ਚੰਡੀਗੜ੍ਹ : ਪੰਜਾਬ ਓਲੰਪਿਕ ਐਸੋਸੀਏਸ਼ਨ ਵੱਲੋਂ ਟੋਕੀਓ ਓਲੰਪਿਕ ਖੇਡਾਂ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਅਤੇ ਹੋਰਨਾਂ ਖੇਡਾਂ ਵਿੱਚ ਹਿੱਸਾ ਲੈਣ ਵਾਲੇ ਪੰਜਾਬੀ ਖਿਡਾਰੀਆਂ ਅਤੇ ਕੋਚਾਂ ਦਾ ਸਨਮਾਨ ਕੀਤਾ ਗਿਆ ਹੈ।
ਅੱਜ ਇਥੇ ਚੰਡੀਗੜ੍ਹ ਵਿਖੇ ਹੋਏ ਸਨਮਾਨ ਸਮਾਗਮ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ, ਸੀਨੀਅਰ ਮੀਤ ਪ੍ਰਧਾਨ ਰਾਜਦੀਪ ਸਿੰਘ ਗਿੱਲ, ਸਕੱਤਰ ਜਨਰਲ ਰਾਜਾ ਕੇ.ਐਸ.ਸਿੱਧੂ, ਹਾਕੀ ਪੰਜਾਬ ਦੇ ਸਕੱਤਰ ਪਰਗਟ ਸਿੰਘ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਕੁਲਦੀਪ ਵਤਸ ਵੱਲੋਂ ਸਮੂਹ ਖਿਡਾਰੀਆਂ ਤੇ ਕੋਚਾਂ ਨੂੰ ‘ਸਿਲਵਰ ਪਲੇਟ’ ਨਾਲ ਸਨਮਾਨਤ ਕੀਤਾ ਗਿਆ।
ਸਨਮਾਨ ਹਾਸਲ ਕਰਨ ਵਾਲਿਆਂ ਵਿੱਚ ਓਲੰਪਿਕਸ ਵਿੱਚ ਕਾਂਸੀ ਦਾ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਮਨਪ੍ਰੀਤ ਸਿੰਘ (ਕਪਤਾਨ), ਹਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਸਿਮਰਨਜੀਤ ਸਿੰਘ, ਹਾਰਦਿਕ ਸਿੰਘ, ਦਿਲਪ੍ਰੀਤ ਸਿੰਘ, ਵਰੁਣ ਕੁਮਾਰ, ਸ਼ਮਸ਼ੇਰ ਸਿੰਘ, ਗੁਰਜੰਟ ਸਿੰਘ ਤੇ ਕ੍ਰਿਸ਼ਨ ਬਹਾਦਰ ਪਾਠਕ, ਹਿੱਸਾ ਲੈਣ ਵਾਲੇ ਖਿਡਾਰੀ ਮੁੱਕੇਬਾਜ਼ ਸਿਮਰਨਜੀਤ ਕੌਰ, ਨਿਸ਼ਾਨੇਬਾਜ਼ ਅੰਜੁਮ ਮੌਦਗਿਲ, ਕੋਚ ਸ਼ਿਵੇਦਰਾ ਸਿੰਘ, ਮਹਿੰਦਰ ਸਿੰਘ ਢਿੱਲੋਂ ਤੇ ਸੰਦੀਪ ਕੁਮਾਰ ਸ਼ਾਮਲ ਸਨ।
ਸਮਾਗਮ ਦੌਰਾਨ ਸਬੰਧੋਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਟੋਕੀਓ ਵਿੱਚ ਪ੍ਰਾਪਤੀਆਂ ਖੱਟਣ ਵਾਲੇ ਖਿਡਾਰੀ ਆਪਣੀਆਂ ਇਸ ਪ੍ਰਾਪਤੀਆਂ ਤੋਂ ਬਾਅਦ ਅਗਲਾ ਨਿਸ਼ਾਨਾ ਮਿੱਥਣ ਅਤੇ ਸਖਤ ਮਿਹਨਤ ਕਰਨ। ਉਨ੍ਹਾਂ ਆਸ ਪ੍ਰਗਟਾਈ ਕਿ ਅਗਲੀਆਂ ਪੈਰਿਸ ਓਲੰਪਿਕ ਖੇਡਾਂ-2024 ਵਿੱਚ ਖਿਡਾਰੀ ਹੋਰ ਵੀ ਬਿਹਤਰ ਪ੍ਰਦਰਸ਼ਨ ਕਰਨਗੇ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵੱਲੋਂ ਸੂਬਾ ਸਰਕਾਰ ਨਾਲ ਮਿਲ ਕੇ ਅਤੇ ਸਾਰੀਆਂ ਖੇਡ ਐਸੋਸੀਏਸ਼ਨਾਂ ਨੂੰ ਨਾਲ ਲੈ ਕੇ ਯੋਜਨਾ ਉਲੀਕੀ ਜਾਵੇਗੀ ਤਾਂ ਜੋ ਨਵੇਂ ਉਮਰ ਦੇ ਖਿਡਾਰੀ ਅੱਗੇ ਆਉਣ।
ਹਾਕੀ ਪੰਜਾਬ ਦੇ ਸਕੱਤਰ ਅਤੇ ਸਾਬਕਾ ਭਾਰਤੀ ਹਾਕੀ ਕਪਤਾਨ ਪਰਗਟ ਸਿੰਘ ਨੇ ਕਿਹਾ ਕਿ ਖਿਡਾਰੀਆਂ ਦੀ ਇਹ ਪ੍ਰਾਪਤੀ ਲੰਬੇ ਸਮੇਂ ਦੀ ਘਾਲਣਾ ਅਤੇ ਸਖਤ ਮਿਹਨਤ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਖਿਡਾਰੀਆਂ ਸਭ ਤੋਂ ਵੱਧ ਦਿਮਾਗ ਵਾਲੇ ਹੁੰਦੇ ਹਨ ਜਿਨ੍ਹਾਂ ਥੋੜੇਂ ਸਮੇਂ ਅੰਦਰ ਵੱਡਾ ਫੈਸਲਾ ਲੈਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਬਤੌਰ ਖੇਡ ਡਾਇਰੈਕਟਰ ਵੱਲੋਂ ਉਨ੍ਹਾਂ ਵੱਲੋਂ ਨਵੀਆਂ ਸਿਕਸ-ਏ-ਸਾਈਡ ਐਸਟੋਟਰਫਾਂ ਸਥਾਪਤ ਕਰਨ ਤੇ ਕੋਚ ਭਰਤੀ ਕਰਨ ਦਾ ਅੱਜ ਓਲਪਿਕ ਤਮਗੇ ਦੇ ਰੂਪ ਵਿੱਚ ਨਤੀਜਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਖੇਡ ਮਾਹੌਲ ਸਿਰਜਣ ਲਈ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਅਤੇ ਖਿਡਾਰੀਆਂ, ਕੋਚਾਂ ਅਤੇ ਐਸੋਸੀਏਸ਼ਨਾਂ ਦੀ ਹਿੱਸੇਦਾਰੀ ਨਾਲ ਹੀ ਖੇਡਾਂ ਵਿੱਚ ਅੱਗੇ ਵਧਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਖੇਡ ਸੱਭਿਆਚਾਰ ਪੈਦਾ ਕਰਨ ਦੀ ਲੋੜ ਹੈ ਜਿਸ ਨਾਲ ਹੀ ਨਸ਼ਿਆਂ ਦਾ ਕੋਹੜ ਜੜੋਂ ਵੱਢਿਆ ਜਾ ਸਕਦਾ ਹੈ।
ਐਸੋਸੀਏਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਡੀ.ਜੀ.ਪੀ. ਰਾਜਦੀਪ ਸਿੰਘ ਗਿੱਲ ਨੇ ਕਿਹਾ ਕਿ ਓਲੰਪਿਕਸ ਵਿੱਚ ਤਮਗਾ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਹੁਣ ਤੱਕ ਦੀ ਸਭ ਤੋਂ ਫਿੱਟ ਟੀਮ ਸੀ ਜਿਸ ਨੇ ਹਰ ਫੀਲਡ ਵਿੱਚ ਸਰਵੋਤਮ ਪ੍ਰਦਰਸ਼ਨ ਕੀਤਾ। ਉਨ੍ਹਾਂ ਕਿਹਾ ਕਿ ਡਿਫੈਂਸ ਉਤੇ ਹੋਰ ਮਿਹਨਤ ਕਰਨ ਦੀ ਲੋੜ ਹੈ ਜਿਸ ਨਾਲ ਅਗਲੀ ਵਾਰ ਕਾਂਸੀ ਦਾ ਤਮਗਾ ਸੋਨੇ ਵਿੱਚ ਬਦਲ ਸਕਦਾ। ਉਨ੍ਹਾਂ ਸਮੂਹ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਤਾਰੀਫ ਕਰਦਿਆਂ ਕਿਹਾ ਕਿ ਖੇਡਾਂ ਦਾ ਅਸਲ ਮਨੋਰਥ ਖੇਡਾਂ ਵਿੱਚ ਹਿੱਸਾ ਲੈਣਾ ਹੈ, ਜਿੱਤ-ਹਾਰ ਬਾਅਦ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਕੋਚਾਂ ਨੂੰ ਵੀ ਬਣਦਾ ਮਾਣ-ਸਤਿਕਾਰ ਦੇਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਮਹਾਰਾਜਾ ਰਣਜੀਤ ਸਿੰਘ ਐਵਾਰਡ ਦੇ ਨਾਲ ਕੋਚਾਂ ਲਈ ਦਰੋਣਾਚਾਰੀਆ ਐਵਾਰਡ ਦੀ ਤਰਜ਼ ਉਤੇ ਵੀ ਐਵਾਰਡ ਸ਼ੁਰੂ ਕਰੇ। ਉਨ੍ਹਾਂ ਕਿਹਾ ਕਿ ਹਾਕੀ ਸਭ ਤੋਂ ਖਿੱਚ ਭਰਪੂਰ ਖੇਡ ਹੈ ਅਤੇ ਲੰਬੇ ਸਮੇਂ ਬਾਅਦ ਭਾਰਤੀ ਹਾਕੀ ਨੇ ਮਾਣ ਦਿਵਾਇਆ ਹੈ ਜਿਸ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਦੀ ਸੀ।
ਐਸੋਸੀਏਸ਼ਨ ਦੇ ਸਕੱਤਰ ਜਨਰਲ ਰਾਜਾ ਅਤੇ ਸਾਬਕਾ ਨਿਸ਼ਾਨੇਬਾਜ਼ ਕੇ.ਐਸ.ਸਿੱਧੂ ਨੇ ਕਿਹਾ ਕਿ ਇਸ ਵਾਰ ਓਲੰਪਿਕ ਵਿੱਚ ਤਮਗਾ ਜਿੱਤ ਕੇ ਹਾਕੀ ਖਿਡਾਰੀਆਂ ਨੇ ਪੰਜਾਬ ਦਾ ਸਿਰ ਫਖ਼ਰ ਉੱਚਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਮੁੱਢ ਕਦੀਮ ਤੋਂ ਹੀ ਖੇਡਾਂ ਵਿੱਚ ਮੋਹਰੀ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਓਲੰਪਿਕ ਭਵਨ ਵਿਖੇ ਪੰਜਾਬ ਦੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਨੂੰ ਦਰਸਾਉਂਦਾ ‘ਹਾਲ ਆਫ਼ ਫੇਮ’ ਬਣ ਕੇ ਤਿਆਰ ਹੈ ਜਿਸ ਦਾ ਨਵੰਬਰ ਮਹੀਨੇ ਉਦਘਾਟਨ ਕੀਤਾ ਜਾਵੇਗਾ।
ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਕੁਲਦੀਪ ਵਤਸ ਨੇ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਇਸ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਖਿਡਾਰੀਆਂ ਦਾ ਮਾਣ-ਸਨਮਾਨ ਹੋਰ ਪ੍ਰਾਪਤੀਆਂ ਲਈ ਪ੍ਰੇਰਿਤ ਕਰਦਾ ਹੈ।
ਇਸ ਮੌਕੇ ਐਸੋਸੀਏਸ਼ਨ ਦੇ ਮੀਡੀਆ ਸਲਾਹਕਾਰ ਨਵਦੀਪ ਸਿੰਘ ਗਿੱਲ ਵੱਲੋਂ ਟੋਕੀਓ ਓਲੰਪਿਕਸ ਦੇ ਖਿਡਾਰੀਆਂ ਬਾਰੇ ਬਣਾਈ ਗਈ ਫਿਲਮ ਦਿਖਾਈ ਗਈ ਜਿਸ ਵਿੱਚ ਹਾਕੀ ਟੀਮ ਵੱਲੋਂ ਕੀਤੇ ਗਏ ਸਾਰੇ 25 ਗੋਲਾਂ ਨੂੰ ਵੀ ਦਿਖਾਇਆ ਗਿਆ ਜਿਨ੍ਹਾਂ ਵਿੱਚੋਂ 23 ਗੋਲ ਪੰਜਾਬੀ ਖਿਡਾਰੀਆਂ ਨੇ ਕੀਤੇ ਸਨ। ਮੰਚ ਸੰਚਾਲਨ ਅਥਲੈਟਿਕਸ ਕੋਚ ਸੁਖਵਿੰਦਰ ਸਿੰਘ ਸੁੱਖੀ ਨੇ ਕੀਤਾ।
ਇਹ ਵੀ ਪੜ੍ਹੋ : ਰਾਜਾ ਵੜਿੰਗ ਤੇ ਗੁਰਕੀਰਤ ਕੋਟਲੀ ਨੂੰ ਮੰਤਰੀ ਬਣਾਉਣ ਦੇ ਕਾਂਗਰਸ ਦੇ ਫੈਸਲੇ ‘ਤੇ ਹੈਰਾਨ ਪੰਜਾਬੀ : ਅਕਾਲੀ ਦਲ
ਸਮਾਗਮ ਵਿੱਚ ਪੰਜਾਬ ਓਲੰਪਿਕ ਐਸੋਸੀਏਸ਼ਨ ਦੇ ਅਹੁਦੇਦਾਰ ਪਦਮ ਸ੍ਰੀ ਕਰਤਾਰ ਸਿੰਘ, ਤੇਜਾ ਸਿੰਘ ਧਾਲੀਵਾਲ, ਸਿਕੰਦਰ ਸਿੰਘ ਮਲੂਕਾ, ਕੇ.ਵੀ.ਐਸ.ਸਿੱਧੂ, ਅਰਜੁਨਾ ਐਵਾਰਡੀ ਤਾਰਾ ਸਿੰਘ, ਆਰ.ਕੇ.ਬਾਲੀ, ਕੇ.ਵੀ.ਐਸ.ਬਰਾੜ, ਮਨਿੰਦਰ ਕੌਰ ਵਿਰਕ, ਕੁਲਵਿੰਦਰ ਸਿੰਘ ਥਿਆੜਾ, ਪ੍ਰਭਜੀਤ ਸਿੰਘ, ਜਸਬੀਰ ਸਿੰਘ ਗਿੱਲ, ਅਨਿਲ ਅਰੋੜਾ, ਸੰਦੀਪ ਸੈਣੀ ਤੋਂ ਇਲਾਵਾ ਖਿਡਾਰੀਆਂ ਵਿੱਚੋਂ ਦਰੋਣਾਚਾਰੀਆ ਐਵਾਰਡੀ ਗੁਰਬਖ਼ਸ਼ ਸਿੰਘ ਸੰਧੂ, ਦਰੋਣਾਚਾਰੀਆ ਐਵਾਰਡੀ ਬਲਦੇਵ ਸਿੰਘ, ਦਰੋਣਾਚਾਰੀਆ ਐਵਾਰਡੀ ਐਸ.ਐਸ.ਪੰਨੂੰ, ਪਦਮ ਸ੍ਰੀ ਬਹਾਦਰ ਸਿੰਘ, ਧਿਆਨ ਚੰਦ ਐਵਾਰਡੀ ਅਜੀਤ ਸਿੰਘ, ਮਾਸਕੋ ਓਲੰਪਿਕ ਗੋਲਡ ਮੈਡਲਿਸਟ ਦਵਿੰਦਰ ਸਿੰਘ ਗਰਚਾ, ਅਰਜੁਨਾ ਐਵਾਰਡੀ ਬਲਜੀਤ ਸਿੰਘ ਢਿੱਲੋਂ, ਅਰਜੁਨਾ ਐਵਾਰਡੀ ਮਾਧੁਰੀ ਸਕਸੈਨਾ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਜੂਨੀਅਰ ਵਿਸ਼ਵ ਕੱਪ ਜੇਤੂ ਹਾਕੀ ਖਿਡਾਰੀ ਤੇਜਬੀਰ ਸਿੰਘ, ਅਥਲੀਟ ਹਰਮਿਲਨ ਬੈਂਸ ਅਤੇ ਚੰਡੀਗੜ੍ਹ ਓਲੰਪਿਕ ਐਸੋਸੀਏਸ਼ਨ ਦੇ ਪ੍ਰਧਾਨ ਅਮਰਿੰਦਰ ਸਿੰਘ ਬਜਾਜ ਵੀ ਹਾਜ਼ਰ ਸਨ।