ਵਿਦੇਸ਼ ਯਾਤਰਾ ਲਈ ਉਡਾਣਾਂ ਮਹਾਮਾਰੀ ਤੋਂ ਪਹਿਲਾਂ ਵਾਂਗ ਹੋਣ ਲਈ ਤੁਹਾਨੂੰ ਹੋਰ ਲੰਮਾ ਇੰਤਜ਼ਾਰ ਕਰਨਾ ਹੋਵੇਗਾ। ਸਰਕਾਰ ਨੇ ਕੌਮਾਂਤਰੀ ਯਾਤਰੀ ਉਡਾਣਾਂ ਤੇ ਪਾਬੰਦੀ 30 ਨਵੰਬਰ ਤੱਕ ਲਈ ਵਧਾ ਦਿੱਤੀ ਹੈ। ਡੀ. ਜੀ. ਸੀ. ਏ. ਨੇ ਸ਼ੁੱਕਰਵਾਰ ਨੂੰ ਇਕ ਨੋਟੀਫਿਕੇਸ਼ਨ ਜਾਰੀ ਕਰਦੇ ਹੋਏ ਕਿਹਾ ਕਿ ਭਾਰਤ ਤੋਂ ਸ਼ਡਿਊਲਡ ਕੌਮਾਂਤਰੀ ਵਪਾਰਕ ਯਾਤਰੀ ਉਡਾਣਾਂ ‘ਤੇ ਪਾਬੰਦੀ 30 ਨਵੰਬਰ ਤੱਕ ਵਧਾ ਦਿੱਤੀ ਗਈ ਹੈ। ਮੌਜੂਦਾ ਸਮੇਂ ਸਿਰਫ ਵਿਸ਼ੇਸ਼ ਦੋ-ਪੱਖੀ ਕਰਾਰ ਤਹਿਤ ਕੌਮਾਂਤਰੀ ਉਡਾਣਾਂ ਚੱਲ ਰਹੀਆਂ ਹਨ।
ਹਾਲਾਂਕਿ, ਕੌਮਾਂਤਰੀ ਉਡਾਣਾਂ ਨੂੰ ਕੁਝ ਖਾਸ ਕੇਸਾਂ ਵਿਚ ਚੁਣੇ ਹੋਏ ਰੂਟਾਂ ‘ਤੇ ਯਾਤਰਾ ਕਰਨ ਦੀ ਇਜਾਜ਼ਤ ਵੀ ਦਿੱਤੀ ਜਾ ਸਕਦੀ ਹੈ। ਭਾਰਤ ਨੇ ਅਮਰੀਕਾ, ਯੂ. ਕੇ., ਜਰਮਨੀ ਅਤੇ ਜਾਪਾਨ ਸਮੇਤ 25 ਤੋਂ ਵੱਧ ਦੇਸ਼ਾਂ ਨਾਲ ਉਡਾਣਾਂ ਲਈ ਵਿਸ਼ੇਸ਼ ਦੋ-ਪੱਖੀ ਕਰਾਰ ਕੀਤਾ ਹੈ। ਇਹ ਉਡਾਣਾਂ ਇਸੇ ਤਰ੍ਹਾਂ ਜਾਰੀ ਰਹਿਣਗੀਆਂ।