ਦੂਰਸੰਚਾਰ ਸੇਵਾ ਪ੍ਰਦਾਤਾ ਕੰਪਨੀ ਭਾਰਤੀ ਏਅਰਟੈੱਲ ਨੇ ਪ੍ਰੀਪੇਡ ਪਲਾਨ ਦੀਆਂ ਟੈਰਿਫ ਦਰਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਕੰਪਨੀ ਨੇ ਇਨ੍ਹਾਂ ‘ਚ 25 ਫੀਸਦੀ ਤੱਕ ਦਾ ਵਾਧਾ ਕੀਤਾ ਹੈ। ਨਵੀਆਂ ਦਰਾਂ 26 ਨਵੰਬਰ ਤੋਂ ਲਾਗੂ ਹੋਣਗੀਆਂ। ਏਅਰਟੈੱਲ ਤੋਂ ਬਾਅਦ ਹੁਣ ਹੋਰ ਟੈਲੀਕਾਮ ਕੰਪਨੀਆਂ ਵੀ ਟੈਰਿਫ ਵਧਾ ਸਕਦੀਆਂ ਹਨ। ਕੰਪਨੀ ਨੇ ਦੱਸਿਆ ਕਿ ਉਸਦਾ 79 ਰੁਪਏ ਦਾ ਬੇਸ ਪਲਾਨ ਹੁਣ 99 ਰੁਪਏ ਦਾ ਹੋ ਗਿਆ ਹੈ। ਇਸ ‘ਚ 50 ਫੀਸਦੀ ਜ਼ਿਆਦਾ ਟਾਕਟਾਈਮ ਮਿਲੇਗਾ। ਇਸੇ ਤਰ੍ਹਾਂ 149 ਰੁਪਏ ਵਾਲਾ ਪਲਾਨ ਹੁਣ 179 ਰੁਪਏ ਵਿੱਚ ਮਿਲੇਗਾ। ਇਸ ‘ਚ 28 ਦਿਨਾਂ ਦੀ ਵੈਧਤਾ ਦੇ ਨਾਲ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ ਕੁੱਲ 2 ਜੀਬੀ ਡਾਟਾ ਮਿਲੇਗਾ। ਇਸੇ ਤਰ੍ਹਾਂ 219 ਰੁਪਏ ਵਾਲਾ ਪਲਾਨ ਹੁਣ 265 ਰੁਪਏ ਦਾ ਹੋ ਗਿਆ ਹੈ। ਇਸ ‘ਚ 28 ਦਿਨਾਂ ਦੀ ਵੈਧਤਾ ਦੇ ਨਾਲ ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ 1 ਜੀਬੀ ਡਾਟਾ ਮਿਲੇਗਾ।
ਏਅਰਟੈੱਲ ਬੇਸ ਪਲਾਨ ਜਿੱਥੇ 20 ਰੁਪਏ ਮਹਿੰਗਾ ਹੋਇਆ ਹੈ, ਉੱਥੇ ਸਭ ਤੋਂ ਮਹਿੰਗੇ ਪਲਾਨ ‘ਚ 501 ਰੁਪਏ ਦਾ ਵਾਧਾ ਹੋਇਆ ਹੈ। ਕੰਪਨੀ ਦਾ ਹੁਣ ਤੱਕ ਦਾ ਸਭ ਤੋਂ ਮਹਿੰਗਾ ਪਲਾਨ 2498 ਰੁਪਏ ਦਾ ਸੀ, ਜੋ ਹੁਣ 2999 ਰੁਪਏ ਦਾ ਹੋ ਗਿਆ ਹੈ। ਇਸ ‘ਚ ਅਨਲਿਮਟਿਡ ਕਾਲਿੰਗ, ਰੋਜ਼ਾਨਾ 100 ਐੱਸ.ਐੱਮ.ਐੱਸ. ਅਤੇ 2 ਜੀਬੀ ਡਾਟਾ ਇਕ ਸਾਲ ਲਈ ਮਿਲਦਾ ਹੈ। ਇਸ ਵਾਧੇ ਤੋਂ ਬਾਅਦ ਏਅਰਟੈੱਲ ਦੇ ਪ੍ਰੀਪੇਡ ਪਲਾਨ ਰਿਲਾਇੰਸ ਜੀਓ ਦੇ ਮੁਕਾਬਲੇ 30 ਤੋਂ 50 ਫੀਸਦੀ ਮਹਿੰਗੇ ਹੋ ਗਏ ਹਨ। ਜੀਓ ਦੇ 2 ਜੀਬੀ ਅਤੇ 28 ਦਿਨਾਂ ਦੀ ਵੈਧਤਾ ਵਾਲੇ ਪਲਾਨ ਦੀ ਕੀਮਤ 129 ਰੁਪਏ ਹੈ, ਜਦਕਿ ਏਅਰਟੈੱਲ ਦੇ ਪਲਾਨ ਦੀ ਕੀਮਤ 179 ਰੁਪਏ ਹੈ। ਇਸੇ ਤਰ੍ਹਾਂ, ਜੀਓ ਦਾ 1.5 ਜੀਬੀ ਪ੍ਰਤੀ ਦਿਨ ਵਾਲਾ 84 ਦਿਨਾਂ ਦੀ ਵੈਧਤਾ ਵਾਲਾ ਪਲਾਨ 555 ਰੁਪਏ ਹੈ, ਜਦੋਂ ਕਿ ਏਅਰਟੈੱਲ ਗਾਹਕਾਂ ਨੂੰ ਇਸਦੇ ਲਈ 719 ਰੁਪਏ ਦਾ ਭੁਗਤਾਨ ਕਰਨਾ ਹੋਵੇਗਾ।
ਏਅਰਟੈੱਲ ਨੇ ਇੱਕ ਬਿਆਨ ਵਿੱਚ ਕਿਹਾ ਕਿ ARPU 200 ਰੁਪਏ ਹੋਣਾ ਚਾਹੀਦਾ ਹੈ ਅਤੇ ਫਿਰ ਇਸਨੂੰ ਵਧਾ ਕੇ 300 ਰੁਪਏ ਕਰਨਾ ਚਾਹੀਦਾ ਹੈ। ਤਾਂ ਜੋ ਕੰਪਨੀਆਂ ਨੂੰ ਨਿਵੇਸ਼ ਕੀਤੀ ਪੂੰਜੀ ‘ਤੇ ਵਾਜਬ ਰਿਟਰਨ ਮਿਲ ਸਕੇ। ਕੰਪਨੀ ਦੀ ਦਲੀਲ ਹੈ ਕਿ ਇਹ ਇੱਕ ਹੈਲਥੀ ਕਾਰੋਬਾਰੀ ਮਾਡਲ ਲਈ ਜ਼ਰੂਰੀ ਹੈ। ਕੰਪਨੀ ਨੇ ਇਹ ਵੀ ਕਿਹਾ ਕਿ ਏਆਰਪੀਯੂ ਦੇ ਇਸ ਪੱਧਰ ‘ਤੇ ਆਉਣ ਨਾਲ ਨੈੱਟਵਰਕ ਅਤੇ ਸਪੈਕਟ੍ਰਮ ਲਈ ਲੋੜੀਂਦਾ ਨਿਵੇਸ਼ ਉਪਲਬਧ ਹੋਵੇਗਾ। ਇਸ ਦੇ ਨਾਲ ਹੀ ਕੰਪਨੀ ਦੇਸ਼ ‘ਚ 5ਜੀ ਸੇਵਾ ਸ਼ੁਰੂ ਕਰਨ ਲਈ ਸਰੋਤ ਹਾਸਲ ਕਰ ਸਕੇਗੀ। ਇਸ ਲਈ ਕੰਪਨੀ ਨੇ ਨਵੰਬਰ ‘ਚ ਟੈਰਿਫ ਵਧਾਉਣ ਦਾ ਫੈਸਲਾ ਕੀਤਾ ਹੈ। ਏਅਰਟੈੱਲ ਤੋਂ ਬਾਅਦ ਹੋਰ ਕੰਪਨੀਆਂ ਵੀ ਟੈਰਿਫ ਦਰਾਂ ‘ਚ ਬਦਲਾਅ ਕਰ ਸਕਦੀਆਂ ਹਨ। ਖਾਸ ਤੌਰ ‘ਤੇ ਭਾਰੀ ਕਰਜ਼ੇ ਨਾਲ ਜੂਝ ਰਹੀ ਵੋਡਾਫੋਨ ਆਈਡੀਆ ਆਪਣੀਆਂ ਪ੍ਰੀਪੇਡ ਦਰਾਂ ਮਹਿੰਗੀਆਂ ਕਰ ਸਕਦੀ ਹੈ। ਹਾਲਾਂਕਿ, ਕੰਪਨੀਆਂ ਆਪਣੇ ਟੈਰਿਫ ਵਧਾਉਣ ਦੇ ਨਾਲ, ਫੋਕਸ ਇੱਕ ਵਾਰ ਫਿਰ ਸੇਵਾਵਾਂ ਦੀ ਗੁਣਵੱਤਾ ਵੱਲ ਬਦਲ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: