ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇੱਕ ਵਾਰ ਫਿਰ ਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ ਆਪਣੇ ਸੁਰੱਖਿਆ ਕਰਮਚਾਰੀਆਂ ਦੀ ਕਟੌਤੀ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਸਬੰਧ ਵਿੱਚ ਮੁੱਖ ਮੰਤਰੀ ਵੱਲੋਂ ਇੱਕ ਨੋਟ ਜਾਰੀ ਕੀਤਾ ਗਿਆ ਹੈ।
ਐਤਵਾਰ ਨੂੰ ਡੀਜੀਪੀ ਸਹੋਤਾ ਨੇ ਮੁੱਖ ਮੰਤਰੀ ਨੂੰ ਮੀਟਿੰਗ ਦੌਰਾਨ ਸੁਰੱਖਿਆ ਘਟਾਉਣ ਦੇ ਫੈਸਲੇ ‘ਤੇ ਮੁੜ ਵਿਚਾਰ ਕਰਨ ਲਈ ਕਿਹਾ ਸੀ। ਮੁੱਖ ਮੰਤਰੀ ਬਣਨ ਤੋਂ ਬਾਅਦ ਚੰਨੀ ਨੇ ਆਪਣੇ ਨਾਲ ਆਏ ਭਾਰੀ ਸੁਰੱਖਿਆ ਕਰਮਚਾਰੀਆਂ ਬਾਰੇ ਚਿੰਤਾ ਜ਼ਾਹਰ ਕੀਤੀ ਸੀ। ਸਹੁੰ ਚੁੱਕਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਨੂੰ ਘਟਾਉਣ ਦੇ ਨਿਰਦੇਸ਼ ਦਿੱਤੇ ਸਨ।
ਦੂਜੇ ਪਾਸੇ ਡੀਜੀਪੀ ਨੇ ਮੁੱਖ ਮੰਤਰੀ ਨੂੰ ਸਪੱਸ਼ਟ ਕਰ ਦਿੱਤਾ ਹੈ ਕਿ ਇੰਟੈਲੀਜੈਂਸ ਬਿਊਰੋ ਦੀ ਰਿਪੋਰਟ ਅਤੇ ਸਰਹੱਦੀ ਰਾਜ ਹੋਣ ਕਾਰਨ ਹਰ ਤਰ੍ਹਾਂ ਦੇ ਖ਼ਤਰੇ ਹਨ। ਇਸ ਤੋਂ ਇਲਾਵਾ ਸਿੱਖਸ ਫਾਰ ਜਸਟਿਸ (ਐਸਜੇਐਫ) ਸਮੇਤ ਵਿਦੇਸ਼ਾਂ ਵਿੱਚ ਚੱਲ ਰਹੀ ਖਾਲਿਸਤਾਨੀ ਲਹਿਰ ਦੀ ਲਗਾਤਾਰ ਹਲਚਲ ਰਾਜ ਵਿੱਚ ਹਰ ਰੋਜ਼ ਵੇਖੀ ਜਾ ਰਹੀ ਹੈ। ਇਨ੍ਹਾਂ ਹਾਲਾਤਾਂ ਵਿੱਚ ਮੁੱਖ ਮੰਤਰੀ ਦੇ ਸੁਰੱਖਿਆ ਅਮਲੇ ਵਿੱਚ ਕੋਈ ਕਮੀ ਖਤਰਨਾਕ ਹੋ ਸਕਦੀ ਹੈ। ਡੀਜੀਪੀ ਨੇ ਸੁਰੱਖਿਆ ਘਟਾਉਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਸ਼ਹੀਦ ਭਗਤ ਸਿੰਘ ਦੇ ਇਸ ਗੁਪਤ ਟਿਕਾਣੇ ‘ਤੇ ਕੱਟੇ ਗਏ ਸਨ ਕੇਸ ਤੇ ਦਾੜ੍ਹੀ, ਯਾਦਗਾਰ ਬਣਾਉਣ ਦਾ ਵਾਅਦਾ ਕਰਕੇ ਭੁੱਲੇ ਨਵਜੋਤ ਸਿੱਧੂ
ਮੁੱਖ ਮੰਤਰੀ ਦਫਤਰ ਵਿਖੇ ਪੁਨਰਗਠਿਤ ਮੰਤਰੀ ਪ੍ਰੀਸ਼ਦ ਦੀ ਪਹਿਲੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਚੰਨੀ ਨੇ ਕਿਹਾ ਕਿ ਇਹ ਸਕਿਓਰਿਟੀ ਵਿੱਚ ਕਮੀ ਨਾ ਸਿਰਫ ਵਾਧੂ ਸੁਰੱਖਿਆ ਕਰਮਚਾਰੀਆਂ ਦੀ ਸਮਝਦਾਰੀ ਨਾਲ ਤਾਇਨਾਤੀ ਲਈ ਸਹਾਇਕ ਸਿੱਧ ਹੋਵੇਗੀ, ਬਲਕਿ ਆਮ ਲੋਕਾਂ ਨੂੰ ਇਸ ਸੰਬੰਧ ਵਿੱਚ ਬੇਲੋੜੀ ਪਰੇਸ਼ਾਨੀ ਤੋਂ ਵੀ ਬਚਾਏਗੀ।