ਖਰੜ-ਲੁਧਿਆਣਾ ਮਾਰਗ ‘ਤੇ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਦੇ ਸਾਹਮਣੇ ਇੱਕ ਵੱਡਾ ਹਾਦਸਾ ਵਾਪਰਿਆ, ਖਰੜ ਸਾਈਡ ਤੋਂ ਆਉਂਦੀ ਤੇਜ਼ ਰਫ਼ਤਾਰ ਬੇਕਾਬੂ ਕਾਰ ਡਿਵਾਈਡਰ ਨਾਲ ਜਾ ਟਕਰਾਈ ਅਤੇ ਡਿਵਾਈਡਰ ‘ਤੇ ਖੜ੍ਹੇ ਵਿਅਕਤੀਆਂ ਨੂੰ ਕੁਚਲਦੀ ਹੋਈ 10-12 ਪਲਟੀਆਂ ਖਾ ਉੱਥੇ ਬਣੇ ਪੁਲ ਦੇ ਨਾਲ ਜਾ ਟਕਰਾਈ।
ਇਸ ਹਾਦਸੇ ਵਿਚ 3 ਵਿਅਕਤੀਆਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂਕਿ ਇੱਕ ਵਿਅਕਤੀ ਨੇ ਚੰਡੀਗੜ੍ਹ ਦੇ ਹਸਪਤਾਲ ਵਿੱਚ ਪਹੁੰਚਦਿਆਂ ਹੀ ਦਮ ਤੋੜ ਦਿੱਤਾ ਅਤੇ 2 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ।
ਮੌਕੇ ਤੋਂ ਮਿਲੀ ਜਾਣਕਾਰੀ ਮੁਤਾਬਕ ਘਟਨਾ ਕਰੀਬ ਢਾਈ ਵਜੇ ਦੀ ਹੈ, ਜਦੋਂ ਇੱਕ ਲੁਧਿਆਣਾ ਦੇ ਨੰਬਰ ਵਾਲੀ ਕਾਲੇ ਰੰਗ ਦੀ ਕਾਰ ਤੇਜ਼ ਰਫਤਾਰ ਨਾਲ ਖਰੜ ਸਾਈਡ ਤੋਂ ਆ ਰਹੀ ਸੀ। ਜਦੋਂ ਉਕਤ ਕਾਰ ਯੂਨੀਵਰਸਿਟੀ ਦੇ ਗੇਟ ਅੱਗੇ ਪਹੁੰਚੀ ਤਾਂ ਅਚਾਨਕ ਬੇਕਾਬੂ ਹੋ ਹੋ ਗਈ ਤੇ ਡਿਵਾਈਡਰ ਨਾਲ ਜਾ ਟਕਰਾਈ। ਕਾਰ ਡਿਵਾਈਡਰ ‘ਤੇ ਖੜ੍ਹੇ ਬੰਦਿਆਂ ਨੂੰ ਕੁਚਲਦੀ ਹੋਈ, ਉਥੇ ਲੱਗੇ ਇੱਕ ਬਿਜਲੀ ਦੇ ਪੋਲ ਨੂੰ ਤੋੜਦੀ ਹੋਈ ਦੱਸ-ਬਾਰ੍ਹਾਂ ਪਲਟੀਆਂ ਖਾਣ ਤੋਂ ਬਾਅਦ ਸੜਕ ਪਾਰ ਕਰਨ ਲਈ ਬਣੇ ਲੋਹੇ ਦੇ ਪੁਲ ਵਿਚ ਤਕਰੀਬਨ ਦੱਸ ਫੁੱਟ ਉੱਪਰ ਜਾ ਟਕਰਾਈ। ਇਸ ਤੋਂ ਬਾਅਦ ਮੌਕੇ ‘ਤੇ ਕਾਫੀ ਭੱਜ-ਦੌੜ ਤੇ ਸਹਿਮ ਵਾਲਾ ਮਾਹੌਲ ਬਣ ਗਿਆ।
ਇਸ ਬਾਰੇ ਮੌਕੇ ‘ਤੇ ਖੜ੍ਹੇ ਇੱਕ ਆਟੋ ਚਾਲਕ ਨੇ ਦੱਸਿਆ ਕਿ ਉਨ੍ਹਾਂ ਦੇ ਸਟੈਂਡ ਵਿੱਚ ਹੀ ਸਾਥੀ ਆਟੋ ਚਾਲਕ ਸੁਰਿੰਦਰ ਸਿੰਘ ਛਿੰਦਾ ਪੁੱਤਰ ਗੁਰਦੀਪ ਸਿੰਘ ਤੇ ਜਮੀਲ ਖ਼ਾਨ ਉਰਫ਼ ਲਾਲੀ ਦੋਵੇਂ ਵਾਸੀ ਪਿੰਡ ਘੜੂੰਆਂ ਚਾਹ ਪੀਣ ਲਈ ਸੜਕ ਪਾਰ ਕਰਕੇ ਦੂਜੀ ਸਾਈਡ ਗਏ ਸਨ। ਵਾਪਸ ਆਪਣੇ ਆਟੋ ਰਿਕਸ਼ਾ ਕੋਲ ਆਉਣ ਲਈ ਦੋਵੇਂ ਸੜਕ ਪਾਰ ਕਰਨ ਲਈ ਡਿਵਾਈਡਰ ‘ਤੇ ਖੜ੍ਹੇ ਸਨ ਕਿ ਉਨ੍ਹਾਂ ਵਿਚ ਇਹ ਤੇਜ਼ ਰਫਤਾਰ ਕਾਰ ਟਕਰਾ ਗਈ ਤੇ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਵੀਡੀਓ ਲਈ ਕਲਿੱਕ ਕਰੋ -:
Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet
ਉਨ੍ਹਾਂ ਦੱਸਿਆ ਕਿ ਉਕਤ ਦੋਵੇਂ ਆਟੋ ਵਾਲੇ ਵਿਆਹੇ ਹੋਏ ਸਨ ਅਤੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਉਨ੍ਹਾਂ ਦੇ ਸਿਰ ‘ਤੇ ਹੀ ਚੱਲਦਾ ਸੀ। ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਕਾਰ ਦੇਖੀ ਤਾਂ ਕਾਰ ਵਿੱਚ ਸਵਾਰ ਵਿਅਕਤੀਆਂ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਕਾਰ ਵਿੱਚ ਵੀ ਸ਼ਰਾਬ ਦੀਆਂ ਬੋਤਲਾਂ ਪਈਆਂ ਸਨ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਘਡ਼ੂੰਆਂ ਦੀ ਪੁਲਿਸ ਮੌਕੇ ‘ਤੇ ਪਹੁੰਚੀ। ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕਾਰ ਚਾਲਕ ਸੰਜੀਤ ਕੁਮਾਰ ,ਵਿਕਰਮਜੀਤ ਰਾਹੁਲ ਯਾਦਵ, ਅੰਕੁਸ਼ ਵੀ ਜ਼ਖ਼ਮੀ ਹੋਏ ਹਨ। ਇਨ੍ਹਾਂ ਵਿਚੋਂ ਸੰਜੀਤ ਕੁਮਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਵਿਕਰਮਜੀਤ ਜਿਸ ਨੂੰ ਖਰੜ ਸਿਵਲ ਹਸਪਤਾਲ ਤੋਂ ਸੈਕਟਰ-16 ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਸੀ, ਦੀ ਉਥੇ ਪਹੁੰਚਣ ਤੇ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ : 15 ਦਸੰਬਰ ਤੋਂ ਵਿਦੇਸ਼ ਜਾਣ ਦੀ ਸੋਚ ਰਹੇ ਲੋਕਾਂ ਨੂੰ ਲੱਗ ਸਕਦੈ ਝਟਕਾ, ਸਰਕਾਰ ਉਡਾਣਾਂ ‘ਤੇ ਦੁਬਾਰਾ ਲਾਵੇਗੀ ਬੈਨ!
ਖਬਰ ਲਿਖੇ ਜਾਣ ਤੱਕ ਮ੍ਰਿਤਕ ਸੁਰਿੰਦਰ ਸਿੰਘ, ਜਮੀਲ ਖ਼ਾਨ ਅਤੇ ਸੁੰਜੀਤ ਕੁਮਾਰ ਦੀਆਂ ਲਾਸ਼ਾਂ ਸਿਵਲ ਹਸਪਤਾਲ ਖਰੜ ਦੀ ਮੌਰਚਰੀ ਵਿਚ ਰੱਖਵਾ ਦਿੱਤੀਆਂ ਗਈਆਂ ਹਨ ਅਤੇ ਵਿਕਰਮਜੀਤ ਦੀ ਲਾਸ਼ ਸੈਕਟਰ-16 ਦੇ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤੀ ਗਈ ਸੀ। ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।