ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਤੋਂ ਬਾਅਦ ਉਨ੍ਹਾਂ ਦੇ ਸਮਰਥਕ ਵੀ ਆਪਣੇ ਅਹੁਦੇ ਛੱਡ ਰਹੇ ਹਨ। ਇਸੇ ਲੜੀ ਵਿੱਚ ਉਨ੍ਹਾਂ ਦੇ ਸਿਆਸੀ ਸਕੱਤਰ ਵਜੋਂ ਸੇਵਾਵਾਂ ਨਿਭਾ ਰਹੇ ਕੈਪਟਨ ਸੰਦੀਪ ਸਿੰਧੂ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਕੈਪਟਨ ਸੰਦੀਪ ਸੰਧੂ ਮੁੱਖ ਮੰਤਰੀ ਪੰਜਾਬ ਦੇ ਬੇਹੱਦ ਕਰੀਬੀਆਂ ਵਿੱਚੋਂ ਮੰਨੇ ਜਾਂਦੇ ਹਨ ਇਸ ਦੇ ਨਾਲ ਹੀ ਮੁੱਖ ਮੰਤਰੀ ਦੇ ਚੀਫ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣਾ ਚਾਰਜ ਛੱਡ ਦਿੱਤਾ ਹੈ। ਸੁਰੇਸ਼ ਕੁਮਾਰ ਵੀ ਕੈਪਟਨ ਅਮਰਿੰਦਰ ਸਿੰਘ ਦੇ ਬੜੇ ਵਿਸਵਾਸ਼ ਪਾਤਰ ਅਫਸਰ ਹਨ। ਇਸ ਤੋਂ ਪਹਿਲਾਂ ਵੀ ਸੁਰੇਸ਼ ਕੁਮਾਰ ਅਹੁਦੇ ਤੋਂ ਅਸਤੀਫੇ ਦੇ ਚੁੱਕੇ ਸਨ ਪਰ ਕੈਪਟਨ ਨੇ ਉਨ੍ਹਾਂ ਦਾ ਅਸਤੀਫਾ ਨਾਮਨਜੂਰ ਕਰ ਦਿੱਤਾ ਸੀ।
ਇਹ ਵੀ ਪੜ੍ਹੋ : ਹਰਿਆਣਾ ‘ਚ ਕੈਪਟਨ ਖਿਲਾਫ ਰੋਸ ਮੁਜ਼ਾਹਰੇ, ਕਈ ਥਾਵਾਂ ‘ਤੇ ਭਿੜੇ ਕਾਂਗਰਸੀ ਤੇ ਭਾਜਪਾਈ
ਦੱਸਣਯੋਗ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕਰਕੇ ਆਪਣਾ ਅਤੇ ਆਪਣੇ ਮੰਤਰੀ ਮੰਡਲ ਦਾ ਅਸਤੀਫਾ ਸੌਂਪ ਦਿੱਤਾ। ਅਸਤੀਫਾ ਦੇਣ ਪਿੱਛੋਂ ਕੈਪਟਨ ਨੇ ਕਿਹਾ ਕਿ ਤੀਜੀ ਵਾਰ ਮੇਰੇ ਖਿਲਾਫ ਬਗਾਵਤ ਹੋਈ ਹੈ। ਮੈਂ ਇਸ ‘ਤੇ ਬਹੁਤ ਬੇਇਜ਼ਤ ਮਹਿਸੂਸ ਕਰ ਰਿਹਾ ਹਾਂ, ਜਿਸ ਕਰਕੇ ਮੈਂ ਇਹ ਫੈਸਲਾ ਲਿਆ ਹੈ ਤੇ ਆਪਣੇ ਸਮਰਥਕ ਮੰਤਰੀਆਂ ਸਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ।
ਉਨ੍ਹਾਂ ਕਿਹਾ ਮੈਂ ਇਸ ਬਾਰੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਗੱਲ ਕਰ ਲਈ ਹੈ। ਹੁਣ ਉਹ ਜਿਸ ਨੂੰ ਮਰਜ਼ੀ ਚਾਹੁਣ ਮੁੱਖ ਮੰਤਰੀ ਬਣਾ ਸਕਦੇ ਹਨ। ਹਾਲਾਂਕਿ ਕੈਪਟਨ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੇ ਅਜੇ ਕਾਂਗਰਸ ਪਾਰਟੀ ਨਹੀਂ ਛੱਡੀ। ਉਨ੍ਹਾਂ ਕਿਹਾ ਕਿ ਮੇਰੇ ਕੋਲ ਭਵਿੱਖ ‘ਚ ਸਿਆਸੀ ਬਦਲ ਹਨ, ਜਿਨ੍ਹਾਂ ‘ਤੇ ਉਹ ਆਪਣੇ ਸਮਰਥਕਾਂ ਨਾਲ ਵਿਚਾਰ-ਕਰਨ ‘ਤੇ ਫੈਸਲਾ ਲੈਣਗੇ, ਜੋ ਪੰਜ ਦਹਾਕਿਆਂ ਤੋਂ ਉਨ੍ਹਾਂ ਦੇ ਨਾਲ ਖੜ੍ਹੇ ਹਨ।