ਼ ਐਸੋਸੀਏਸ਼ਨ ਦੇ ਵਫਦ ਨੇ ਵੀ ਸੂਬਾ ਪ੍ਰਧਾਨ ਮਾਸਟਰ ਬਲਦੇਵ ਸਿੰਘ ਦੀ ਅਗਵਾਈ ਹੇਠ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਕੀਤੀ। ਸਿੱਖਿਆ ਮਹਿਕਮੇ ਦੇ ਇਨ੍ਹਾਂ ਆਗੂਆਂ ਨੇ ਮੁੱਦਾ ਰੱਖਦੇ ਹੋਏ ਦੱਸਿਆ ਕਿ ਪੇ-ਕਮਿਸ਼ਨ‘ਚ 2.25 ਤੋਂ 2.59 ਦਾ ਵਾਧਾ ਦਿੱਤਾ ਗਿਆ ਹੈ ਜੋਕਿ ਤਰੁੱਟੀਆਂ ਵਾਲਾ ਹੈ। ਉਨ੍ਹਾਂ ਕਿਹਾ ਕਿ ਏਡਿਡ ਸਕੂਲਾਂ ਦੀਆਂ ਤਕਰੀਬਨ 7 ਹਜ਼ਾਰ ਅਸਾਮੀਆਂ ਜੋ ਖਾਲੀ ਪਈਆਂ ਹਨ ਨੂੰ ਭਰਿਆ ਜਾਵੇ ਅਤੇ ਹਿਮਾਚਲ ਪ੍ਰਦੇਸ਼ ਤੇ ਹਰਿਆਣਾ ਦੇ ਪੈਟਰਨ ਤੇ ਏਡਿਡ ਸਕੂਲਾਂ ਨੂੰ ਸਰਕਾਰ ਅਡਾਪਟ ਕਰੇ।
ਇਸ ਤੋਂ ਇਲਾਵਾ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੇ ਆਗੂ ਪਰਮਿੰਦਰਪਾਲ ਸਿੰਘ ਨੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨਾਲ ਮੁਲਾਕਾਤ ਦੌਰਾਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਰੱਖੀ। ਇਸ ਮੌਕੇ ਉਕਤ ਆਗੂਆਂ ਦੀ ਅਗਵਾਈ ਹੇਠ ਬਸਪਾ ਪ੍ਰਧਾਨ ਗੜ੍ਹੀ ਨਾਲ ਮੁਲਾਕਾਤ ਕਰਨ ਲਈ ਆਏ ਵਫਦ ਦੇ ਮੈਂਬਰਾਂ ਵੱਲੋਂ ਇੱਕ ਲਿਖਤੀ ਮੰਗ ਪੱਤਰ ਵੀ ਸ. ਗੜ੍ਹੀ ਨੂੰ ਦਿੱਤਾ ਗਿਆ।
ਇਸ ਦੌਰਾਨ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਆਏ ਹੋਏ ਸਾਰੇ ਹੀ ਮੁਲਾਜ਼ਮ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸਮੇਂ ਦੀ ਹਕੂਮਤ ਵੱਲੋਂ ਨਾ ਤਾਂ ਲੋਕਾਂ ਦੀ ਭਲਾਈ ਲਈ ਕੁਝ ਕੀਤਾ ਜਾ ਰਿਹਾ ਹੈ ਅਤੇ ਨਾ ਹੀ ਮੁਲਾਜ਼ਮਾਂ ਦੀ ਮੰਗਾਂ ‘ਤੇ ਗੌਰ ਫਰਮਾਇਆ ਜਾ ਰਿਹਾ ਹੈ ਜਿਸ ਕਰਕੇ ਸੂਬੇ ਵਿੱਚ ਹਰ ਪਾਸੇ ਹਰ ਵਰਗ ਸਰਕਾਰ ਤੋਂ ਦੁਖੀ ਦੇਖਿਆ ਜਾ ਸਕਦਾ ਹੈ। ਸ. ਗੜ੍ਹੀ ਨੇ ਸਾਰੇ ਹੀ ਆਗੂਆਂ ਨੂੰ ਭਰੋਸਾ ਦਵਾਇਆ ਕਿ 2022 ਵਿੱਚ ਅਕਾਲੀ-ਬਸਪਾ ਦੇ ਸੱਤਾ ਵਿੱਚ ਆਉਣ ਤੇ ਹਰ ਮਹਿਕਮੇ ਦੀਆਂ ਮੰਗਾਂ ਕਾਨੂੰਨ ਦਾ ਦਾਇਰੇ ਵਿੱਚ ਰਹਿ ਪ੍ਰਵਾਨ ਕੀਤੀ ਜਾਣਗੀਆਂ ਤਾਂ ਜੋ ਮੁਲਾਜ਼ਮ ਵਰਗ, ਜਿਹੜਾ ਆਪਣੇ ਭਵਿੱਖ ਨੂੰ ਲੈ ਕੇ ਚਿੰਤਾ ਵਿੱਚ ਚੱਲ ਰਿਹਾ ਹੈ, ਨੂੰ ਆਪਣੇ ਸੁਰੱਖਿਅਤ ਭਵਿੱਖ ਦਾ ਅਹਿਸਾਸ ਹੋ ਸਕੇ।
ਇਹ ਵੀ ਪੜ੍ਹੋ : ਅਜਨਾਲਾ ਤੇਲ ਟੈਂਕਰ ਧਮਾਕਾ ਮਾਮਲਾ : ਗ੍ਰਿਫਤਾਰ ਅੱਤਵਾਦੀਆਂ ਨੂੰ ਭੇਜਿਆ 4 ਦਿਨਾਂ ਦੇ ਰਿਮਾਂਡ ‘ਤੇ
ਉਨ੍ਹਾਂ ਕਿਹਾ ਕਿ ਬਸਪਾ ਸੁਪਰੀਮੋ ਭੈਣ ਕੁਮਾਰੀ ਮਾਇਆਵਤੀ ਦਾ ਇੱਕੋ ਹੀ ਸੰਦੇਸ਼ ਹੁੰਦਾ ਹੈ ਕਿ ਵਾਅਦਾ ਉਹ ਹੀ ਕਰਨਾ ਜਿਸਨੂੰ ਪੂਰਾ ਕੀਤਾ ਜਾ ਸਕੇ ਅਤੇ ਬਸਪਾ ਦਾ ਇਹ ਇਤਿਹਾਸ ਰਿਹਾ ਹੈ ਕਿ ਬਸਪਾ ਆਪਣੇ ਕੀਤੇ ਵਾਅਦਿਆਂ ਨੂੰ ਹਰ ਹਾਲ ਵਿੱਚ ਪੂਰਾ ਕਰਦੀ ਹੈ ਅਤੇ ਜਿਸ ਵਾਅਦੇ ਨੂੰ ਬਸਪਾ ਪੂਰਾ ਨਾ ਕਰ ਸਕਦੀ ਹੋਵੇ ਉਹ ਵਾਅਦਾ ਬਸਪਾ ਵੱਲੋਂ ਕਦੇ ਕੀਤਾ ਹੀ ਨਹੀਂ ਜਾਂਦਾ।
ਇਸ ਮੌਕੇ ਆਏ ਸਾਰੇ ਆਗੂਆਂ ਨੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਦਾ ਉਨ੍ਹਾਂ ਦੇ ਮਸਲਿਆਂ ਨੂੰ ਪੂਰੀ ਸੰਜੀਦਗੀ ਨਾਲ ਸੁਣਦੇ ਹੋਏ ਉਨ੍ਹਾ ਦੇ ਢੁੱਕਵੇਂ ਹੱਲ ਦਾ ਭਰੋਸਾ ਦਿਵਾਏ ਜਾਣ ਲਈ ਧੰਨਵਾਦ ਵੀ ਕੀਤਾ। ਇਸ ਮੌਕੇ ਮਾਸਟਰ ਜਸਵੀਰ ਸਿੰਘ ਸੈਣੀ, ਮਾਸਟਰ ਬਲਦੇਵ ਸਿੰਘ, ਮੁਕੇਸ਼ ਗੁਪਤਾ, ਮਨੀ ਉਪਲ, ਨਰੇਸ਼ ਧੀਰ, ਪਰਮਿੰਦਰਪਾਲ ਸਿੰਘ ਅਤੇ ਬਸਪਾ ਦੇ ਸੀਨੀਅਰ ਆਗੂ ਮਾਸਟਰ ਹਰਭਜਨ ਸਿੰਘ ਬਲਾਲੋਂ ਅਤੇ ਲੇਖਰਾਜ ਜਮਾਲਪੁਰੀ ਦੇ ਨਾਲ ਨਾਲ ਵੱਡੀ ਗਿਣਤੀ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਆਗੂ ਤੇ ਮੈਂਬਰ ਹਾਜ਼ਰ ਰਹੇ।