ਨਵੀਂ ਦਿੱਲੀ ਵਿਸ਼ਵ ਦੇ ਮਹਾਨ ਬੱਲੇਬਾਜ਼ਾਂ ਵਿੱਚੋਂ ਇੱਕ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਫਾਰਮੈਟ ਵਿੱਚ ਟੀਮ ਇੰਡੀਆ ਦੀ ਕਮਾਨ ਨਹੀਂ ਸੰਭਾਲਣਗੇ।
ਵਿਰਾਟ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਉਹ ਟੀ-20 ਵਿਸ਼ਵ ਕੱਪ ਤੋਂ ਬਾਅਦ ਸਭ ਤੋਂ ਛੋਟੇ ਫਾਰਮੈਟ ਦੀ ਕਪਤਾਨੀ ਛੱਡ ਦੇਣਗੇ। ਹਾਲਾਂਕਿ, ਇੱਕ ਬੱਲੇਬਾਜ਼ ਦੇ ਰੂਪ ਵਿੱਚ ਉਹ ਟੀਮ ਦੇ ਨਾਲ ਜੁੜੇ ਰਹਿਣਗੇ।
ਵਿਰਾਟ ਨੇ ਅੰਗਰੇਜ਼ੀ ਵਿੱਚ ਇੱਕ ਲੰਮੀ ਪੋਸਟ ਲਿਖੀ ਹੈ। ਜਿਸ ਵਿੱਚ ਉਨ੍ਹਾਂ ਲਿਖਿਆ- “ਇਹ ਮੇਰੇ ਲਈ ਸਨਮਾਨ ਦੀ ਗੱਲ ਰਹੀ ਹੈ ਕਿ ਨਾ ਸਿਰਫ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਮਿਲਿਆ ਬਲਕਿ ਟੀਮ ਦੀ ਆਪਣੀ ਯੋਗਤਾ ਦੇ ਅਨੁਸਾਰ ਅਗਵਾਈ ਵੀ ਕੀਤੀ। ਮੈਂ ਉਨ੍ਹਾਂ ਸਾਰਿਆਂ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਦੀ ਇਸ ਯਾਤਰਾ ਵਿੱਚ ਮੇਰਾ ਸਾਥ ਦਿੱਤਾ। ਮੈਂ ਉਸ ਤੋਂ ਬਿਨਾਂ ਕੁਝ ਨਹੀਂ ਕਰ ਸਕਦਾ ਸੀ – ਟੀਮ ਦੇ ਖਿਡਾਰੀ, ਸਹਿਯੋਗੀ ਸਟਾਫ, ਚੋਣ ਕਮੇਟੀ, ਮੇਰੇ ਕੋਚ ਅਤੇ ਹਰ ਭਾਰਤੀ ਜਿਸਨੇ ਸਾਡੀ ਜਿੱਤ ਲਈ ਪ੍ਰਾਰਥਨਾ ਕੀਤੀ।
ਆਪਣੇ ਟਵਿੱਟਰ ਹੈਂਡਲ ਤੋਂ ਇੱਕ ਪੋਸਟ ਵਿੱਚ ਉਨ੍ਹਾਂ ਕਿਹਾ ਕਿ ਮੈਂ ਇਹ ਫੈਸਲਾ ਬਹੁਤ ਸੋਚ ਸਮਝ ਕੇ ਲਿਆ ਹੈ। ਉਨ੍ਹਾਂ ਨੇ ਕੰਮ ਦੇ ਬੋਝ ਕਾਰਨ ਕਪਤਾਨੀ ਛੱਡਣ ਦੀ ਗੱਲ ਕਹੀ ਹੈ। ਇੰਨਾ ਹੀ ਨਹੀਂ, ਵਿਰਾਟ ਕੋਹਲੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਟੀਮ ਦੇ ਕੋਚ ਰਵੀ ਸ਼ਾਸਤਰੀ ਅਤੇ ਉਪ ਕਪਤਾਨ ਰੋਹਿਤ ਸ਼ਰਮਾ ਨਾਲ ਵੀ ਸਲਾਹ ਮਸ਼ਵਰਾ ਕੀਤਾ ਸੀ।
ਇਹ ਵੀ ਪੜ੍ਹੋ : ਪਿਉ-ਪੁੱਤ ਦੀ ਜੋੜੀ ਨੇ ਲੋਹੇ ਦੇ ਕਬਾੜ ਤੋਂ ਬਣਾ ਦਿੱਤੀ PM ਮੋਦੀ ਦੀ 14 ਫੁੱਟ ਉੱਚੀ ਮੂਰਤੀ
ਇਸ ਪੋਸਟ ਵਿੱਚ ਕੋਹਲੀ ਨੇ ਕਪਤਾਨੀ ਛੱਡਣ ਤੋਂ ਇਲਾਵਾ ਟੀਮ ਦੇ ਇੱਕ ਖਿਡਾਰੀ ਨੂੰ ਕਪਤਾਨੀ ਸੌਂਪਣ ਦਾ ਸੁਝਾਅ ਵੀ ਦਿੱਤਾ ਹੈ। ਕੋਹਲੀ ਨੇ ਕਪਤਾਨੀ ਦੀ ਜ਼ਿੰਮੇਵਾਰੀ ਟੀਮ ਦੇ ਉਪ ਕਪਤਾਨ ਰੋਹਿਤ ਸ਼ਰਮਾ ਨੂੰ ਸੌਂਪਣ ਦਾ ਸੁਝਾਅ ਦਿੱਤਾ ਹੈ। ਇਸਦੇ ਨਾਲ ਹੀ ਰੋਹਿਤ ਸ਼ਰਮਾ ਦੀ ਲੀਡਰਸ਼ਿਪ ਕੁਆਲਿਟੀ ਦੀ ਵੀ ਤਾਰੀਫ ਕੀਤੀ ਹੈ।