ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਣਨੀਤੀ ਮੀਟਿੰਗ ਲਈ ਸ਼ੁੱਕਰਵਾਰ ਤੋਂ ਯੂਪੀ ਦੇ ਦੋ ਦਿਨਾਂ ਦੌਰੇ ‘ਤੇ ਜਾਣਗੇ। ਕੋਰੋਨਾ ਦੀ ਦੂਜੀ ਲਹਿਰ ਦੌਰਾਨ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੂੰ ਸਹਿਯੋਗੀ ਪਾਰਟੀਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ। ਪਰ ਅਮਿਤ ਸ਼ਾਹ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਵਿੱਚ ਪਾਰਟੀ ਦੇ ਚਿਹਰੇ ਵਜੋਂ ਯੋਗੀ ਆਦਿਤਿਆਨਾਥ ਦਾ ਪਹਿਲਾਂ ਹੀ ਜ਼ੋਰਦਾਰ ਸਮਰਥਨ ਕੀਤਾ ਹੈ। ਅਮਿਤ ਸ਼ਾਹ ਨੇ ਪਾਰਟੀ ਦੀ ਮੈਂਬਰਸ਼ਿਪ ਮੁਹਿੰਮ ਦੌਰਾਨ ਹਾਲ ਹੀ ‘ਚ ਹੋਈ ਮੀਟਿੰਗ ‘ਚ ਕਿਹਾ ਸੀ, ‘ਜੇਕਰ ਤੁਸੀਂ 2024 ‘ਚ ਮੋਦੀ ਨੂੰ ਦੁਬਾਰਾ ਪ੍ਰਧਾਨ ਮੰਤਰੀ ਬਣਾਉਣਾ ਚਾਹੁੰਦੇ ਹੋ ਤਾਂ 2022 ‘ਚ ਯੋਗੀ ਆਦਿੱਤਿਆਨਾਥ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਓ। ਅਸੀਂ ਯੂਪੀ ਨੂੰ ਨੰਬਰ ਇਕ ਸੂਬਾ ਬਣਾਵਾਂਗੇ। ਯੂਪੀ ਤੋਂ ਬਿਨਾਂ ਕੇਂਦਰ ਵਿੱਚ ਸਰਕਾਰ ਨਹੀਂ ਬਣ ਸਕਦੀ। 2014 ਅਤੇ 2019 ਵਿੱਚ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਵਿੱਚ ਸਰਕਾਰ ਬਣਾਉਣ ਦਾ ਸਿਹਰਾ ਪੂਰੀ ਤਰ੍ਹਾਂ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਜਾਂਦਾ ਹੈ।
ਸ਼ਾਹ ਨੇ ਇਹ ਵੀ ਭਰੋਸਾ ਜਤਾਇਆ ਕਿ ਭਾਜਪਾ ਯੂਪੀ ਵਿਧਾਨ ਸਭਾ ਚੋਣਾਂ ਵਿੱਚ 300 ਸੀਟਾਂ ਦਾ ਅੰਕੜਾ ਪਾਰ ਕਰੇਗੀ ਅਤੇ ਯੋਗੀ ਆਦਿਤਿਆਨਾਥ ਸੱਤਾ ਵਿੱਚ ਵਾਪਸੀ ਕਰਨਗੇ। ਦੱਸ ਦਈਏ ਕਿ ਸਾਲ 2017 ‘ਚ 403 ਮੈਂਬਰੀ ਵਿਧਾਨ ਸਭਾ ਦੀਆਂ ਚੋਣਾਂ ‘ਚ ਭਾਜਪਾ ਨੇ 312 ਸੀਟਾਂ ਜਿੱਤ ਕੇ 39.67 ਫੀਸਦੀ ਵੋਟ ਸ਼ੇਅਰ ਹਾਸਲ ਕੀਤੇ ਸਨ। ਸੂਤਰਾਂ ਨੇ ਦੱਸਿਆ ਕਿ ਯੋਗੀ ਆਦਿਤਿਆਨਾਥ ਤੋਂ ਇਲਾਵਾ ਸੂਬਾ ਚੋਣ ਇੰਚਾਰਜ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਅਤੇ ਸੁਨੀਲ ਬਾਂਸਲ ਅਤੇ ਸਵਤੰਤਰ ਦੇਵ ਸਿੰਘ ਵੀ ਸ਼ੁੱਕਰਵਾਰ ਨੂੰ ਵਾਰਾਨਸੀ ‘ਚ ਚਾਰ ਘੰਟੇ ਚੱਲਣ ਵਾਲੇ ਸੈਸ਼ਨ ‘ਚ ਸ਼ਾਮਲ ਹੋਣਗੇ। ਬੈਠਕ ‘ਚ ਕਾਸ਼ੀ ਖੇਤਰ ਦੀ ਸੂਬਾ ਸਰਕਾਰ ਦੇ ਸਾਰੇ ਮੰਤਰੀ ਮੌਜੂਦ ਰਹਿਣਗੇ।
ਪਾਰਟੀ ਨੇਤਾਵਾਂ ਨਾਲ ਇਹ ਬੈਠਕ ਵਾਰਾਣਸੀ ਦੇ ਟਰੇਡ ਸੈਂਟਰ ਅਤੇ ਮਿਊਜ਼ੀਅਮ ਦੀਨਦਿਆਲ ਹਸਤਕਲ ਸੰਕੁਲ ‘ਚ ਹੋਵੇਗੀ। ਅਮਿਤ ਸ਼ਾਹ ਪੂਰਬੀ ਉੱਤਰ ਪ੍ਰਦੇਸ਼ ਦੇ ਦੌਰੇ ‘ਤੇ ਵੀ ਜਾਣਗੇ। ਵਾਰਾਣਸੀ ਅਤੇ ਮੁੱਖ ਮੰਤਰੀ ਦੇ ਗ੍ਰਹਿ ਖੇਤਰ ਗੋਰਖਪੁਰ ਤੋਂ ਇਲਾਵਾ ਉਹ ਆਜ਼ਮਗੜ੍ਹ ਅਤੇ ਭਾਜਪਾ ਦੇ ਗੜ੍ਹ ਬਸਤੀ ਦਾ ਵੀ ਦੌਰਾ ਕਰਨਗੇ। ਅਮਿਤ ਸ਼ਾਹ ਅਖਿਲ ਭਾਰਤੀ ਸਰਕਾਰੀ ਭਾਸ਼ਾ ਸੰਮੇਲਨ ‘ਚ ਵੀ ਸ਼ਿਰਕਤ ਕਰਨਗੇ, ਬਸਤੀ ‘ਚ ਖੇਡ ਮਹਾਕੁੰਭ ਦਾ ਉਦਘਾਟਨ ਕਰਨਗੇ ਅਤੇ ਸ਼ਹਿਰ ਦੇ ਸ਼ਿਵ ਹਰਸ਼ਾ ਕਾਲਜ ‘ਚ ਇਕ ਜਨ ਸਭਾ ਨੂੰ ਸੰਬੋਧਨ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: