ਕਾਂਗਰਸੀ ਆਗੂ ਤੇ ਸਾਬਕਾ ਵਿਧਾਇਕ ਸੁਖਪਾਲ ਖਹਿਰਾ ਨੂੰ ਸ਼ੁੱਕਰਵਾਰ ਯਾਨੀ ਅੱਜ ਮੁਹਾਲੀ ਦੀ ਈ.ਡੀ. ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਵੀਰਵਾਰ ਨੂੰ ਪੁੱਛਗਿੱਛ ਤੋਂ ਬਾਅਦ ਖਹਿਰਾ ਨੂੰ ਚੰਡੀਗੜ੍ਹ ਦੇ ਸੈਕਟਰ 18 ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਜਿਸ ਤੋਂ ਬਾਅਦ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ 14 ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਇਕ ਦਿਨ ਦਾ ਸਮਾਂ ਦਿੱਤਾ ਹੈ।
ਜਾਣਕਾਰੀ ਅਨੁਸਾਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਖਹਿਰਾ ਨੂੰ ਪੁੱਛਗਿੱਛ ਲਈ ਦਿੱਲੀ ਲਿਜਾਇਆ ਜਾ ਸਕਦਾ ਹੈ। ਇਹ ਸਪੱਸ਼ਟ ਨਹੀਂ ਹੈ ਕਿ ਖਹਿਰਾ ਆਮ ਰਿਮਾਂਡ ‘ਤੇ ਹੋਣਗੇ ਜਾਂ ਟਰਾਂਜ਼ਿਟ ‘ਤੇ। ਸੁਖਪਾਲ ਖਹਿਰਾ ਫਾਜ਼ਿਲਕਾ ਡਰੱਗ ਰੈਕੇਟ ਨਾਲ ਜੁੜੇ ਦੱਸੇ ਜਾ ਰਹੇ ਹਨ। ਹਾਲਾਂਕਿ ਖਹਿਰਾ ਇਸ ਨੂੰ ਸਿਆਸੀ ਸਾਜ਼ਿਸ਼ ਦੱਸ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨਾਂ ਦੇ ਹੱਕ ਵਿੱਚ ਬੋਲਣ ਕਾਰਨ ਕੇਂਦਰ ਦੀ ਭਾਜਪਾ ਸਰਕਾਰ ਉਨ੍ਹਾਂ ਨੂੰ ਫਸਾ ਰਹੀ ਹੈ।
ਮਾਰਚ 2015 ਵਿੱਚ, ਫਾਜ਼ਿਲਕਾ ਪੁਲਿਸ ਨੇ ਸਰਹੱਦ ਤੋਂ ਹੈਰੋਇਨ ਦੀ ਤਸਕਰੀ ਦਾ ਇੱਕ ਰੈਕੇਟ ਫੜਿਆ ਸੀ। ਜਿਸ ਦੇ ਚਲਦੇ ਗੁਰਦੇਵ ਸਿੰਘ ਨੂੰ ਫੜਿਆ ਗਿਆ ਸੀ ਅਤੇ ਉਸ ਦੀ ਕਾਲ ਡਿਟੇਲ ਦੀ ਤਲਾਸ਼ੀ ਲਈ ਗਈ ਸੀ। ਜਿਸ ਤੋਂ ਪਤਾ ਲੱਗਾ ਕਿ ਸੁਖਪਾਲ ਖਹਿਰਾ ਨੇ 11 ਮਹੀਨਿਆਂ ‘ਚ 78 ਵਾਰ ਗੁਰਦੇਵ ਨਾਲ ਫੋਨ ‘ਤੇ ਗੱਲਬਾਤ ਕੀਤੀ ਸੀ। ਪੰਜਾਬ ਪੁਲਿਸ ਦੀ ਇਸ ਐੱਫ.ਆਈ.ਆਰ. ਰਾਹੀਂ ਈ.ਡੀ. ਨੇ ਖਹਿਰਾ ਖ਼ਿਲਾਫ਼ ਮਨੀ ਲਾਂਡਰਿੰਗ ਦੇ ਮਾਮਲੇ ਵਿੱਚ ਜਾਂਚ ਸ਼ੁਰੂ ਕੀਤੀ ਸੀ। ਸੁਖਪਾਲ ਖਹਿਰਾ ਖਿਲਾਫ ਈ.ਡੀ. ਕਈ ਹੋਰ ਮਾਮਲਿਆਂ ਵਿੱਚ ਜਾਂਚ ਕਰ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: