ਪੰਜਾਬ ਵਿੱਚ ਕਾਂਗਰਸ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ, ਜਿਸ ਲਈ ਵੱਡੇ-ਵੱਡੇ ਐਲਾਨ ਕੀਤੇ ਜਾ ਰਹੇ ਹਨ, ਦੂਜੇ ਪਾਸੇ ਕਾਂਗਰਸੀ ਆਗੂ ਮਨੀਸ਼ ਤਿਵਾੜੀ ਨੇ ਇੱਕ ਵਾਰ ਫਿਰ ਆਪਣੀ ਹੀ ਪਾਰਟੀ ਹਮਲਾ ਬੋਲਿਆ। 26/11 ਨੂੰ ਹੋਏ ਮੁੰਬਈ ਹਮਲੇ ‘ਤੇ ਪਾਕਿਸਤਾਨ ‘ਤੇ ਕਾਰਵਾਈ ਨਾ ਕਰਨ ‘ਤੇ ਮਨਮੋਹਨ ਸਰਕਾਰ ਨੂੰ ਘੇਰਿਆ।
ਆਪਣੀ ਕਿਤਾਬ ‘ਚ ਹਮਲੇ ਪਿੱਛੋਂ ਕੋਈ ਕਾਰਵਾਈ ਨਾ ਕਰਨ ‘ਤੇ ਮਨਮੋਹਨ ਸਿੰਘ ਸਰਕਾਰ ਨੂੰ ਨਿੰਦਿਆ। ਮਨੀਸ਼ ਤਿਵਾੜੀ ਨੇ ਆਪਣੀ ਕਿਤਾਬ ‘ਚ ਲਿਖਿਆ ਹੈ ਕਿ ਮੁੰਬਈ ਹਮਲੇ ਤੋਂ ਬਾਅਦ ਭਾਰਤ ਨੂੰ ਪਾਕਿਸਤਾਨ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਸੀ। ਉਨ੍ਹਾਂ ਇਹ ਵੀ ਲਿਖਿਆ ਕਿ ਕਾਰਵਾਈ ਨਾ ਕਰਨਾ ਕਮਜ਼ੋਰੀ ਦੀ ਨਿਸ਼ਾਨੀ ਹੈ।
ਮਨੀਸ਼ ਤਿਵਾੜੀ ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਜਦੋਂ ਕਿਸੇ ਦੇਸ਼ (ਪਾਕਿਸਤਾਨ) ਨੂੰ ਬੇਕਸੂਰੇ ਲੋਕਾਂ ਦੇ ਕਤਲ ਦਾ ਕੋਈ ਪਛਤਾਵਾ ਨਹੀਂ ਹੁੰਦਾ ਤਾਂ ਸੰਜਮ ਤਾਕਤ ਦੀ ਨਿਸ਼ਾਨੀ ਨਹੀਂ, ਕਮਜ਼ੋਰੀ ਦੀ ਨਿਸ਼ਾਨੀ ਹੁੰਦੀ ਹੈ। 26/11 ਉਹ ਸਮਾਂ ਸੀ ਜਦੋਂ ਬਦਲਾ ਲਫ਼ਜ਼ਾਂ ਨਾਲੋਂ ਵੱਧ ਦਿਖਾਉਣਾ ਚਾਹੀਦਾ ਸੀ। ਉਨ੍ਹਾਂ ਨੇ ਮੁੰਬਈ ਹਮਲੇ ਦੀ ਤੁਲਨਾ ਅਮਰੀਕਾ ਵਿਚ ਹੋਏ 9/11 ਨਾਲ ਕਰਦੇ ਹੋਏ ਕਿਹਾ ਕਿ ਭਾਰਤ ਨੂੰ ਉਸ ਸਮੇਂ ਤੁਰੰਤ ਜਵਾਬੀ ਕਾਰਵਾਈ ਕਰਨੀ ਚਾਹੀਦੀ ਸੀ।
ਇਹ ਵੀ ਪੜ੍ਹੋ : BJP ਨੇ ਖੇਤੀ ਕਾਨੂੰਨਾਂ ਦੀ ਵਾਪਸੀ ਦੇ ਨਾਲ ਹੀ ਸ਼ੁਰੂ ਕੀਤਾ ਮਿਸ਼ਨ ਪੰਜਾਬ, ਚੰਡੀਗੜ੍ਹ ਸੱਦੀ ਬੈਠਕ
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤਿਵਾੜੀ ਨੇ ਆਪਣੀ ਹੀ ਪਾਰਟੀ ਨੂੰ ਘੇਰਿਆ ਹੈ। ਇਸ ਤੋਂ ਪਹਿਲਾਂ ਪੰਜਾਬ ਵਿੱਚ ਸਿਆਸੀ ਅਸਥਿਰਤਾ ਬਾਰੇ ਉਨ੍ਹਾਂ ਕਿਹਾ ਸੀ ਕਿ ਜਿਨ੍ਹਾਂ ਨੂੰ ਪੰਜਾਬ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਨ੍ਹਾਂ ਨੂੰ ਇਸ ਦੀ ਸਮਝ ਨਹੀਂ ਹੈ। ਇਸ ਤੋਂ ਇਲਾਵਾ ਘਨ੍ਹਈਆ ਕੁਮਾਰ ਦੇ ਕਾਂਗਰਸ ‘ਚ ਐਂਟਰੀ ‘ਤੇ ਵੀ ਸਵਾਲ ਚੁੱਕੇ ਗਏ। ਤਿਵਾੜੀ ਵੱਲੋਂ ਆਪਣੀ ਹੀ ਪਾਰਟੀ ‘ਤੇ ਅਜਿਹੇ ਹਮਲਿਆਂ ਦਾ ਨੁਕਸਾਨ ਪੰਜਾਬ ਵਿੱਚ ਵੀ ਕਾਂਗਰਸ ਨੂੰ ਝੱਲਣਾ ਪੈ ਸਕਦਾ ਹੈ।
ਦੱਸ ਦੇਈਏ ਕਿ 26 ਨਵੰਬਰ 2008 ਦੀ ਸ਼ਾਮ ਨੂੰ ਪਾਕਿਸਤਾਨ ਦੇ 10 ਅੱਤਵਾਦੀ ਭਾਰਤ ਵਿੱਚ ਦਾਖ਼ਲ ਹੋਏ ਸਨ। ਅੱਤਵਾਦੀਆਂ ਨੇ ਵੱਖ-ਵੱਖ ਥਾਵਾਂ ‘ਤੇ ਗੋਲੀਬਾਰੀ ਕੀਤੀ ਸੀ। ਅੱਤਵਾਦੀਆਂ ਨੇ ਰੇਲਵੇ ਸਟੇਸ਼ਨ, ਹੋਟਲ, ਬਾਰ, ਤਾਜ ਹੋਟਲ, ਓਬਰਾਏ ਹੋਟਲ ਵਰਗੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਸੀ। 26 ਨਵੰਬਰ ਦੀ ਰਾਤ 9:43 ਵਜੇ ਸ਼ੁਰੂ ਹੋਇਆ ਦਹਿਸ਼ਤ ਦਾ ਤਾਂਡਵ 29 ਨਵੰਬਰ ਦੀ ਸਵੇਰ 7 ਵਜੇ ਖਤਮ ਹੋਇਆ ਸੀ। ਇਨ੍ਹਾਂ ਹਮਲਿਆਂ ਵਿਚ 166 ਲੋਕ ਮਾਰੇ ਗਏ ਸਨ। ਮੁਕਾਬਲੇ ‘ਚ 9 ਅੱਤਵਾਦੀ ਮਾਰੇ ਗਏ।