ਕੇਰਲ ਦੇ ਕੁਝ ਹਿੱਸਿਆਂ ਵਿੱਚ ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਘੱਟੋ ਘੱਟ ਛੇ ਲੋਕਾਂ ਦੀ ਮੌਤ ਹੋ ਗਈ ਹੈ। ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੌਸਮ ਵਿਭਾਗ ਨੇ ਐਤਵਾਰ ਨੂੰ ਵੀ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ।
ਇਸ ਦੌਰਾਨ, ਤ੍ਰਾਵਨਕੋਰ ਦੇਵਾਸਮ ਬੋਰਡ ਨੇ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੂੰ 17 ਅਤੇ 18 ਅਕਤੂਬਰ ਨੂੰ ਸਬਰੀਮਾਲਾ ਮੰਦਰ ਦੇ ਦਰਸ਼ਨ ਕਰਨ ਤੋਂ ਪਰਹੇਜ਼ ਕਰਨ ਦੀ ਅਪੀਲ ਕੀਤੀ ਕਿਉਂਕਿ ਰਾਜ ਦੇ ਪਠਾਨਮਥਿੱਟਾ ਜ਼ਿਲ੍ਹੇ ਵਿੱਚ ਭਾਰੀ ਬਾਰਸ਼ ਜਾਰੀ ਹੈ ਅਤੇ ਪੰਬਾ ਨਦੀ ਵਿੱਚ ਪਾਣੀ ਦਾ ਪੱਧਰ ਵਧਦਾ ਜਾ ਰਿਹਾ ਹੈ।
ਸ਼ਨੀਵਾਰ ਨੂੰ ਭਾਰੀ ਮੀਂਹ ਤੋਂ ਬਾਅਦ ਰਾਜ ਦੇ ਕੋੱਟਯਾਮ ਅਤੇ ਇਡੁੱਕੀ ਜ਼ਿਲਿਆਂ ਵਿੱਚ ਜ਼ਮੀਨ ਖਿਸਕਣ ਦੀ ਖਬਰ ਮਿਲੀ ਹੈ। ਸੂਬੇ ਵਿੱਚ ਹੁਣ ਤੱਕ ਇਨ੍ਹਾਂ ਹਾਦਸਿਆਂ ਵਿੱਚ 6 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਹਾਦਸਿਆਂ ਵਿੱਚ ਪੰਜ ਬੱਚਿਆਂ ਸਮੇਤ ਕੁੱਲ 13 ਲੋਕ ਲਾਪਤਾ ਦੱਸੇ ਜਾ ਰਹੇ ਹਨ। ਪਠਾਨਮਥਿੱਟਾ, ਕੋੱਟਯਾਮ, ਏਰਨਾਕੁਲਮ, ਇਡੁੱਕੀ, ਤ੍ਰਿਸ਼ੂਰ ਅਤੇ ਪਲੱਕੜ ਜ਼ਿਲ੍ਹਿਆਂ ਨੂੰ ਰੈੱਡ ਅਲਰਟ ‘ਤੇ ਰੱਖਿਆ ਗਿਆ ਹੈ। ਇਸ ਤੋਂ ਇਲਾਵਾ ਸੱਤ ਜ਼ਿਲ੍ਹਿਆਂ ਤਿਰੂਵਨੰਤਪੁਰਮ, ਕੋਲਮ, ਅਲਾਪੁਝਾ, ਮਲੱਪੁਰਮ, ਕੋਝੀਕੋਡ ਅਤੇ ਵਾਇਨਾਡ ਵਿੱਚ ਚਿਤਾਵਨੀ ਜਾਰੀ ਕੀਤੀ ਗਈ ਹੈ। ਰਾਜ ਵਿੱਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਵਰਗੀ ਸਥਿਤੀ ਵਿੱਚ ਕੇਰਲ ਦੇ ਛੇ ਜ਼ਿਲ੍ਹਿਆਂ ਵਿੱਚ ਜਾਰੀ ਰੈੱਡ ਅਲਰਟ ਦੇ ਮੱਦੇਨਜ਼ਰ, ਦੱਖਣੀ ਜਲ ਸੈਨਾ ਕਮਾਂਡ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਸਥਾਨਕ ਪ੍ਰਸ਼ਾਸਨ ਦੀ ਸਹਾਇਤਾ ਲਈ ਤਿਆਰ ਹੈ। ਸੂਤਰਾਂ ਅਨੁਸਾਰ ਮੌਸਮ ਅਨੁਕੂਲ ਹੋਣ ‘ਤੇ ਦੱਖਣੀ ਜਲ ਸੈਨਾ ਕਮਾਂਡ ਹੈਲੀਕਾਪਟਰ ਤਾਇਨਾਤ ਕਰਨ ਲਈ ਵੀ ਤਿਆਰ ਹੈ।
ਵੀਡੀਓ ਲਈ ਕਲਿੱਕ ਕਰੋ -: