ਪਾਕਿਸਤਾਨ ਦੇ ਦਿਗੱਜ ਬੱਲੇਬਾਜ਼ ਤੇ ਸਾਬਕਾ ਕਪਤਾਨ ਇੰਜ਼ਮਾਮ ਉੱਲ ਹੱਕ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸਾਹਮਣੇ ਆਈ ਹੈ। ਇੰਜ਼ਮਾਮ ਉੱਲ ਹੱਕ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਹੌਰ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।
ਨਿਊਜ਼ ਏਜੰਸੀ ਅਨੁਸਾਰ ਸੋਮਵਾਰ ਸ਼ਾਮ ਨੂੰ ਐਨਜੀਓਪਲਾਸਟੀ ਦੇ ਬਾਅਦ ਇੰਜ਼ਮਾਮ ਉੱਲ ਹੱਕ ਦੀ ਸਥਿਤੀ ਫਿਲਹਾਲ ਸਥਿਰ ਹੈ। ਦੱਸਿਆ ਜਾ ਰਿਹਾ ਹੈ ਕਿ ਇੰਜ਼ਮਾਮ ਉੱਲ ਹੱਕ ਨੂੰ ਪਿਛਲੇ ਤਿੰਨ ਦਿਨਾਂ ਤੋਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਹੋ ਰਹੀ ਸੀ, ਪਰ ਸ਼ੁਰੂਆਤੀ ਜਾਂਚ ਵਿੱਚ ਡਾਕਟਰਾਂ ਨੇ ਉਨ੍ਹਾਂ ਨੂੰ ਠੀਕ ਹਾਲਤ ਵਿੱਚ ਪਾਇਆ ਸੀ।
ਖਬਰਾਂ ਅਨੁਸਾਰ ਉਹ ਪਿਛਲੇ ਤਿੰਨ ਦਿਨਾਂ ਤੋਂ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਰ ਰਹੇ ਸਨ। ਪਰ ਜਦੋਂ ਉਨ੍ਹਾਂ ਦੀ ਸ਼ੁਰੂਆਤੀ ਜਾਂਚ ਕਰਵਾਈ ਗਈ ਤਾਂ ਸਭ ਕੁਝ ਠੀਕ ਸੀ। ਜਿਸ ਤੋਂ ਬਾਅਦ ਵਾਲੀ ਜਾਂਚ ਵਿੱਚ ਪਤਾ ਲੱਗਿਆ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ। ਜਿਸ ਤੋਂ ਬਾਅਦ ਤੁਰੰਤ ਹੀ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਡਾਕਟਰਾਂ ਅਨੁਸਾਰ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਉਹ ਪੂਰੀ ਨਿਗਰਾਨੀ ਵਿੱਚ ਹਨ।
ਦੱਸ ਦੇਈਏ ਕਿ 51 ਸਾਲਾਂ ਦੇ ਇੰਜ਼ਮਾਮ ਦੇ ਨਾਮ ਕ੍ਰਿਕਟ ਦੇ ਮੈਦਾਨ ਦੇ ਕਈ ਵੱਡੇ ਰਿਕਾਰਡ ਹਨ। ਆਪਣੇ ਵਨਡੇ ਕਰੀਅਰ ਵਿੱਚ 10 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਉਹ ਇਕੱਲੇ ਪਾਕਿਸਤਾਨੀ ਬੱਲੇਬਾਜ਼ ਹਨ। ਇੰਜ਼ਮਾਮ ਨੇ ਕੁੱਲ 375 ਵਨਡੇ ਮੈਚ ਖੇਡੇ ਹਨ। ਜਿਸ ਵਿੱਚ ਉਸਨੇ 11701 ਦੌੜਾਂ ਬਣਾਈਆਂ ਹਨ। ਸਾਲ 2007 ਵਿੱਚ ਪਾਕਿਸਤਾਨ ਵੱਲੋਂ ਵਿਸ਼ਵ ਕੱਪ ਵਿੱਚ ਕੁਆਲੀਫਾਈ ਨਾ ਕਰ ਸਕਣ ‘ਤੇ ਉਨ੍ਹਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਸੀ।