ਬੀਤੇ ਦਿਨੀਂ ਰਾਮ ਲੀਲਾ ਮੰਚਨ ਸਮੇਂ ਪੰਜਾਬ ਵਿਚ ਦੋ ਹਾਦਸੇ ਵਾਪਰੇ। ਇੱਕ ਹਾਦਸੇ ਵਿਚ ਜਲੰਧਰ ਵਿਖੇ ਤਾੜਕਾ ਦੇ ਮੂੰਹ ਵਿੱਚੋਂ ਨਿਕਲੀ ਅੱਗ ਵਿੱਚ ਪਿਤਾ ਅਤੇ ਧੀ ਬੁਰੀ ਤਰ੍ਹਾਂ ਝੁਲਸ ਗਏ, ਜਿਨ੍ਹਾਂ ਨੂੰ ਬਾਅਦ ‘ਚ ਹਸਪਤਾਲ ਭਰਤੀ ਕਰਵਾਉਣਾ ਪਿਆ। ਹੁਣ ਉਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ ਪਰ ਲੋਕਾਂ ਵਿਚ ਇਸ ਘਟਨਾ ਨੂੰ ਲੈ ਕੇ ਕਾਫੀ ਗੁੱਸਾ ਹੈ। ਭੜਕੇ ਲੋਕ ਮੌਕੇ ‘ਤੇ ਰਾਮ ਲੀਲਾ ਮੰਚ ਦੇ ਕਲਾਕਾਰਾਂ ਨਾਲ ਝਗੜਾ ਕਰਨ ਲੱਗੇ ਤੇ ਆਖਿਰਕਾਰ ਕਮੇਟੀ ਨੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਸ਼ਾਂਤ ਕੀਤਾ।
ਜਲੰਧਰ ਦੇ ਨੇੜੇ ਕਸਬੇ ਅਲਾਵਲਪੁਰ ਦੇ ਮੁਹੱਲਾ ਝੰਡਾ ਸਾਹਿਬ ਦੇ ਰਾਮਲੀਲਾ ਮੈਦਾਨ ਵਿੱਚ ਵਾਪਰਿਆ। ਇੱਥੇ ਤਾੜਕਾ ਨੂੰ ਮਾਰੇ ਜਾਣ ਦਾ ਮੰਚਨ ਚੱਲ ਰਿਹਾ ਸੀ, ਇੱਕ ਕਲਾਕਾਰ ਜੋ ਕਿ ਤਾੜਕਾ ਦਾ ਰੋਲ ਨਿਭਾ ਰਿਹਾ ਸੀ ਸਟੇਜ ‘ਤੇ ਆਇਆ ਤੇ ਉਸਨੇ ਆਪਣੇ ਸਾਥੀਆਂ ਦੇ ਨਾਲ ਉਸਦੇ ਮੂੰਹ ‘ਚੋਂ ਅੱਗ ਬਾਹਰ ਕੱਢਣ ਦੇ ਕਰਤੱਬ ਦਿਖਾਉਣੇ ਸ਼ੁਰੂ ਕਰ ਦਿੱਤੇ।
ਇਹ ਵੀ ਪੜ੍ਹੋ : ਸ਼੍ਰੋਮਣੀ ਅਕਾਲੀ ਦਲ ਦਾ 5 ਮੈਂਬਰੀ ਵਫਦ ਲਖੀਮਪੁਰ ਖੀਰੀ ਲਈ ਹੋਇਆ ਰਵਾਨਾ
ਅਚਾਨਕ ਤਾੜਕਾ ਦੇ ਮੂੰਹ ਵਿੱਚੋਂ ਨਿਕਲੀ ਅੱਗ 6 ਸਾਲ ਦੀ ਬੱਚੀ ਮੇਹਰ ਅਤੇ ਉਸ ਦੇ ਪਿਤਾ ਰਾਜੀਵ, ‘ਤੇ ਜਾ ਡਿੱਗੀ । ਜਿਸ ਕਾਰਨ ਉਹ ਬੁਰੀ ਤਰ੍ਹਾਂ ਝੁਲਸ ਗਏ। ਇਸ ਨਾਲ ਲੋਕਾਂ ਦਾ ਗੁੱਸਾ ਭੜਕ ਗਿਆ। ਇਸ ਤੋਂ ਪਹਿਲਾਂ ਕਿ ਉਹ ਕਲਾਕਾਰ ਨੂੰ ਫੜ ਲੈਂਦਾ, ਤੁਰੰਤ ਕਮੇਟੀ ਮੈਂਬਰਾਂ ਨੇ ਦਖਲ ਦੇ ਕੇ ਮਾਮਲੇ ਨੂੰ ਸ਼ਾਂਤ ਕੀਤਾ। ਰਾਮਲੀਲਾ ਕਮੇਟੀ ਉਸ ਦਾ ਇਲਾਜ ਕਰਵਾ ਰਹੀ ਹੈ।
ਦੂਜੀ ਹਿੰਸਕ ਘਟਨਾ ਬਠਿੰਡਾ ਦੀ ਦਾਣਾ ਮੰਡੀ ਵਿਖੇ ਵਾਪਰੀ। ਇੱਥੇ ਵੀ ਰਾਮ ਲੀਲਾ ਮੰਚਨ ਦੌਰਾਨ ਕਲਾਕਾਰ ਨੂੰ ਤਾੜਕਾ ਦੀ ਭੂਮਿਕਾ ਨਹੀਂ ਦਿੱਤੀ ਗਈ ਸੀ। ਇਸ ਨਾਲ ਉਹ ਗੁੱਸੇ ਹੋ ਗਿਆ। ਉਸਨੇ ਲਗਭਗ 70 ਸਾਥੀਆਂ ਦੇ ਨਾਲ ਰਾਮਲੀਲਾ ਦੇ ਮੰਚ ਸੰਚਾਲਨ ਦੇ ਦੌਰਾਨ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਕੁਰਸੀਆਂ ਚੁੱਕੀਆਂ ਅਤੇ ਉਨ੍ਹਾਂ ਨੂੰ ਸੁੱਟਣਾ ਸ਼ੁਰੂ ਕਰ ਦਿੱਤਾ। ਇਸ ਨਾਲ ਰਾਮਲੀਲਾ ਦੇਖਣ ਵਾਲੇ ਦਰਸ਼ਕਾਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ। ਇਥੋਂ ਤਕ ਕਿ ਰਾਮਲੀਲਾ ਕਮੇਟੀ ਦੇ ਅਹੁਦੇਦਾਰ ਨੇ ਵੀ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਕਮੇਟੀ ਦੇ ਅਧਿਕਾਰੀਆਂ ‘ਤੇ ਵੀ ਤਲਵਾਰਾਂ ਨਾਲ ਹਮਲਾ ਕਰ ਦਿੱਤਾ।