ਮਹਾਤਮਾ ਗਾਂਧੀ ਲਈ ਗਲਤ ਟਿਪਣੀ ਕਰਕੇ ਬਾਲੀਵੁੱਡ ਅਭਿਨੇਤਰੀ ਕੰਗਣਾ ਰਨੌਤ ਬੁਰੀ ਫਸ ਗਈ ਹੈ। ਮਹਾਰਾਸ਼ਟਰ ਕਾਂਗਰਸ ਮੁਖੀ ਨਾਨਾ ਪਟੋਲੇ ਨੇ ਕਿਹਾ ਕਿ ਕੰਗਣਾ ਰਣੌਤ ਖਿਲਾਫ ਮਹਾਰਾਸ਼ਟਰ ਕਾਂਗਰਸ ਕਾਨੂੰਨੀ ਕਾਰਵਾਈ ਕਰੇਗੀ। ਮੁੰਬਈ ਪੁਲਿਸ ‘ਚ ਉਨ੍ਹਾਂ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਵਾਇਆ ਜਾਵੇਗਾ।
ਕੰਗਣਾ ਰਣੌਤ ਹਮੇਸ਼ਾ ਆਪਣੇ ਵਿਵਾਦਿਤ ਬਿਆਨਾਂ ਨੂੰ ਲੈ ਕੇ ਹਮੇਸ਼ਾ ਚਰਚਾ ਵਿਚ ਰਹਿੰਦੀ ਹੈ। ਕੰਗਣਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇੱਕ ਲੇਖ ਸਾਂਝਾ ਕਰਦੇ ਹੋਏ ਮਹਾਤਮਾ ਗਾਂਧੀ ‘ਤੇ ਗਲਤ ਟਿੱਪਣੀ ਕਰ ਦਿੱਤੀ ਹੈ। ਉਸ ਨੇ ਲਿਖਿਆ ਹੈ ਕਿ ਜਾਂ ਤਾਂ ਤੁਸੀਂ ਗਾਂਧੀ ਦੇ ਫੈਨ ਹੋ ਸਕਦੇ ਹੋ ਜਾਂ ਫਿਰ ਨੇਤਾ ਜੀ ਦੇ ਸਮਰਥਕ। ਤੁਸੀਂ ਦੋਵਾਂ ਦੇ ਸਮਰਥਕ ਨਹੀਂ ਹੋ ਸਕਦੇ। ਇਸ ਦੇ ਅੱਗੇ ਲਿਖਿਆ ਹੈ ਦੂਜਾ ਗਲ਼ ਅੱਗੇ ਦੇਣ ਨਾਲ ਭੀਖ ਮਿਲਦੀ ਹੈ, ਆਜ਼ਾਦੀ ਨਹੀਂ।
ਕੰਗਣਾ ਨੇ ਅੱਗੇ ਲਿਖਿਆ ਹੈ ਕਿ ਸੁਤੰਤਰਤਾ ਸੈਨਾਨੀਆਂ ਨੂੰ ਉਨ੍ਹਾਂ ਲੋਕਾਂ ਨੇ ਅੰਗਰੇਜ਼ਾਂ ਦੇ ਹਵਾਲੇ ਕਰ ਦਿੱਤਾ ਸੀ ਜਿਨ੍ਹਾਂ ਵਿਚ ਲੜਨ ਦੀ ਤਾਕਤ ਨਹੀਂ ਸੀ ਪਰ ਉਨ੍ਹਾਂ ਨੂੰ ਸੱਤਾ ਦੀ ਭੁੱਖ ਸੀ। ਇਹ ਉਹੀ ਲੋਕ ਸਨ ਜਿਨ੍ਹਾਂ ਨੇ ਸਿਖਾਇਆ ਸੀ ਕਿ ਕੋਈ ਜੇਕਰ ਤੁਹਾਨੂੰ ਇੱਕ ਥੱਪੜ ਮਾਰਦਾ ਹੈ ਤਾਂ ਤੁਸੀਂ ਆਪਣਾ ਦੂਜਾ ਗਲ਼ ਅੱਗੇ ਕਰ ਦਿਓ ਤੇ ਇਸ ਤਰ੍ਹਾਂ ਤੁਹਾਨੂੰ ਆਜ਼ਾਦੀ ਮਿਲੇਗੀ। ਇੰਝ ਆਜ਼ਾਦੀ ਨਹੀਂ ਸਗੋਂ ਭੀਖ ਮਿਲ ਸਕਦੀ ਹੈ। ਆਪਣੇ ਹੀਰੋ ਨੂੰ ਚੁਣਦੇ ਸਮੇਂ ਬੁੱਧੀ ਦਾ ਇਸਤੇਮਾਲ ਕਰੋ।
ਵੀਡੀਓ ਲਈ ਕਲਿੱਕ ਕਰੋ -:
Vidhan Sabha ‘ਚ ਭਿੜੇ CM Channi, Sidhu, Majithia ਹੱਥੋਪਾਈ ਤੱਕ ਪਹੁੰਚੀ ਨੌਬਤ”
ਪਦਮਸ਼੍ਰੀ ਨਾਲ ਸਨਮਾਨਿਤ ਅਭਿਨੇਤਰੀ ਕੰਗਣਾ ਦਾ ਕਹਿਣਾ ਹੈ ਕਿ ਮਹਾਤਮਾ ਗਾਂਧੀ ਨੇ ਕਦੇ ਵੀ ਭਗਤ ਸਿੰਘ ਜਾਂ ਸੁਭਾਸ਼ ਚੰਦਰ ਬੋਸ ਨੂੰ ਆਪਣਾ ਸਮਰਥਨ ਨਹੀਂ ਦਿੱਤਾ। ਇਸ ਦਾ ਸਬੂਤ ਹੈ ਕਿ ਗਾਂਧੀ ਜੀ ਇਹ ਚਾਹੁੰਦੇ ਸਨ ਕਿ ਭਗਤ ਸਿੰਘ ਨੂੰ ਫਾਂਸੀ ‘ਤੇ ਲਟਕਾਇਆ ਜਾਵੇ, ਹੁਣ ਤੁਹਾਨੂੰ ਇਹ ਚੁਣਨ ਦੀ ਲੋੜ ਹੈ ਕਿ ਕਿਸ ਦਾ ਸਮਰਥਨ ਕੀਤਾ ਜਾਵੇ। ਕੰਗਣਾ ਨੇ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਹੈ ਕਿ ਭਾਰਤ ਨੂੰ ਆਜ਼ਾਦੀ 2014 ਵਿਚ ਹਾਸਲ ਹੋਈ ਹੈ ਜਦੋਂ ਤੋਂ ਮੋਦੀ ਸਰਕਾਰ ਸੱਤਾ ‘ਚ ਆਈ ਹੈ। 1947 ਵਿਚ ਜੋ ਆਜ਼ਾਦੀ ਮਿਲੀ ਸੀ ਉਹ ਤਾਂ ਭੀਖ ਸੀ। ਇਸ ਬਿਆਨ ਨੂੰ ਲੈ ਕੇ ਕੰਗਣਾ ਦੀ ਕਾਫੀ ਆਲੋਚਨਾ ਹੋ ਰਹੀ ਹੈ।