ਪਟਿਆਲਾ ਦੇ ਪਿੰਡ ਮਜਾਲ ਵਿੱਚ ਐੱਚਆਰ ਗਰੁੱਪ ਆਫ਼ ਪ੍ਰਾਪਰਟੀਜ਼ ਦੇ ਪਟਿਆਲਾ ਡਾਇਰੈਕਟਰ ਜਗਤਾਰ ਸਿੰਘ ਬਿੱਟੂ (45) ਨੇ ਪੁਲਿਸ ਦੀ ਗ੍ਰਿਫ਼ਤਾਰੀ ਤੋਂ ਡਰਦਿਆਂ ਆਪਣੇ ਲਾਇਸੰਸੀ ਰਿਵਾਲਵਰ ਨਾਲ ਸਿਰ ਵਿੱਚ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਜਿਵੇਂ ਹੀ ਹੰਗਾਮਾ ਹੋਇਆ ਤਾਂ ਪੁਲਿਸ ਅਤੇ ਪਰਿਵਾਰ ਵਾਲੇ ਡਾਇਰੈਕਟਰ ਜਗਤਾਰ ਸਿੰਘ ਬਿੱਟੂ ਨੂੰ ਤੁਰੰਤ ਸਰਕਾਰੀ ਰਾਜਿੰਦਰਾ ਹਸਪਤਾਲ ਲੈ ਗਏ। ਜਿੱਥੇ ਡਾਕਟਰਾਂ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਦਰ ਦੀ ਪੁਲੀਸ ਨੇ ਪਟਿਆਲਾ ਦੇ ਸੂਲਰ ਵਾਸੀ ਵਿੱਕੀ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ‘ਚ ਕੇਸ ਦਰਜ ਕਰ ਲਿਆ ਹੈ।
ਡੀਐੱਸਪੀ ਸੁਖਮਿੰਦਰ ਸਿੰਘ ਚੌਹਾਨ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਅਨੁਸਾਰ ਜਗਤਾਰ ਸਿੰਘ ਬਿੱਟੂ ਦਾ ਸੂਲਰ ਵਾਸੀ ਵਿੱਕੀ ਨਾਲ ਲੈਣ-ਦੇਣ ਨੂੰ ਲੈ ਕੇ ਝਗੜਾ ਚੱਲ ਰਿਹਾ ਸੀ। ਵਿੱਕੀ ਲਗਾਤਾਰ ਜਗਤਾਰ ਸਿੰਘ ‘ਤੇ ਪੁਲਸ ਕੇਸ ਦਰਜ ਕਰਨ ਦੀ ਧਮਕੀ ਦੇ ਕੇ ਪੈਸੇ ਦੇਣ ਲਈ ਦਬਾਅ ਬਣਾ ਰਿਹਾ ਸੀ। ਜਿਸ ਕਾਰਨ ਜਗਤਾਰ ਸਿੰਘ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਰਹਿੰਦਾ ਸੀ। ਹਾਲ ਹੀ ‘ਚ ਵਿੱਕੀ ਨੇ ਜਗਤਾਰ ਸਿੰਘ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਇਸ ਸ਼ਿਕਾਇਤ ਦੇ ਆਧਾਰ ‘ਤੇ ਮੰਗਲਵਾਰ ਨੂੰ ਪੁਲਸ ਪਾਰਟੀ ਜਗਤਾਰ ਸਿੰਘ ਦੇ ਘਰ ਜਾ ਕੇ ਉਸ ਦਾ ਪਰਮਿਟ ਨੋਟ ਲੈ ਕੇ ਗਈ ਸੀ। ਪੁਲਸ ਨੂੰ ਦੇਖ ਕੇ ਗ੍ਰਿਫਤਾਰੀ ਦੇ ਡਰੋਂ ਜਗਤਾਰ ਸਿੰਘ ਨੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਸਿਰ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਵਿੱਕੀ ਖ਼ਿਲਾਫ਼ ਧਾਰਾ 306 ਆਈਪੀਸੀ ਭਾਵ ਖੁਦਕੁਸ਼ੀ ਲਈ ਮਜਬੂਰ ਕਰਨ ਦਾ ਕੇਸ ਦਰਜ ਕਰ ਲਿਆ ਹੈ। ਦੋਸ਼ੀ ਦੀ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਹੈ।
ਖੁਦਕੁਸ਼ੀ ਕਰਨ ਵਾਲੇ ਜਗਤਾਰ ਸਿੰਘ ਬਿੱਟੂ ਦੇ ਦੋਸਤ ਪ੍ਰਦੀਪ ਸਿੰਘ ਨੇ ਇਕ ਚੈਨਲ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਬਿੱਟੂ ਦਾ ਕੁਝ ਲੋਕਾਂ ਨਾਲ ਲੈਣ-ਦੇਣ ਸੀ, ਜਿਨ੍ਹਾਂ ਵਿਚੋਂ ਇਕ ਵਿੱਕੀ ਗਰਗ ਵਾਸੀ ਸੂਲਰ ਸੀ। ਵਿੱਕੀ ਗਰਗ ਨੇ ਜਗਤਾਰ ਸਿੰਘ ਖਿਲਾਫ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ। ਉਪਰੋਂ ਇੱਕ ਕਾਂਗਰਸੀ ਵਿਧਾਇਕ ਵੱਲੋਂ ਪੁਲੀਸ ’ਤੇ ਮਾਮਲੇ ਵਿੱਚ ਜਲਦੀ ਕਾਰਵਾਈ ਲਈ ਲਗਾਤਾਰ ਦਬਾਅ ਪਾਇਆ ਜਾ ਰਿਹਾ ਸੀ। ਸੋਮਵਾਰ ਨੂੰ ਵੀ ਪੁਲਿਸ ਜਗਤਾਰ ਸਿੰਘ ਦੇ ਘਰ ਆਈ ਸੀ। ਮੰਗਲਵਾਰ ਨੂੰ ਜਦੋਂ ਪੁਲਸ ਦੁਬਾਰਾ ਆਈ ਤਾਂ ਪੁਲਸ ਨੂੰ ਦੇਖ ਕੇ ਉਸ ਨੇ ਸਿਰ ‘ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇੱਕ ਏਐੱਸਆਈ ਵੀ ਵਿਧਾਇਕ ਦੇ ਇਸ਼ਾਰੇ ’ਤੇ ਜਗਤਾਰ ਸਿੰਘ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਸੀ। ਦੱਸਿਆ ਜਾ ਰਿਹਾ ਹੈ ਕਿ ਜਗਤਾਰ ਸਿੰਘ ਦੀ ਲਾਸ਼ ਨੇੜਿਓਂ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਉਕਤ ਵਿਧਾਇਕ ਅਤੇ ਏਐੱਸਆਈ ਨੂੰ ਵੀ ਮੌਤ ਲਈ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਪਰ ਫਿਲਹਾਲ ਪੁਲਿਸ ਇਸ ਬਾਰੇ ਕੁੱਝ ਨਹੀਂ ਦੱਸ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: