ਨਵਜੋਤ ਸਿੰਘ ਸਿੱਧੂ ਦੇ ਹਮਲਾਵਰ ਰੁਖ਼ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਹੁਣ ਚਰਨਜੀਤ ਸਿੰਘ ਚੰਨੀ ਦੇ ਸੀ.ਐਮ. ਬਣਨ ਤੋਂ ਬਾਅਦ ਸਿੱਧੂ ਉਨ੍ਹਾਂ ਦੇ ਕੰਮ ਵਿੱਚ ਵੀ ਦਖਲ ਦੇਣੋਂ ਬਾਜ਼ ਨਹੀਂ ਆ ਰਹੇ।
ਜਦੋਂ ਸਿੱਧੂ ਨੂੰ ਲੱਗਾ ਕਿ ਸਰਕਾਰ ਵਿੱਚ ਹੁਣ ਉਨ੍ਹਾਂ ਦੀ ਸੁਣੀ ਨਹੀਂ ਜਾ ਰਹੀ ਤਾਂ ਉਨ੍ਹਾਂ ਨੇ ਪੰਜਾਬ ਕਾਂਗਰਸ ਦੇ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹੁਣ ਉਨ੍ਹਾਂ ਨੇ ਡੀਜੀ ਅਤੇ ਏਜੀ ਦੀ ਨਿਯੁਕਤੀ ਨੂੰ ਲੈ ਕੇ ਟਵੀਟ ਕਰਕੇ ਸਰਕਾਰ ਨੂੰ ਸਿੱਧਾ ਨਿਸ਼ਾਨਾ ਬਣਾਇਆ ਹੈ। ਜਵਾਬ ਵਿੱਚ ਚੰਨੀ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਪਾਰਟੀ ਦਾ ਕੰਮ ਕਰਨ। ਜੇਕਰ ਉਨ੍ਹਾਂ ਨੇ ਆਪਣੀ ਗੱਲ ਰੱਖਣੀ ਹੈ ਤਾਂ ਪਾਰਟੀ ਫੋਰਮ ਦਾ ਇਸਤੇਮਾਲ ਕਰਨ।
ਮੋਰਿੰਡਾ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਾਫ ਕਿਹਾ ਕਿ ਸਿੱਧੂ ਨੂੰ ਪਾਰਟੀ ਦਾ ਕੰਮ ਕਰਨਾ ਚਾਹੀਦਾ ਹੈ। ਅਸੀਂ ਦੋਵੇਂ ਮਿਲ ਕੇ ਕੰਮ ਕਰੀਏ, ਅਸੀਂ ਕੰਮ ਕਰਨਾ ਚਾਹੁੰਦੇ ਹਾਂ ਅਤੇ ਕਰ ਰਹੇ ਹਾਂ। ਜੇ ਕਿਸੇ ਨੂੰ ਕਿਸੇ ਕਿਸਮ ਦੀ ਗੱਲ ਪਸੰਦ ਨਹੀਂ ਹੈ, ਤਾਂ ਪਾਰਟੀ ਫੋਰਮ ਵਿੱਚ ਬੈਠ ਕੇ, ਤਾਲਮੇਲ ਕਮੇਟੀ ਵਿੱਚ ਇਸ ਬਾਰੇ ਚਰਚਾ ਕੀਤੀ ਜਾ ਸਕਦੀ ਹੈ।
ਇਹ ਵੀ ਵੇਖੋ :
Sabudana Omelette Recipe | ਨਰਾਤਿਆਂ ਦੀ ਸਪੈਸ਼ਲ ਰੈਸਿਪੀ
ਚੰਨੀ ਨੇ ਆਪਣੀ ਮਿਸਾਲ ਦਿੰਦਿਆਂ ਕਿਹਾ ਕਿ ਮੈਂ ਆਮ ਲੋਕਾਂ ਵਿੱਚੋਂ ਚੁਣਿਆ ਹੋਇਆ ਨੁਮਾਇੰਦਾ ਹਾਂ। ਆਮ ਆਦਮੀ ਹਾਂ। ਸਰਕਾਰ ਦਾ ਕੰਮ ਹੈ ਕਿ ਉਹ ਇਮਾਨਦਾਰੀ ਨਾਲ ਕੰਮ ਕਰੇ ਅਤੇ ਸਾਰਿਆਂ ਨੂੰ ਨਾਲ ਲੈ ਕੇ ਚੱਲੇ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦੇ ਬਾਹਰ ਪਾਇਆ ਭੜਥੂ, ਨਰਸ ‘ਤੇ ਲਗਾਏ ਗੰਭੀਰ ਦੋਸ਼
ਚੰਨੀ ਨੇ ਸਿੱਧੂ ਦੇ ਟਵੀਟ ‘ਤੇ ਕਿਹਾ ਕਿ ਡੀ. ਜੀ. ਪੀ. ਦੀ ਨਿਯੁਕਤੀ ਹੋਣੀ ਹੈ। ਇਸ ਲਈ ਇੱਕ ਸਿੱਧਾ ਜਿਹਾ ਕਾਨੂੰਨ ਹੈ ਅਤੇ ਮੈਂ ਇਸ ਬਾਰੇ ਸਿੱਧੂ ਸਾਹਿਬ ਨਾਲ ਗੱਲ ਕੀਤੀ ਹੈ। ਉਨ੍ਹਾਂ ਨੂੰ ਪਤਾ ਹੈ। ਚੰਨੀ ਨੇ ਕਿਹਾ ਕਿ ਉਨ੍ਹਾਂ ਅਧਿਕਾਰੀਆਂ ਦੇ ਨਾਂ ਕੇਂਦਰ ਸਰਕਾਰ ਨੂੰ ਭੇਜੇ ਗਏ ਹਨ, ਜਿਨ੍ਹਾਂ ਦੀ ਸੇਵਾ ਨੂੰ ਤੀਹ ਸਾਲ ਪੂਰੇ ਹੋ ਚੁੱਕੇ ਹਨ। ਤਿੰਨ ਨਾਂ ਦਾ ਪੈਨਲ ਕੇਂਦਰ ਸਰਕਾਰ ਨੇ ਸਾਨੂੰ ਭੇਜਣਾ ਹੈ। ਉਨ੍ਹਾਂ ਨਾਵਾਂ ਨੂੰ ਲੈ ਕੇ ਸਿੱਧੂ ਸਾਹਿਬ ਨਾਲ ਵੀ ਅਤੇ ਵਿਧਾਇਕਾਂ-ਮੰਤਰੀਆਂ ਨਾਲ ਗੱਲਬਾਤ ਕਰਕੇ ਡੀ. ਜੀ. ਪੀ. ਲਗਾਇਆ ਜਾਏਗਾ। ਡੀ. ਜੀ. ਪੀ. ਉਦੋਂ ਹੀ ਲੱਗੇਗਾ, ਜਦੋਂ ਕੇਂਦਰ ਦਾ ਪੈਨਲ ਆਏਗਾ।
ਸੀ.ਐਮ. ਚੰਨੀ ਨੇ ਸਿੱਧੂ ਨੂੰ ਫਿਰ ਨਸੀਹਤ ਦਿੱਤੀ ਕਿ ਉਹ ਪਾਰਟੀ ਪ੍ਰਧਾਨ ਹਨ। ਇਸ ਤੋਂ ਪਹਿਲਾਂ ਵੀ ਉਹ ਕਹਿ ਚੁੱਕੇ ਹਨ ਕਿ ਸਿੱਧੂ ਪਰਿਵਾਰ ਦੇ ਮੁਖੀ ਹਨ। ਕੋਈ ਫੈਸਲਾ ਪਸੰਦ ਨਹੀਂ ਤਾਂ ਉਹ ਸਾਰਿਆਂ ਨੂੰ ਬਿਠਾ ਕੇ ਗੱਲ ਕਰ ਸਕਦੇ ਹਨ।