ਸਿਆਸਤ ਵਿੱਚ ਜਿਥੇ ਵਿਰੋਧੀ ਪਾਰਟੀਆਂ ਵੱਲੋਂ ਭਾਜਪਾ ਦੇ ਕਮਜ਼ੋਰ ਪੈਣ ਦੇ ਦਾਅਵੇ ਕੀਤੇ ਜਾ ਰਹੇ ਹਨ ਇਸੇ ਵਿਚਾਲੇ ਸਿਆਸਤ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਕਿਸ਼ੋਰ ਦਾ ਮੰਨਣਾ ਹੈ ਕਿ ਭਾਰਤੀ ਜਨਤਾ ਪਾਰਟੀ ਆਉਣ ਵਾਲੇ ਦਹਾਕਿਆਂ ਤੱਕ ਭਾਰਤ ਦੀ ਸਿਆਸਤ ਵਿੱਚ ਇੱਕ ਵੱਡੀ ਤਾਕਤ ਬਣੀ ਰਹੇਗੀ।
ਪ੍ਰਸ਼ਾਂਤ ਕਿਸ਼ੋਰ ਨੇ ਆਪਣੇ ਗੋਆ ਦੌਰੇ ਦੌਰਾਨ ਇਹ ਗੱਲ ਕਹੀ ਹੈ। ਉਨ੍ਹਾਂ ਕਿਹਾ, ‘ਜਿਸ ਤਰ੍ਹਾਂ ਕਾਂਗਰਸ ਭਾਰਤੀ ਸਿਆਸਤ ਦੇ ਪਹਿਲੇ 40 ਸਾਲ ਕੇਂਦਰ ‘ਚ ਸੀ, ਉਸੇ ਤਰ੍ਹਾਂ ਭਾਜਪਾ ਭਾਵੇਂ ਹਾਰੇ ਜਾਂ ਜਿੱਤੇ, ਸਿਆਸਤ ਦੇ ਕੇਂਦਰ ‘ਚ ਰਹੇਗੀ। ਭਾਜਪਾ ਕਿਤੇ ਨਹੀਂ ਜਾਣ ਵਾਲੀ। ਇੱਕ ਵਾਰ ਜਦੋਂ ਤੁਸੀਂ ਰਾਸ਼ਟਰੀ ਪੱਧਰ ‘ਤੇ 30% ਵੋਟਾਂ ਹਾਸਲ ਕਰ ਲੈਂਦੇ ਹੋ, ਤਾਂ ਇੰਨੀ ਜਲਦੀ ਸਿਆਸੀ ਤਸਵੀਰ ਤੋਂ ਦੂਰ ਨਹੀਂ ਹੱਟਦੇ।
ਪ੍ਰਸ਼ਾਂਤ ਕਿਸ਼ੋਰ ਨੇ ਗੋਆ ਦੇ ਮਿਊਜ਼ੀਅਮ ‘ਚ ਗੱਲਬਾਤ ਦੌਰਾਨ ਕਿਹਾ ਕਿ ‘ਕਦੇ ਵੀ ਇਸ ਭੁਲੇਖੇ ‘ਚ ਨਾ ਰਹੋ ਕਿ ਲੋਕ ਗੁੱਸੇ ‘ਚ ਹਨ ਅਤੇ ਉਹ ਮੋਦੀ ਨੂੰ ਬਾਹਰ ਕਰ ਦੇਣਗੇ।’ ਹੋ ਸਕਦਾ ਹੈ ਕਿ ਉਹ ਮੋਦੀ ਨੂੰ ਬਾਹਰ ਕਰ ਦੇਣ, ਪਰ ਭਾਜਪਾ ਕਿਤੇ ਨਹੀਂ ਜਾਣ ਵਾਲੀ। ਤੁਹਾਨੂੰ ਅਗਲੇ ਕਈ ਦਹਾਕਿਆਂ ਤੱਕ ਭਾਜਪਾ ਨਾਲ ਲੜਨਾ ਪਵੇਗਾ।
ਕਿਸ਼ੋਰ ਨੇ ਕਾਂਗਰਸੀ ਆਗੂ ਰਾਹੁਲ ਗਾਂਧੀ ਬਾਰੇ ਕਿਹਾ ਕਿ ਉਹ ਸ਼ਾਇਦ ਇਸ ਭੁਲੇਖੇ ਵਿੱਚ ਬੈਠੇ ਹਨ ਕਿ ਭਾਜਪਾ ਉਦੋਂ ਤੱਕ ਮਜ਼ਬੂਤ ਹੈ ਜਦੋਂ ਤੱਕ ਮੋਦੀ ਸੱਤਾ ਵਿੱਚ ਹਨ। ਕਿਸ਼ੋਰ ਨੇ ਕਿਹਾ, ‘ਇਹੀ ਸਮੱਸਿਆ ਰਾਹੁਲ ਗਾਂਧੀ ਨਾਲ ਹੈ। ਸ਼ਾਇਦ ਉਨ੍ਹਾਂ ਨੂੰ ਲੱਗਦਾ ਹੈ ਕਿ ਇਹ ਸਿਰਫ ਸਮੇਂ ਦੀ ਗੱਲ ਹੈ ਜਦੋਂ ਲੋਕ ਉਨ੍ਹਾਂ ਨੂੰ (ਨਰਿੰਦਰ ਮੋਦੀ) ਸੱਤਾ ਤੋਂ ਬਾਹਰ ਕਰ ਦੇਣਗੇ।
ਵੀਡੀਓ ਲਈ ਕਲਿੱਕ ਕਰੋ -:
Atta Burfi Recipe | ਦੁੱਧ ਅਤੇ ਖੋਏ ਤੋਂ ਬਿਨਾਂ ਆਟਾ ਬਰਫੀ | Wheat Flour Burfi | Diwali Special Desserts
ਪ੍ਰਸ਼ਾਂਤ ਕਿਸ਼ੋਰ ਨੇ ਕਿਹਾ, ‘ਜਦੋਂ ਤੱਕ ਤੁਸੀਂ ਉਨ੍ਹਾਂ (ਮੋਦੀ) ਦੀ ਤਾਕਤ ਨੂੰ ਨਹੀਂ ਸਮਝਦੇ, ਤੁਸੀਂ ਉਨ੍ਹਾਂ ਨੂੰ ਹਰਾ ਨਹੀਂ ਸਕੋਗੇ। ਮੈਂ ਜੋ ਸਮੱਸਿਆ ਵੇਖਦਾ ਹਾਂ ਉਹ ਇਹ ਹੈ ਕਿ ਵਧੇਰੇ ਲੋਕ ਉਨ੍ਹਾਂ ਦੀ ਤਾਕਤ ਨੂੰ ਸਮਝਣ ਲਈ ਆਪਣਾ ਸਮਾਂ ਨਹੀਂ ਦੇ ਰਹੇ। ਇਹ ਸਮਝਣਾ ਹੋਵੇਗਾ ਕਿ ਉਨ੍ਹਾਂ ਦੀ ਲੋਕਪ੍ਰਿਯਤਾ ਦਾ ਕੀ ਕਾਰਨ ਹੈ। ਜੇਕਰ ਤੁਸੀਂ ਇਸ ਗੱਲ ਨੂੰ ਸਮਝ ਲਓਗੇ, ਤਾਂ ਤੁਸੀਂ ਉਨ੍ਹਾਂ ਨੂੰ ਹਰਾਉਣ ਲਈ ਕਾਊਂਟਰ ਲੱਭ ਸਕਦੇ ਹੋ।
ਕਾਂਗਰਸ ਮੋਦੀ ਅਤੇ ਭਾਜਪਾ ਦੇ ਭਵਿੱਖ ਨੂੰ ਕਿਵੇਂ ਦੇਖਦੀ ਹੈ, ਇਸ ‘ਤੇ ਕਿਸ਼ੋਰ ਨੇ ਕਿਹਾ ਕਿ ‘ਤੁਸੀਂ ਕਿਸੇ ਵੀ ਕਾਂਗਰਸ ਆਗੂ ਜਾਂ ਕਿਸੇ ਵੀ ਖੇਤਰੀ ਆਗੂ ਨਾਲ ਜਾ ਕੇ ਗੱਲ ਕਰੋ, ਉਹ ਕਹਿਣਗੇ ਬੱਸ ਸਮੇਂ ਦੀ ਗੱਲ ਹੈ, ਲੋਕ ਤੰਗ ਆ ਰਹੇ ਹਨ ਅਤੇ ਲੋਕ ਉਨ੍ਹਾਂ ਨੂੰ ਬਾਹਰ ਕਰ ਦੇਣਗੇ, ਪਰ ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦਾ ਕੁਝ ਹੋਣ ਵਾਲਾ ਹੈ।
ਇਹ ਵੀ ਪੜ੍ਹੋ : ਰਾਹੁਲ-ਚੰਨੀ ਦੀ ਮੀਟਿੰਗ ‘ਤੇ ਸਸਪੈਂਸ, ਚੁੱਪ-ਚਪੀਤੇ ਨਿਕਲ ਗਏ ਮੁੱਖ ਮੰਤਰੀ
ਦੇਸ਼ ਵਿੱਚ ਵੰਡੇ ਵੋਟਰ ਅਧਾਰ ਵੱਲ ਇਸ਼ਾਰਾ ਕਰਦੇ ਹੋਏ ਕਿਸ਼ੋਰ ਨੇ ਕਿਹਾ, “ਜੇਕਰ ਤੁਸੀਂ ਵੋਟਰ ਅਧਾਰ ਨੂੰ ਵੇਖਦੇ ਹੋ, ਤਾਂ ਇਹ ਇੱਕ ਤਿਹਾਈ ਅਤੇ ਦੋ ਤਿਹਾਈ ਵਿਚਕਾਰ ਲੜਾਈ ਹੈ। ਸਿਰਫ਼ ਇੱਕ ਤਿਹਾਈ ਲੋਕ ਭਾਜਪਾ ਨੂੰ ਵੋਟ ਦੇ ਰਹੇ ਹਨ ਜਾਂ ਭਾਜਪਾ ਨੂੰ ਸਮਰਥਨ ਦੇਣਾ ਚਾਹੁੰਦੇ ਹਨ। ਸਮੱਸਿਆ ਇਹ ਹੈ ਕਿ ਵੋਟਰਾਂ ਦਾ ਦੋ ਤਿਹਾਈ ਹਿੱਸਾ 10, 12 ਜਾਂ 15 ਸਿਆਸੀ ਪਾਰਟੀਆਂ ਵਿੱਚ ਵੰਡਿਆ ਹੋਇਆ ਹੈ। ਇਸ ਦਾ ਕਾਰਨ ਕਾਂਗਰਸ ਦੀ ਕਮਜ਼ੋਰੀ ਹੈ।