ਪੰਜਾਬ ਸਰਕਾਰ ਨੇ ਵੱਡੀ ਰਾਹਤ ਦਿੰਦੇ ਹੋਏ ਬਿਜਲੀ ਦਰਾਂ ਵਿਚ 3 ਰੁਪਏ ਕਟੌਤੀ ਕਰ ਦਿੱਤੀ ਹੈ। 100 ਯੂਨਿਟ ਤੱਕ ਦੀ ਬਿਜਲੀ ਹੁਣ 1.19 ਰੁਪਏ ਵਿਚ ਪਵੇਗੀ, ਜੋ ਪਹਿਲਾਂ 4.19 ਰੁਪਏ ਪ੍ਰਤੀ ਯੂਨਿਟ ਸੀ। ਬਿਜਲੀ ਦਰਾਂ ਵਿੱਚ ਕੀਤੀ ਗਈ ਕਟੌਤੀ ਅੱਜ ਤੋਂ ਲਾਗੂ ਹੋ ਗਈ ਹੈ।
ਉੱਥੇ ਹੀ, 100 ਤੋਂ 300 ਯੂਨਿਟ ਤੱਕ ਦੀ ਬਿਜਲੀ 4 ਰੁਪਏ ਪ੍ਰਤੀ ਯੂਨਿਟ ਕਰ ਦਿੱਤੀ ਗਈ ਹੈ। 300 ਤੋਂ ਉੱਪਰ 5.76 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ ਬਿੱਲ ਆਵੇਗਾ। ਇਸ ਛੋਟ ਦਾ ਫਾਇਦਾ 0 ਤੋਂ 7 ਕਿਲੋਵਾਟ ਤੱਕ ਮਿਲੇਗਾ। ਇਹ ਫੈਸਲਾ ਅੱਜ ਤੋਂ ਹੀ ਲਾਗੂ ਕਰ ਡਿੱਟ ਗਿਆ ਹੈ। ਇਸ ਮੌਕੇ ਮੁੱਖ ਮੰਤਰੀ ਚੰਨੀ ਨੇ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਅਣਖੀ ਹਨ ਅਤੇ ਉਹ ਕੁੱਝ ਵੀ ਮੁਫ਼ਤ ਨਹੀਂ ਚਾਹੁੰਦੇ। ਪੰਜਾਬ ਦੇ ਲੋਕ ਚਾਹੁੰਦੇ ਹਨ ਕਿ ਸਰਕਾਰ ਬਿਜਲੀ ਪੂਰੀ ਅਤੇ ਸਸਤੇ ਰੇਟਾਂ ‘ਤੇ ਦੇਵੇ। ਅਸੀਂ ਵੱਡੇ ਲੋਕਾਂ ਨੂੰ ਨਹੀਂ ਆਮ ਅਤੇ ਗਰੀਬਾਂ ਨੂੰ ਰਾਹਤ ਦੇਣੀ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਮੁਲਾਜ਼ਮਾਂ ਲਈ ਵੱਡਾ ਦੀਵਾਲੀ ਤੋਹਫ਼ਾ, ਡੀ. ਏ. ‘ਚ 11 ਫ਼ੀਸਦੀ ਕੀਤਾ ਵਾਧਾ
ਪੰਜਾਬ ਵਿੱਚ ਕੁੱਲ 72 ਲੱਖ ਖਪਤਕਾਰ ਹਨ। ਜਿਸ ਵਿੱਚੋਂ 95 ਫੀਸਦੀ ਖਪਤਕਾਰ ਇਸ ਵਿੱਚ ਸ਼ਾਮਿਲ ਹੋਣਗੇ। ਸਿਰਫ਼ 5 ਫੀਸਦੀ ਲੋਕ ਹੀ ਇਸ ਦੇ ਘੇਰੇ ਵਿੱਚ ਨਹੀਂ ਆਉਣਗੇ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਦੇਸ਼ ਵਿੱਚ ਸਭ ਤੋਂ ਘੱਟ ਰੇਟ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ 2 ਕਿਲੋਵਾਟ ਤੱਕ ਦੇ 53 ਲੱਖ ਗਾਹਕਾਂ ਦੇ ਕਰੀਬ 1500 ਕਰੋੜ ਰੁਪਏ ਦੇ ਬਕਾਇਆ ਬਿੱਲ ਪਹਿਲਾਂ ਹੀ ਮੁਆਫ ਕਰ ਦਿੱਤੇ ਹਨ। ਉਨ੍ਹਾਂ ਕਿਹਾ ਕਿ ਸਸਤੀ ਬਿਜਲੀ ਦਾ ਲਾਭ ਕਿਸੇ ਵਿਸ਼ੇਸ਼ ਜਾਤ ਜਾਂ ਧਰਮ ਨੂੰ ਨਹੀਂ ਸਗੋਂ ਹਰ ਖਪਤਕਾਰ ਨੂੰ ਹੁੰਦਾ ਹੈ। ਪੰਜਾਬ ਵਿੱਚ ਲਘੂ ਅਤੇ ਦਰਮਿਆਨੇ ਉਦਯੋਗਾਂ ਲਈ ਨਿਰਧਾਰਤ ਚਾਰਜਿਜ਼ ਅੱਧੇ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ 72 ਲੱਖ ਵਿੱਚੋਂ 21 ਲੱਖ ਖਪਤਕਾਰਾਂ ਦੇ 200 ਯੂਨਿਟ ਪਹਿਲਾਂ ਹੀ ਮੁਆਫ਼ ਕਰ ਰਹੇ ਹਾਂ। ਇਹ ਫੈਸਲਾ ਪਹਿਲਾ ਦੀ ਤਰਾਂ ਹੀ ਲਾਗੂ ਰਹੇਗਾ। ਮੁਫ਼ਤ ਯੂਨਿਟ ਤੋਂ ਬਾਅਦ ਹੀ ਉਨ੍ਹਾਂ ਦੇ ਬਿੱਲ ਦਾ ਹਿਸਾਬ ਲਗਾਇਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: