ਚੰਡੀਗੜ੍ਹ: ਪੰਜਾਬ ਦੇ ਨਵੇਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਆਪਣੇ ਕੈਬਨਿਟ ਮੰਤਰੀਆਂ ਸਮੇਤ, ਚਾਰਟਰਡ ਜਹਾਜ਼ ਰਾਹੀਂ ਦਿੱਲੀ ਜਾਣ ਤੋਂ ਬਾਅਦ ਵਿਵਾਦਾਂ ਵਿੱਚ ਘਿਰ ਗਏ ਹਨ। ਦਰਅਸਲ, ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੇ ਦੌਰੇ ‘ਤੇ ਸਵਾਲ ਖੜ੍ਹੇ ਕੀਤੇ ਹਨ।
ਅਕਾਲੀ ਦਲ ਨੇ ਟਵੀਟ ਕੀਤਾ ਕਿ ਇਹ ਕਹਿਣ ਤੋਂ ਬਾਅਦ ਕਿ ਉਹ ਆਮ ਆਦਮੀ ਦੇ ਨਾਲ ਖੜ੍ਹੇ ਹਨ, ਕਾਂਗਰਸੀ ਨੇਤਾ ਨੇ ਚੰਡੀਗੜ੍ਹ ਤੋਂ ਦਿੱਲੀ ਤੱਕ ਸਿਰਫ 250 ਕਿਲੋਮੀਟਰ ਦਾ ਸਫਰ ਨਿੱਜੀ ਜਹਾਜ਼ ਰਾਹੀਂ ਕੀਤਾ। ਉਨ੍ਹਾਂ ਪੁੱਛਿਆ ਕਿ ਕੀ ਕੋਈ ਸਧਾਰਨ ਉਡਾਣਾਂ ਜਾਂ ਕਾਰਾਂ ਨਹੀਂ ਹਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ?
ਦੱਸਣਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਚੰਨੀ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੰਡੀਗੜ੍ਹ ਹਵਾਈ ਅੱਡੇ ਤੋਂ ਨਿੱਜੀ ਜਹਾਜ਼ ਰਾਹੀਂ ਦਿੱਲੀ ਲਈ ਰਵਾਨਾ ਹੋਏ।
ਇਹ ਵੀ ਪੜ੍ਹੋ : ਸਿੰਘੂ ਬਾਰਡਰ ਤੋਂ ਕਿਸਾਨਾਂ ਨੇ ਨਵੇਂ ਬਣੇ CM ਚੰਨੀ ਲਈ ਭੇਜਿਆ ਸੁਨੇਹਾ
ਆਪਣੀ ਯਾਤਰਾ ਦੀ ਤਸਵੀਰ ਨੂੰ ਟਵਿੱਟਰ ‘ਤੇ ਸਾਂਝਾ ਕਰਦੇ ਹੋਏ, ਸਿੱਧੂ ਨੇ ਲਿਖਿਆ -‘ In line of duty’। ਦੱਸ ਦੇਈਏ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੋਮਵਾਰ ਨੂੰ ਸਹੁੰ ਚੁੱਕਣ ਤੋਂ ਬਾਅਦ ਆਪਣੀ ਪਹਿਲੀ ਪ੍ਰੈਸ ਕਾਨਫਰੰਸ ਦੌਰਾਨ ਕਿਹਾ ਸੀ ਕਿ ਕਾਂਗਰਸ ਹਾਈ ਕਮਾਨ ਨੇ ਪੰਜਾਬ ਦੀ ਕਮਾਨ ਇੱਕ ਆਮ ਆਦਮੀ ਨੂੰ ਸੌਂਪੀ ਹੈ। ਜਿਸ ਦੇ ਘਰ ਦੀ ਛੱਤ ਵੀ ਨਹੀਂ ਸੀ, ਅੱਜ ਕਾਂਗਰਸ ਪਾਰਟੀ ਨੇ ਉਸ ਨੂੰ ਮੁੱਖ ਮੰਤਰੀ ਬਣਾ ਦਿੱਤਾ ਹੈ।